Punjab News: ਆਮ ਆਦਮੀ ਪਾਰਟੀ ਦੇ ਇੰਚਾਰਜ ਮਨੀਸ਼ ਸਿਸੋਦੀਆ ਵੱਲੋਂ ਲੰਘੇ ਦਿਨੀਂ ਦਿੱਤੇ ਗਏ ਬਿਆਨ ਤੋਂ ਬਾਅਦ ਹੁਣ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਮਨ ਅਰੋੜਾ ਦਾ ਸਪੱਸ਼ਟੀਕਰਨ ਆਇਆ ਹੈ। ਸੋਮਵਾਰ ਨੂੰ ਮੀਡੀਆ ਦੇ ਮੁਖ਼ਾਤਬ ਹੁੰਦਿਆਂ ਅਮਨ ਅਰੋੜ ਨੇ ਕਿਹਾ ਕਿ ‘ਆਪ’ ਆਪਣੀ ਇਮਾਨਦਾਰੀ ’ਤੇ ਪੂਰੀ ਤਰ੍ਹਾਂ ਕਾਇਮ ਹੈ। ਸਾਡੀ ਪਾਰਟੀ ਸਿਰਫ਼ ਤੇ ਸਿਰਫ਼ ਆਪਣੇ ਕੰਮ ਦੇ ਆਧਾਰ ਉਤੇ ਹੀ ਲੋਕਾਂ ਤੋਂ ਵੋਟ ਮੰਗੇਗੀ।
ਦੱਸ ਦਈਏ ਕਿ ਪਾਰਟੀ ਦੇ ਸੀਨੀਅਰ ਲੀਡਰ ਮਨੀਸ਼ ਸ਼ਿਸ਼ੋਦੀਆ ਵੱਲੋਂ ਦਿੱਤੇ ਬਿਆਨਾਂ ਤੋਂ ਬਾਅਦ ਪੰਜਾਬ ਵਿੱਚ ਵਿਰੋਧੀ ਧਿਰਾਂ ਲਗਾਤਾਰ ਆਮ ਆਦਮੀ ਪਾਰਟੀ ਨੂੰ ਨਿਸ਼ਾਨਾ ਬਣਾ ਰਹੀਆਂ ਸਨ। ਇਸ ਤੋਂ ਬਾਅਦ ਆਖ਼ਰਕਾਰ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਤੇ ਕੈਬਨਿਟ ਮੰਤਰੀ ਅਮਨ ਅਰੋੜਾ ਖ਼ੁਦ ਮੀਡੀਆ ਅੱਗੇ ਆਏ ਤੇ ਸਪੱਸ਼ਟੀਕਰਨ ਦਿੱਤਾ। ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਮਨੀਸ਼ ਸਿਸੋਦੀਆ ਦੇ ਵਿਚਾਰ ਨਿੱਜੀ ਹਨ, ਪਾਰਟੀ ਦੀ ਅਧਿਕਾਰਤ ਲਾਈਨ ਨਹੀਂ। ਉਨ੍ਹਾਂ ਕਿਹਾ ਕਿ ‘ਆਪ’ ਆਪਣੀ ਇਮਾਨਦਾਰੀ ’ਤੇ ਪੂਰੀ ਤਰ੍ਹਾਂ ਕਾਇਮ ਹੈ।
ਇਸ ਤੋਂ ਬਾਅਦ ਹੁਣ ਕਾਂਗਰਸ ਦੇ ਵਿਧਾਇਕ ਪਰਗਟ ਸਿੰਘ ਨੇ ਸੋਸ਼ਲ ਮੀਡੀਆ ਉੱਤੇ ਲਿਖਿਆ, ਚੋਣਾਂ ਜਿੱਤਣ ਲਈ ਗੁੰਡਾਗਰਦੀ ਕਰਨ ਵਾਲਾ ਬਿਆਨ ਕਿਸੇ ਨਿੱਜੀ ਰਾਇ ਦਾ ਹਿੱਸਾ ਨਹੀਂ ਸੀ—ਇਹ ਆਮ ਆਦਮੀ ਪਾਰਟੀ ਦੇ 2027 ਦੀ ਰਣਨੀਤੀ ਸੰਬੰਧੀ ਤੈਅ ਪ੍ਰੋਗਰਾਮ ਵਿੱਚ ਦਿੱਤਾ ਗਿਆ ਸੀ, ਜਿੱਥੇ ਅਮਨ ਅਰੋੜਾ ਬਤੌਰ ਪੰਜਾਬ ਪ੍ਰਧਾਨ ਮੌਜੂਦ ਸਨ ਅਤੇ ਮਨੀਸ਼ ਸਿਸੋਦੀਆ ਬਤੌਰ ਪੰਜਾਬ ਇੰਚਾਰਜ ਸੰਬੋਧਨ ਕਰ ਰਹੇ ਸਨ। ਫਿਰ ਇਹ ਬਿਆਨ "ਨਿੱਜੀ ਰਾਇ" ਕਿਵੇਂ ਬਣ ਗਿਆ?
ਜ਼ਿਕਰ ਕਰ ਦਈਏ ਕਿ ਸਿਸੋਦੀਆ ਦੀ ਸਾਮ, ਦਾਮ, ਦੰਡ, ਭੇਦ ਵਾਲੀ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਵੀਡਿਓ ਨੇ ਪਾਰਟੀ ਤੇ ਸਰਕਾਰ ਲਈ ਕਸੂਤੀ ਸਥਿਤੀ ਪੈਦਾ ਕੀਤੀ ਹੋਈ ਸੀ। ਜਦਕਿ ਸਾਰੀਆਂ ਸਿਆਸੀ ਪਾਰਟੀਆਂ ਨੇ ਮਨੀਸ਼ ਸਿਸੋਦੀਆ ਅਤੇ ਆਪ ’ਤੇ ਹਮਲਾਵਰ ਰੁਖ਼ ਅਪਣਾਇਆ ਹੋਇਆ ਹੈ।
ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਚੋਣ ਕਮਿਸ਼ਨ ਨੂੰ ਚਿੱਠੀ ਲਿਖਕੇ ਜਨ ਪ੍ਰਤੀਨਿਧੀ ਐਕਟ ਦੇ ਤਹਿਤ ਪਾਰਟੀ ਦੀ ਮਾਨਤਾ ਰੱਦ ਕਰਨ ਅਤੇ ਸਿਸੋਦੀਆ ਖਿਲਾਫ਼ ਕੇਸ ਦਰਜ ਕਰਨ ਦੀ ਮੰਗ ਕੀਤੀ ਹੈ। ਜਾਖੜ ਤੇ ਬਾਦਲ ਨੇ ਚੋਣ ਕਮਿਸ਼ਨ ਨੂੰ ਭੇਜੀ ਸ਼ਿਕਾਇਤ ਵਿੱਚ ਖਦਸ਼ਾ ਪ੍ਰਗਟਾਇਆ ਹੈ ਕਿ ਆਪ ਸਰਕਾਰ ਚੋਣਾਂ ਦੌਰਾਨ ਹਿੰਸਕ ਕਾਰਵਾਈਆਂ ਕਰਵਾ ਸਕਦੀ ਹੈ। ਅਜਿਹੇ ਬਿਆਨ ਨਾਲ ਪੰਜਾਬ ਦਾ ਮਾਹੌਲ ਖਰਾਬ ਹੋ ਸਕਦਾ ਹੈ ਤੇ ਭਾਈਚਾਰਕ ਸਾਂਝ ਟੁੱਟ ਸਕਦੀ ਹੈ।