ਚੰਡੀਗੜ੍ਹ/ ਜਲੰਧਰ: ਪੰਜਾਬ ਦੌਰੇ ਦੌਰਾਨ ਬੀਜੇਪੀ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਦੇ ਨਿਸ਼ਾਨੇ ਉੱਤੇ ਕਾਂਗਰਸ ਪਾਰਟੀ ਰਹੀ। ਪਾਰਟੀ ਦੇ ਬੂਥ ਪੱਧਰ ਦੇ ਪ੍ਰੋਗਰਾਮ ਵਿੱਚ ਸ਼ਿਰਕਤ ਕਰਨ ਲਈ ਆਏ ਬੀਜੇਪੀ ਪ੍ਰਧਾਨ ਨੇ ਆਖਿਆ ਕਿ ਦੇਸ਼ ਨੂੰ ਬੋਲਣ ਵਾਲਾ ਪ੍ਰਧਾਨ ਮੰਤਰੀ ਉਨ੍ਹਾਂ ਨੇ ਦਿੱਤਾ ਹੈ ਜਦੋਂਕਿ ਕਾਂਗਰਸ ਦੇ ਪ੍ਰਧਾਨ ਮੰਤਰੀ ਦੀ ਆਵਾਜ਼ ਸਿਰਫ਼ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਨੂੰ ਹੀ ਸੁਣਾਈ ਦਿੰਦੀ ਸੀ।

ਅਮਿਤ ਸ਼ਾਹ ਨੇ ਆਖਿਆ ਕਿ ਪਿਛਲੇ ਢਾਈ ਸਾਲਾਂ ਦੌਰਾਨ ਦੇਸ਼ ਦੇ ਪ੍ਰਧਾਨ ਮੰਤਰੀ ਉੱਤੇ ਭ੍ਰਿਸ਼ਟਾਚਾਰ ਦਾ ਇੱਕ ਵੀ ਦੋਸ਼ ਨਹੀਂ ਲੱਗਾ ਜਦੋਂਕਿ ਯੂਪੀਏ -1 ਤੇ 2 ਦੀ ਸਰਕਾਰ ਨੂੰ ਭ੍ਰਿਸਟਾਚਾਰ ਨਾਲ ਲਿਪਤ ਸਰਕਾਰ ਵਜੋਂ ਦੇਸ਼ ਵਾਸੀ ਜਾਣਦੇ ਹਨ। ਉਨ੍ਹਾਂ ਆਖਿਆ ਕਿ ਕਾਂਗਰਸ ਦੇ ਸਮੇਂ ਵਿੱਚ ਦੇਸ਼ ਵਿੱਚ 12 ਲੱਖ ਕਰੋੜ ਦਾ ਘੁਟਾਲਾ ਹੋਇਆ। ਪ੍ਰਧਾਨ ਮੰਤਰੀ ਦੇ ਨੋਟਬੰਦੀ ਦੀ ਤਾਰੀਫ਼ ਕਰਦੇ ਹੋਏ ਅਮਿਤ ਸ਼ਾਹ ਨੇ ਆਖਿਆ ਕਿ ਇਸ ਨਾਲ ਦਹਿਸ਼ਤਗਰਦ ਤੇ ਨਸ਼ੇ ਦਾ ਕਾਰੋਬਾਰ ਕਰਨ ਵਾਲਿਆਂ ਨੂੰ ਸਭ ਤੋਂ ਜ਼ਿਆਦਾ ਢਾਹ ਲੱਗੀ ਹੈ।

ਚੰਡੀਗੜ੍ਹ ਵਿੱਚ ਦੂਜੇ ਪਾਸੇ ਜਿਸ ਸਮੇਂ ਬੀਜੇਪੀ ਪ੍ਰਧਾਨ ਰੈਲੀ ਨੂੰ ਸੰਬੋਧਨ ਕਰ ਰਿਹਾ ਸੀ ਤਾਂ ਦੂਜੇ ਪਾਸੇ ਕਾਂਗਰਸ ਦੇ ਵਰਕਰਾਂ ਨੇ ਉਨ੍ਹਾਂ ਦਾ ਵਿਰੋਧ ਵੀ ਕੀਤਾ। ਕਾਲੀਆਂ ਝੰਡੀਆਂ ਨਾਲ ਲੈਸ ਕਾਂਗਰਸੀ ਵਰਕਰਾਂ ਨੂੰ ਪੁਲਿਸ ਨੇ ਰੈਲੀ ਵਾਲੀ ਥਾਂ ਉੱਤੇ ਜਾਣ ਨਹੀਂ ਦਿੱਤਾ। ਇਸ ਤੋਂ ਬਾਅਦ ਪਾਣੀ ਦੀਆਂ ਬੁਛਾਰਾਂ ਦਾ ਵੀ ਕਾਂਗਰਸੀ ਵਰਕਰਾਂ ਨੂੰ ਸਾਹਮਣਾ ਕਰਨਾ ਪਿਆ। ਪੁਲਿਸ ਨੇ ਕੁੱਝ ਕਾਂਗਰਸੀ ਵਰਕਰਾਂ ਨੂੰ ਹਿਰਾਸਤ ਵਿੱਚ ਵੀ ਲਿਆ।