Sunil Jakhar Resign: ਹਰਿਆਣਾ ਵਿਧਾਨ ਸਭਾ ਚੋਣਾਂ ਦੌਰਾਨ ਭਾਜਪਾ ਪ੍ਰਧਾਨ ਸੁਨੀਲ ਜਾਖੜ (Sunil Jakhar) ਦੇ ਅਸਤੀਫ਼ੇ ਦੀ ਖ਼ਬਰ ਆਈ ਹੈ। ਹਾਲਾਂਕਿ ਪਾਰਟੀ ਨੇ ਅਸਤੀਫੇ ਦੀ ਗੱਲ ਤੋਂ ਟਾਲਾ ਵੱਟਦਿਆਂ ਇਸ ਨੂੰ ਅਫਵਾਹ ਦੱਸਿਆ ਹੈ। ਇਸ ਦੌਰਾਨ ਪੰਜਾਬ ਭਾਜਪਾ ਵੱਲੋਂ 30 ਸਤੰਬਰ ਨੂੰ ਮੀਟਿੰਗ ਸੱਦੀ ਗਈ ਹੈ। ਮੀਟਿੰਗ ਚੰਡੀਗੜ੍ਹ ਵਿੱਚ ਭਾਜਪਾ ਦੇ ਹਲਕਾ ਇੰਚਾਰਜ ਵਿਜੇ ਰੂਪਾਨੀ ਦੀ ਅਗਵਾਈ ਵਿੱਚ ਹੋਵੇਗੀ। ਇਸ ਖ਼ਬਰ ਦੇ ਨਸ਼ਰ ਹੋਣ ਤੋਂ ਬਾਅਦ ਪੰਜਾਬ ਕਾਂਗਰਸ ਤੇ ਭਾਰਤੀ ਜਨਤਾ ਪਾਰਟੀ ਵਿਚਾਲੇ ਵਿਵਾਦ ਸ਼ੁਰੂ ਹੋ ਗਿਆ ਹੈ।
ਦਰਸਅਲ, ਅਸਤੀਫ਼ੇ ਦੀਆਂ ਖ਼ਬਰਾਂ ਸਾਹਮਣੇ ਆਉਣ ਤੋਂ ਬਾਅਦ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸੋਸ਼ਲ ਮੀਡੀਆ ਉੱਤੇ ਲਿਖਿਆ, All the best, where next ?
ਇਸ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਦੇ ਸੋਸ਼ਲ ਮੀਡੀਆ ਖਾਤੇ ਉੱਤੇ ਇਸਦਾ ਜਵਾਬ ਦਿੰਦੇ ਹੋਇਆ ਕਿਹਾ ਗਿਆ ਕਿ, ਸੱਦੀ ਨਾ ਬੁਲਾਈ ਮੈਂ ਲਾੜੇ ਦੀ ............. !! ਤੁਸੀਂ ਸਾਡੇ ਪ੍ਰਧਾਨ ਦੀ ਚਿੰਤਾ ਛੱਡੋ...ਤੇ ਆਪਣੀ ਕੁਰਸੀ ਬਚਾਓ, ਖ਼ਬਰਾਂ ਤਾਂ ਤੁਹਾਡੀ ਪ੍ਰਧਾਨਗੀ ਜਾਣ ਦੀਆਂ ਵੀ ਜ਼ੋਰਾਂ ਤੇ ਹਨ..... ਹੋਰ ਪਤਾ ਲੱਗੇ ਸਾਡੇ ਚੱਕਰ ਚ’ ਦਿੱਲੀ ਤੋਂ ਤੁਹਾਡੇ ਜਾਣ ਦੀ ਚਿੱਠੀ ਆ ਜਾਵੇ
ਬੱਸ ਫਿਰ ਕੀ ਸੀ ਇਸ ਤੋਂ ਬਾਅਦ ਪੰਜਾਬ ਕਾਂਗਰਸ ਨੇ ਵੀ ਆਪਣੇ ਸੋਸ਼ਲ ਮੀਡੀਆ ਖਾਤੇ ਉੱਤੇ ਲਿਖਿਆ, ਬੋਲੇ ਤਾਂ ਬੋਲੇ….
ਉਹ ਬੋਲੇ ਜਿਹਦੇ ਅਸੀਂ ਭੇਤ ਖੋਲੇ, ਤੁਹਾਡੇ ਪ੍ਰਧਾਨ ਜੀ ਇਹ ਗੱਲ ਆਪ ਵੀ ਦੱਸ ਸਕਦੇ ਸਨ ਕਿ ਉਹਨਾਂ ਨੇ ਅਸਤੀਫ਼ਾ ਨਹੀਂ ਦਿੱਤਾ ਜਾਂ ਸਭ ਕੁੱਝ ਠੀਕ ਹੈ ਪਰ ਨਹੀਂ, ਉਹ ਤਾਂ ਫ਼ੋਨ ਬੰਦ ਕਰਕੇ ਅਲੋਪ ਹੋ ਗਏ ਹਨ।
ਇਸ ਤੋਂ ਇਲਾਵਾ ਇੱਕ ਹੋਰ ਪੋਸਟ ਸਾਂਝੀ ਕਰਦਿਆਂ ਲਿਖਿਆ, ਚਲੋ ਕੋਈ ਗੱਲ ਨਹੀਂ! ਵੈਸੇ ਵੀ ਪੰਜਾਬ ਵਿੱਚ 26 ਸਾਲ ਬਾਅਦ ਪਹਿਲੀ ਵਾਰ ਇਸ ਤਰ੍ਹਾਂ ਹੋਇਆ ਹੈ ਕਿ ਪੰਜਾਬ ਵਿੱਚ ਭਾਜਪਾ ਦਾ ਇੱਕ ਵੀ ਸੰਸਦ ਮੈਂਬਰ ਨਹੀਂ ਹੈ…. ਚਲੋ ਸਦਮਾ ਤਾਂ ਲੱਗਣਾ ਬਣਦਾ ਹੀ ਹੈ ਤੁਹਾਨੂੰ
ਜ਼ਿਕਰ ਕਰ ਦਈਏ ਕਿ ਸੁਨੀਲ ਜਾਖੜ ਦੋ ਸਾਲ ਪਹਿਲਾਂ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋਏ ਸਨ। ਜੂਨ 2024 ਵਿੱਚ ਲੋਕ ਸਭਾ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਹੀ ਜਾਖੜ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ ਤੇ ਅਹੁਦਾ ਛੱਡਣ ਦੀ ਇੱਛਾ ਜ਼ਾਹਰ ਕੀਤੀ ਪਰ ਪਾਰਟੀ ਨੇ ਉਨ੍ਹਾਂ ਨੂੰ ਕਮਾਂਡ ਜਾਰੀ ਰੱਖਣ ਲਈ ਕਿਹਾ ਸੀ। ਹੁਣ ਉਨ੍ਹਾਂ ਦੇ ਅਸਤੀਫ਼ੇ ਦੀ ਖ਼ਬਰ ਮੀਡੀਆ ਵਿੱਚ ਆਈ ਹੈ। ਜਦੋਂ ਚਾਰ ਵਿਧਾਨ ਸਭਾ ਸੀਟਾਂ 'ਤੇ ਪੰਚਾਇਤੀ ਚੋਣਾਂ ਅਤੇ ਜ਼ਿਮਨੀ ਚੋਣਾਂ ਹੋਣੀਆਂ ਹਨ।