Punjab News: ਤਰਨਤਾਰਨ ਦੇ ਪਿੰਡ ਰਟੋਲ ਵਿੱਚ ਪੰਚਾਇਤੀ ਜ਼ਮੀਨ ਦੀ ਬੋਲੀ ਨੂੰ ਲੈ ਕੇ ਦੋ ਧਿਰਾਂ ਵਿਚਕਾਰ ਹੋਈ ਝੜਪ ਦੌਰਾਨ ਗੋਲੀ ਚੱਲੀ ਜਿਸ ਦੌਰਾਨ ਗੋਲੀ ਲੱਗਣ ਕਰਕੇ ਇੱਕ ਵਿਅਕਤੀ ਦੀ ਮੌਤ ਹੋ ਗਈ। ਇਸ ਘਟਨਾ 'ਤੇ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਆਮ ਆਦਮੀ ਪਾਰਟੀ 'ਤੇ ਨਿਸ਼ਾਨਾ ਸਾਧਿਆ ਹੈ।
ਉਨ੍ਹਾਂ ਕਿਹਾ ਕਿ ਜਿਸ ਤਰੀਕੇ ਤਰਨ ਤਾਰਨ ਦੇ ਰਟੋਲ ਵਿਖੇ ਅੱਜ ਕਤਲ ਹੋਇਆ ਹੈ ਤੇ ਪਿਛਲੇ ਦਿਨੀ ਪੁਲਿਸ ਦੀ ਮੋਜੂਦਗੀ ਵਿੱਚ ਸਬ- ਇਸਪੈਕਟਰ ਦਾ ਵੀ ਕਤਲ ਹੋਇਆ ਸੀ, ਇਹ ਬੇਹੱਦ ਚਿੰਤਾ ਦਾ ਵਿਸ਼ਾ ਹੈ ਤੇ ਪੰਜਾਬ ਦੀ ਕਾਨੂੰਨ ਵਿਵਸਥਾ ਉੱਤੇ ਕਈ ਸਵਾਲੀਆ ਨਿਸ਼ਾਨ ਵੀ ਲਗਾਉਂਦਾ ਹੈ। ਪੰਜਾਬ ਦੀ ਕਾਨੂੰਨ ਵਿਵਸਥਾ ਰੱਬ ਆਸਰੇ ਹੋ ਗਈ ਹੈ ਪਰ ਮੁੱਖ ਮੰਤਰੀ ਸਾਬ ਵਿਰੋਧੀਆਂ ਦੀ ਗੱਲ ਸੁਣਨ ਦੀ ਬਜਾਏ ਉਹਨਾਂ ਦੀ ਆਵਾਜ਼ ਦਬਾਉਣ ਉੱਤੇ ਲੱਗੇ ਹੋਏ ਹਨ। ਜੇਕਰ ਪੰਜਾਬ ਨੂੰ ਬਚਾਉਣਾ ਹੈ ਤਾਂ ਅਜਿਹੀਆਂ ਗਤੀਵਿਧੀਆਂ ਨੂੰ ਠੱਲ ਪਾਉਣਾ ਅਤਿ ਜ਼ਰੂਰੀ ਹੈ।
ਕੀ ਹੈ ਪੂਰਾ ਮਾਮਲਾ
ਪਿੰਡ ਰਟੋਲ ਵਿੱਚ ਪੰਚਾਇਤੀ ਜ਼ਮੀਨ ਦੀ ਬੋਲੀ ਨੂੰ ਲੈ ਕੇ ਦੋ ਧਿਰਾਂ ਵਿਚਕਾਰ ਹੋਈ ਝੜਪ ਦੌਰਾਨ ਗੋਲੀ ਚੱਲ ਗਈ ਅਤੇ ਇਸ ਦੌਰਾਨ ਗੋਲੀ ਲੱਗਣ ਕਾਰਣ ਵਿਅਕਤੀ ਦੀ ਮੌਤ ਹੋ ਗਈ ਅਤੇ ਇੱਕ ਜ਼ਖ਼ਮੀ ਹੋ ਗਿਆ। ਜਾਣਕਾਰੀ ਅਨੁਸਾਰ ਜ਼ਮੀਨ ਦੀ ਬੋਲੀ ਨੂੰ ਲੈ ਕੇ ਦੋਵਾਂ ਧਿਰਾਂ ਵਿਚਕਾਰ ਝੜਪ ਹੋ ਗਈ ਅਤੇ ਗੁੱਸੇ ਵਿੱਚ ਆ ਕੇ ਇੱਕ ਧਿਰ ਨੇ ਦੂਜੀ ਧਿਰ 'ਤੇ ਗੋਲੀਆਂ ਚਲਾ ਦਿੱਤੀਆਂ, ਜਿਸ ਵਿੱਚ ਜਰਨੈਲ ਸਿੰਘ ਨਾਮ ਦੇ ਵਿਅਕਤੀ ਦੀ ਮੌਤ ਹੋ ਗਈ, ਜਦਕਿ ਇੱਕ ਗੰਭੀਰ ਜ਼ਖਮੀ ਹੋ ਗਿਆ।
ਸਾਬਕਾ ਸਰਪੰਚ ਨੇ ਚਲਾਈ ਗੋਲੀ
ਦਰਅਸਲ, ਪੰਚਾਇਤੀ ਜ਼ਮੀਨ ਦੀ ਬੋਲੀ ਨੂੰ ਲੈ ਕੇ ਦੋ ਪਾਰਟੀਆਂ ਵਿੱਚ ਝਗੜਾ ਹੋਇਆ ਸੀ। ਉੱਥੇ ਹੀ ਸਾਬਕਾ ਸਰਪੰਚ ਵੱਲੋਂ ਗੋਲੀ ਚਲਾਈ ਗਈ। ਜਿਸ ਕਾਰਨ ਇੱਕ ਵਿਅਕਤੀ ਦੀ ਮੌਕੇ ਉੱਤੇ ਹੀ ਮੌਤ ਹੋ ਗਈ ਹੈ। ਮਰਨ ਵਾਲੇ ਦੀ ਪਛਾਣ ਜਰਨੈਲ ਸਿੰਘ ਵੱਜੋਂ ਹੋਈ ਹੈ, ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।