Live Telecast from Sachkhand Sri Harmandir Sahib :  ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣੇ ਯੂਟਿਊਬ ਚੈਨਲ ਤੋਂ ਗੁਰਬਾਣੀ ਦਾ ਪਹਿਲਾ ਲਾਈਵ ਪ੍ਰਸਾਰਣ ਕੀਤਾ ਹੈ। ਅੱਜ ਸਵੇਰੇ 3:30 ਵਜੇ ਗੁਰਬਾਣੀ ਦਾ ਪ੍ਰਸਾਰਣ ਸ਼੍ਰੋਮਣੀ ਕਮੇਟੀ ਦੇ ਚੈਨਲ SGPC ਸ੍ਰੀ ਅੰਮ੍ਰਿਤਸਰ ਤੋਂ ਕੀਤਾ ਗਿਆ। ਜਿਸ ਨੂੰ ਕਾਫ਼ੀ ਵੱਡਾ ਹੁੰਗਾਰਾ ਮਿਲਿਆ। ਲੱਖਾਂ ਦੀ ਗਿਣਤੀ ਵਿੱਚ ਲੋਕਾਂ ਨੇ ਸ਼੍ਰੋਮਣੀ ਕਮੇਟੀ ਦੇ ਚੈਨਲ 'ਤੇ ਗੁਰਬਾਣੀ ਦਾ ਪ੍ਰਸਾਰਣ ਦੇਖਿਆ ਹੈ। ਇਸ ਮੁੱਦੇ 'ਤੇ ਹੁਣ ਆਮ ਆਦਮੀ ਪਾਰਟੀ ਨੇ ਵੱਡੇ ਸਵਾਲ ਖੜ੍ਹੇ ਕਰ ਦਿੱਤੇ ਹਨ। 



'ਆਪ' ਪੰਜਾਬ ਦੇ ਬੁਲਾਰੇ ਮਾਲਵਿੰਦਰ ਸਿੰਘ ਕੰਗ ਨੇ ਟਵੀਟ ਕਰਦੇ ਹੋਏ ਕਿਹਾ ਕਿ - ''ਸ਼੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਪ੍ਰਸਾਰਣ ਕਰਨ ਲਈ @SGPCAmritsar  ਵਲੋਂ ਆਪਣਾ ਇੱਕ ਯੂ ਟਿਊਬ ਚੈਨਲ ਚਲਾਉਣਾ,ਇੱਕ ਸ਼ਲਾਘਾ ਯੋਗ ਕਦਮ ਹੈ ਪ੍ਰੰਤੂ ਇਹ ਗੱਲ ਸਮਝ ਤੋਂ ਪਰੇ ਹੈ ਕਿ PTC Punjabi ਯੂ ਟਿਊਬ ਉੱਤੇ ਵੀ ਪਾਵਨ ਗੁਰਬਾਣੀ ਦਾ ਲਾਈਵ ਟੈਲੀਕਾਸਟ ਕਿਸ ਅਧਿਕਾਰ ਤਹਿਤ ਕਰ ਰਿਹਾ ਹੈ?


ਸਵਾਲ ਇਹ ਹੈ ਕਿ ਜੇ PTC Punjabi ਯੂ ਟਿਊਬ ਉੱਤੇ ਲਾਈਵ ਟੈਲੀਕਾਸਟ ਕਰ ਸਕਦਾ ਹੈ ਤਾਂ ਬਾਕੀ ਚੈਨਲ ਕਿਉਂ ਨਹੀਂ ਕਰ ਸਕਦੇ?


PTC Punjabi ਦੇ ਯੂ ਟਿਊਬ ਪਲੇਟਫਾਰਮ ਉੱਤੇ ਜੋਂ  Ads ਦਿਖਾਈਆਂ ਜਾ ਰਹੀਆਂ ਹਨ ਕੀ ਇਹ  ਮਰਿਆਦਾ ਦਾ ਉਲੰਘਣ ਨਹੀਂ ਹੈ? ''




ਦਰਅਸਲ ਗੁਰਬਾਣੀ ਪ੍ਰਸਾਰਣ 'ਤੇ ਵਿਵਾਦ ਇਸ ਗੱਲ ਦਾ ਹੈ ਕਿ ਪੰਜਾਬ ਸਰਕਾਰ ਖਾਸ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਮੁੱਦਾ ਚੁੱਕ ਰਹੇ ਹਨ ਕਿ ਇੱਕ ਨਿੱਜੀ ਚੈਨਲ ਨੂੰ ਹੀ ਕਿਉਂ ਗੁਰਬਾਣੀ ਦੇ ਪ੍ਰਸਾਰਣ ਦੇ ਅਧਿਕਾਰ ਦਿੱਤੇ ਗਏ ਹਨ। 


ਇਸ ਸਬੰਧੀ ਪੰਜਾਬ ਸਰਕਾਰ ਨੇ 20 ਜੂਨ ਨੂੰ ਵਿਧਾਨ ਸਭਾ ਵਿੱਚ ਸਿੱਖ ਗੁਰਦੁਆਰਾ ਐਕਟ 1925 ਵਿੱਚ ਸੋਧ ਕਰਕੇ ਧਾਰਾ 125 ਏ ਜੋੜ ਦਿੱਤੀ ਸੀ। ਜਿਸ ਮੁਤਾਬਕ ਸ੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਦਾ ਪ੍ਰਸਾਰਣ ਹਰ ਕੋਈ ਚੈਨਲ ਕਰ ਸਕਦਾ ਹੈ। ਇਸ ਦੀ ਫੀਡ ਸ਼੍ਰੋਮਣੀ ਕਮੇਟੀ ਹੀ ਸਾਰਿਆਂ ਚੈਨਲਾਂ ਨੂੰ ਸ਼ਰਤਾਂ ਨਾਲ ਮੁਹੱਈਆਂ ਕਰਵਾਏਗੀ।


ਇਸ ਦੇ ਉਲਟ SGPC ਨੇ ਆਪਣਾ ਵੱਖਰਾ ਯੂਟਿਊਬ ਚੈਨਲ ਬਣਾਉਣ ਦਾ ਐਲਾਨ ਕਰ ਦਿੱਤਾ ਸੀ। ਤੇ ਅੱਜ ਉਸ ਚੈਨਲ 'ਤੇ ਗੁਰਬਾਣੀ ਦਾ ਪ੍ਰਸਾਰਣ ਵੀ ਕੀਤਾ ਗਿਆ ਅਤੇ ਨਾਲ ਦੀ ਨਾਲ ਇੱਕ ਨਿੱਜੀ ਚੈਨਲ ਨੇ ਵੀ ਉਸੇ ਸਮੇਂ ਗੁਰਬਾਣੀ ਨੂੰ ਆਪਣੇ ਯੂਟਿਉਬ ਚੈਨਲ 'ਤੇ ਦਿਖਾਇਆ ਸੀ। ਇਸ 'ਤੇ ਪੰਜਾਬ ਦੀ ਆਮ ਆਦਮੀ ਪਾਰਟੀ ਨੇ ਸਵਾਲ ਖੜ੍ਹੇ ਕੀਤੇ ਹਨ ਕਿ ਜਦੋਂ ਸ਼੍ਰੋਮਣੀ ਕਮੇਟੀ ਨੇ ਸਾਰੇ ਅਧਿਕਾਰ ਆਪਣੇ ਕੋਲ ਰੱਖੇ ਹਨ ਤਾਂ ਫਿਰ ਇੱਕ ਨਿੱਜੀ ਚੈਨਲ ਲਾਈਵ ਕਿਵੇਂ ਕਰ ਸਕਦਾ ਹੈ।


ਹਲਾਂਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਸ਼੍ਰੋਮਣੀ ਕਮੇਟੀ ਨੂੰ ਕਿਹਾ ਸੀ ਕਿ ਜਦੋਂ ਤੱਕ SGPC ਆਪਣਾ ਟੀਵੀ ਚੈਨਲ ਨਹੀਂ ਲਿਆਂਦੀ ਉਦੋਂ ਤੱਕ ਸੰਗਤਾਂ ਦੀ ਮੰਗ 'ਤੇ ਕਿਸੇ ਨਿੱਜੀ ਚੈਨਲ ਤੋਂ ਹੀ ਟੀਵੀ 'ਤੇ ਗੁਰਬਾਣੀ ਦਾ ਲਾਈਵ ਪ੍ਰਸਾਰਣ ਕਰਵਾਇਆ ਜਾਵੇ। ਜਿਸ ਤੋਂ ਬਾਅਦ ਸ਼੍ਰੋਮਣੀ ਕਮੇਟੀ ਨੇ ਟੀਵੀ 'ਤੇ ਪ੍ਰਸਾਰਣ ਲਈ ਪੀਟੀਸੀ ਚੈਨਲ ਨੂੰ ਕਿਹਾ ਸੀ।