ਬਠਿੰਡਾ: ਕਾਂਗਰਸ ਨੇ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਬਠਿੰਡਾ ਤੋਂ ਲੋਕ ਸਭਾ ਦਾ ਉਮੀਦਵਾਰ ਐਲਾਨ ਦਿੱਤਾ ਹੈ। ਐਲਾਨ ਮਗਰੋਂ ਰਾਜਾ ਵੜਿੰਗ ਨੇ ਬਠਿੰਡਾ ਵਿੱਚ ਡੇਰੇ ਲਾ ਲਏ ਹਨ ਤੇ ਆਪਣੇ ਸਿਆਸੀ ਵਿਰੋਧੀਆਂ 'ਤੇ ਸ਼ਬਦੀ ਬੰਬਾਰੀ ਸ਼ੁਰੂ ਕਰ ਦਿੱਤੀ ਹੈ।


ਕਦੇ ਖੰਘ ਵਾਲੀ ਦਵਾਈ ਤੇ ਕਦੇ ਸੋਹਣੇ ਸ਼ਮਸ਼ਾਨ ਘਾਟ ਜਿਹੇ ਬਿਆਨਾਂ ਕਰਕੇ ਚਰਚਾ ਵਿੱਚ ਰਹਿਣ ਵਾਲੇ ਰਾਜਾ ਵੜਿੰਗ ਨੇ ਅਕਾਲੀ ਲੀਡਰ ਬਿਕਰਮ ਮਜੀਠੀਆ ਵੱਲੋਂ ਲਾਏ ਗਏ ਇਲਜ਼ਾਮਾਂ ਦੇ ਜਵਾਬ ਦਿੱਤੇ। ਉਨ੍ਹਾਂ ਮਜੀਠੀਆ ਵੱਲੋਂ ਪੈਰਾਸ਼ੂਟ ਕੈਂਡੀਡੇਟ ਦੱਸੇ ਜਾਣ 'ਤੇ ਉਲਟਾ ਸਵਾਲ ਕੀਤਾ ਕਿ ਉਹ ਕਿਹੜਾ ਬੰਬੇ ਤੋਂ ਚੋਣ ਲੜਨ ਆਇਆ ਹੈ, ਇੱਥੋਂ ਦਾ ਹੀ ਹੈ।

ਰਾਜਾ ਵੜਿੰਗ ਨੇ ਕਿਹਾ ਕਿ ਮਜੀਠੀਆ ਉਨ੍ਹਾਂ ਦੀ ਉਮੀਦਵਾਰੀ 'ਤੇ ਕਾਫੀ ਸਵਾਲ ਚੁੱਕ ਰਹੇ ਹਨ ਪਰ ਉਹ ਆਪਣੀ ਭੈਣ ਤੇ ਕੇਂਦਰੀ ਮੰਤਰੀ ਹਰਸਿਮਰਤ ਨੂੰ ਮਜ਼ਬੂਤ ਉਮੀਦਵਾਰ ਨਹੀਂ ਮੰਨਦੇ ਜਿਹੜਾ ਹਾਲੇ ਤਕ ਉਨ੍ਹਾਂ ਦਾ ਐਲਾਨ ਨਹੀਂ ਕੀਤਾ ਪਰ ਕਦੇ ਫਾਜ਼ਿਲਕਾ ਤੇ ਕਦੇ ਬੁਢਲਾਡੇ ਜਾ ਕੇ ਲੋਕਾਂ ਤੋਂ ਹਰਸਿਮਰਤ ਨੂੰ ਚੋਣ ਲੜਾਉਣ ਬਾਰੇ ਪੁੱਛਦੇ ਫਿਰਦੇ ਹਨ।

ਵੜਿੰਗ ਨੇ ਕਿਹਾ ਕਿ ਉਸ ਨੂੰ ਬਹੁਤ ਖੁਸ਼ੀ ਹੈ ਕਿ ਰੇਤ-ਬਜਰੀ, ਕੇਬਲ ਤੇ ਟਰਾਂਸਪੋਰਟ ਰਾਹੀਂ ਲੋਕਾਂ ਦੀ ਲੁੱਟ-ਖਸੁੱਟ ਕਰ ਪੈਸਾ ਬਣਾਉਣ ਵਾਲੇ ਸਰਮਾਏਦਾਰਾਂ ਖ਼ਿਲਾਫ ਰਾਜਾ ਵੜਿੰਗ ਨਿਮਾਣੇ ਕਿਸਾਨ ਦਾ ਪੁੱਤ ਚੋਣ ਲੜ ਰਿਹਾ ਹੈ। ਉਨ੍ਹਾਂ ਅਕਾਲੀ ਦਲ ਨੂੰ ਚੁਨੌਤੀ ਦਿੱਤੀ ਕਿ ਹਰਸਿਮਰਤ ਭੈਣ ਨੂੰ ਬਠਿੰਡਾ ਤੋਂ ਚੋਣ ਲੜਾਓ ਤੇ ਮੁਕਾਬਲਾ ਵੇਖੋ।