ਚੰਡੀਗੜ੍ਹ: ਕਾਂਗਰਸ ਨੇ ਪੰਜਾਬ ਵਿੱਚ ਲੋਕ ਸਭਾ ਚੋਣਾਂ ਲਈ ਟਿਕਟਾਂ ਦਾ ਐਲਾਨ ਨਹੀਂ ਕੀਤਾ ਪਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਪਤਨੀ ਪ੍ਰਨੀਤ ਕੌਰ ਲਈ ਚੋਣ ਮੁਹਿੰਮ ਵਿੱਢ ਦਿੱਤੀ ਹੈ। ਉਨ੍ਹਾਂ ਨੇ ਸੋਮਵਾਰ ਨੂੰ ਆਪਣੇ ਸ਼ਾਹੀ ਸ਼ਹਿਰ ਪਟਿਆਲਾ ਤੋਂ ਚੋਣ ਮੁਹਿੰਮ ਦੀ ਸ਼ੁਰੂਆਤ ਕੀਤੀ।
ਕਾਂਗਰਸੀ ਸੂਤਰਾਂ ਮੁਤਾਬਕ ਉਮੀਦਵਾਰਾਂ ਦਾ ਐਲਾਨ ਦੇਰੀ ਨਾਲ ਹੋ ਸਕਦਾ ਹੈ ਕਿਉਂਕਿ ਪੰਜਾਬ ਵਿੱਚ ਚੋਣ ਆਖਰੀ ਗੇੜ ਵਿੱਚ ਹੋਣੀ ਹੈ। ਕਾਂਗਰਸ ਦੇ ਸਾਰੇ ਹਲਕਿਆਂ ਬਾਰੇ ਅਜੇ ਕੁਝ ਵੀ ਸਪਸ਼ਟ ਨਹੀਂ ਪਰ ਪਟਿਆਲਾ ਸੀਟ ਸ਼ਾਹੀ ਪਰਿਵਾਰ ਕੋਲ ਹੀ ਰਹਿਣ ਦੀ ਉਮੀਦ ਹੈ। ਕੈਪਟਨ ਦੀਆਂ ਮੀਟਿੰਗਾਂ ਨੇ ਇਸ ਉੱਪਰ ਪੱਕੀ ਮੋਹਰ ਲਾ ਦਿੱਤੀ ਹੈ।
ਸੂਤਰਾਂ ਮੁਤਾਬਕ ਪ੍ਰਨੀਤ ਕੌਰ ਦਾ ਉਮੀਦਵਾਰ ਵਜੋਂ ਰਸਮੀ ਐਲਾਨ ਅਜੇ ਹੋਣਾ ਹੈ, ਪਰ ਪਟਿਆਲਾ ਤੋਂ ਉਨ੍ਹਾਂ ਨੂੰ ਹੀ ਮੁੜ ਉਮੀਦਵਾਰ ਬਣਾਇਆ ਜਾਣਾ ਤੈਅ ਮੰਨਿਆ ਜਾ ਰਿਹਾ ਹੈ। ਉਹ 5ਵੀਂ ਵਾਰ ਮੈਦਾਨ ’ਚ ਕੁੱਦਣਗੇ। ਇਸੇ ਕੜੀ ਵਜੋਂ ਮੁੱਖ ਮੰਤਰੀ ਨੇ ਨਿਊੂ ਮੋਤੀ ਬਾਗ਼ ਪੈਲੇਸ ਵਿੱਚ ਲੋਕ ਸਭਾ ਹਲਕਾ ਪਟਿਆਲਾ ਨਾਲ ਸਬੰਧਤ ਮੰਤਰੀਆਂ, ਵਿਧਾਇਕਾਂ, ਹਲਕਾ ਇੰਚਾਰਜਾਂ ਤੇ ਹੋਰ ਪ੍ਰਮੁੱਖ ਆਗੂਆਂ ਨਾਲ ਮੀਟਿੰਗ ਕਰਕੇ ਚੋਣ ਚਰਚਾ ਕੀਤੀ।
ਪਤਾ ਲੱਗਾ ਹੈ ਕਿ ਕੈਪਟਨ ਨੇ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਤੇ ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੋਤ ਸਣੇ ਬਾਕੀ ਵਿਧਾਇਕਾਂ ਹਰਦਿਆਲ ਸਿੰਘ ਕੰਬੋਜ, ਨਿਰਮਲ ਸਿੰਘ ਸ਼ੁਤਰਾਣਾ, ਮਦਨ ਲਾਲ ਜਲਾਲਪੁਰ ਤੇ ਕਾਕਾ ਰਾਜਿੰਦਰ ਸਿੰਘ, ਡੇਰਾਬਸੀ ਤੇ ਸਨੌਰ ਦੇ ਹਲਕਾ ਇੰਚਾਰਜਾਂ ਦੀਪਿੰਦਰ ਢਿੱਲੋਂ ਤੇ ਹੈਰੀ ਮਾਨ ਨਾਲ ਵੀ ਮੁਲਕਾਤ ਕੀਤੀ। ਇਸ ਦੌਰਾਨ ਪ੍ਰਨੀਤ ਕੌਰ ਵੀ ਹਾਜ਼ਰ ਰਹੇ।