ਚੰਡੀਗੜ੍ਹ: ਮਾਰਕਫੈੱਡ ਦੇ ਚੇਅਰਮੈਨ ਵਜੋਂ ਆਮ ਆਦਮੀ ਪਾਰਟੀ ਦੇ ਸੂਬਾ ਸੱਕਤਰ ਅਮਨਦੀਪ ਸਿੰਘ ਮੋਹੀ ਨੇ ਆਪਣਾ ਅਹੁਦਾ ਸੰਭਾਲ ਲਿਆ ਹੈ। ਇਸ ਮੌਕੇ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ, ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ, ਸਿਹਤ ਮੰਤਰੀ ਚੇਤਨ ਸਿੰਘ, ਜੋੜਾਮਾਜਰਾ ਵਿਸ਼ੇਸ਼ ਤੌਰ ‘ਤੇ ਹਾਜ਼ਰ ਰਹੇ।
ਇਸਦੇ ਨਾਲ ਹੀ ਸਮੂਹ ਬੋਰਡ ਆਫ ਡਾਇਰੈਕਟਰਜ਼, ਵਾਇਸ ਚੇਅਰਮੈਨ, ਮਾਰਕਫੈੱਡ, ਸ਼੍ਰੀ ਰਾਮਵੀਰ, ਆਈ.ਏ.ਐਸ. ਪ੍ਰਬੰਧਕ ਨਿਰਦੇਸ਼ਕ, ਮਾਰਕਫੈੱਡ ਅਤੇ ਵਿਧਾਇਕ ਭੋਲਾ ਗਰੇਵਾਲ, ਵਿਧਾਇਕ ਮਦਨ ਲਾਲ ਬੱਗਾ, ਵਿਧਾਇਕਾ ਰਜਿੰਦਰਪਾਲ ਕੌਰ ਛੀਨਾ, ਵਿਧਾਇਕਾ ਸਰਵਜੀਤ ਕੌਰ ਮਾਣੂਕੇ, ਵਿਧਾਇਕ ਅਸ਼ੋਕ ਪੱਪੀ ਪਰਾਸ਼ਰ, ਵਿਧਾਇਕ ਗੁਰਪ੍ਰੀਤ ਗੋਗੀ, ਵਿਧਾਇਕ ਦਵਿੰਦਰਜੀਤ ਸਿੰਘ ਲਾਡੀਢੋਸ, ਵਿਧਾਇਕਾ ਨਰਿੰਦਰ ਕੌਰ ਭਰਾਜ ਅਤੇ ਇਸਦੇ ਨਾਲ ਭਾਰੀ ਗਿਣਤੀ ਵਿੱਚ ਉਨ੍ਹਾਂ ਦੇ ਸਮਰੱਥਕ ਉਨ੍ਹਾਂ ਦੇ ਦਫ਼ਤਰ ਉਨ੍ਹਾਂ ਨੂੰ ਵਧਾਈਆਂ ਦੇਣ ਲਈ ਪਹੁੰਚੇ। ਵਰਕਰਾਂ ਦੇ ਵਿੱਚ ਇੱਕ ਖੁਸ਼ੀ ਦੀ ਲਹਿਰ ਹੈ ਕਿਉਂਕਿ ਵਰਕਰਾਂ ਦਾ ਕਹਿਣਾ ਹੈ ਕਿ ਅਮਨਦੀਪ ਮੋਹੀ ਜ਼ਮੀਨ ਅਤੇ ਕਿਸਾਨੀ ਨਾਲ ਜੁੜਿਆ ਹੋਇਆ ਆਗੂ ਹੈ, ਜਿਸਨੇ ਹਮੇਸ਼ਾ ਲੋਕ ਸੇਵਾ ਨੂੰ ਅਹਿਮ ਮੰਨਿਆ ਹੈ।
ਇਸ ਮੌਕੇ ਅਮਨਦੀਪ ਮੋਹੀ ਨੇ ਗੱਲਬਾਤ ਕਰਦਿਆਂ ਕਿਹਾ ਕਿ, ਮੈਂ ਇਸ ਜਿੰਮੇਵਾਰੀ ਲਈ ਪਾਰਟੀ ਲੀਡਰਸ਼ਿਪ ਅਤੇ ਮਾਣਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਮੈਨੂੰ ਇਸ ਵੱਡੀ ਜਿੰਮੇਵਾਰੀ ਦੇ ਕਾਬਿਲ ਸਮਝਿਆ ਹੈ। ਇਹ ਮਹਿਜ਼ ਇੱਕ ਵੱਡੀ ਕੁਰਸੀ ਨਹੀਂ ਇੱਕ ਵੱਡੀ ਜਿੰਮੇਵਾਰੀ ਹੈ, ਜਿਸਨੂੰ ਮੈਂ ਪੂਰੀ ਇਮਾਨਦਾਰੀ ਨਾਲ ਨਿਭਾਉਂਗਾ।
ਅਮਨਦੀਪ ਮੋਹੀ ਨੇ ਕਿਹਾ ਕਿ, ਮੇਰਾ ਇਕੋ ਟੀਚਾ ਹੈ ਕਿ ਮੈਂ ਮਾਰਕਫੈੱਡ ਦੇ ਮੁਨਾਫ਼ੇ ਹੋਰ ਵੀ ਵਧਾ ਸਕਾਂ, ਹੁਣ ਤੱਕ ਪਿਛਲੀਆਂ ਸਰਕਾਰਾਂ ਵੇਲੇ ਜੋ ਕੁੱਝ ਵੀ ਮਾਰਕਫੈੱਡ ਦੇ ਅਧੀਨ ਹੁੰਦਾ ਰਿਹਾ ਹੈ ਉਹ ਪੂਰੇ ਪੰਜਾਬ ਨੇ ਦੇਖਿਆ ਹੈ, ਪਰ ਹੁਣ ਇਹ ਸਮਾਂ ਬਦਲਾਅ ਦਾ ਹੈ। ਪੰਜਾਬ ਵਿੱਚ ਇਕ ਕੱਟੜ ਇਮਾਨਦਾਰ ਸਰਕਾਰ ਹੈ ਅਤੇ ਜਿਸਦਾ ਮੁੱਖ ਮੰਤਰੀ ਹੀ ਸਭ ਤੋਂ ਵੱਧ ਇਮਾਨਦਾਰ ਹੋਵੇ ਤਾਂ ਬਾਕੀ ਭ੍ਰਿਸ਼ਟ ਹੋਣ ਦੀ ਸੋਚ ਵੀ ਨਹੀਂ ਸਕਦੇ। ਅੱਜ ਮਾਰਕਫੈੱਡ ਵਿੱਚ ਬਹੁਤ ਸਾਰੀਆਂ ਨਵੀਆਂ ਇਨੋਵੇਸ਼ਨਜ਼ ਦੀ ਲੋੜ ਹੈ, ਜਿਸਨੂੰ ਅਸੀਂ ਨੇਪੜੇ ਚੜਾਵਾਂਗੇ ਅਤੇ ਮਾਰਕਫੈੱਡ ਨੂੰ ਇੱਕ ਸਭ ਤੋਂ ਵੱਧ ਮੁਨਾਫ਼ੇ ਵਾਲੀ ਕੋਆਪ੍ਰੇਸ਼ਨ ਬਣਾਵਾਂਗੇ।
ਇਸਦੇ ਨਾਲ ਹੀ ਅਮਨਦੀਪ ਮੋਹੀ ਨੇ ਕਿਹਾ ਕਿ ਮਾਰਕਫੈੱਡ ਪੰਜਾਬ ਅਤੇ ਪੰਜਾਬੀਅਤ ਨੂੰ ਇੱਕ ਬੇਹਤਰ ਅਤੇ ਸਸਤੀ ਖੁਰਾਕ ਦੇ ਨਾਲ-ਨਾਲ ਰੁਜ਼ਗਾਰ ਵੀ ਉਪਲੱਬਧ ਕਰਵਾਏਗੀ, ਜਿਸ ਨਾਲ ਪੰਜਾਬ ਦੇ ਲੋਕਾਂ ਨੂੰ ਬਾਹਰਲੀਆਂ ਕੰਪਨੀਆਂ ਦੇ ਪ੍ਰੋਡਕਟਾਂ ਵੱਲ ਨਾ ਜਾਣਾ ਪਵੇ। ਮਾਰਕਫੈੱਡ ਆਪਣੇ ਆਪ ਵਿੱਚ ਹੀ ਇੱਕ ਵੱਡੀ ਕੰਪਨੀ ਹੈ, ਜਿਸਨੂੰ ਸੁਚਾਰੂ ਢੰਗ ਨਾਲ ਚਲਾਇਆ ਜਾਵੇ ਤਾਂ ਬਹੁਤ ਸਾਰੇ ਰੁਜ਼ਗਾਰ ਦੇ ਸਾਧਨ ਪੈਦਾ ਕੀਤੇ ਜਾ ਸਕਦੇ ਹਨ।