ਚੰਡੀਗੜ੍ਹ: ਬੀਜੇਪੀ ਦੇ ਸੀਨੀਅਰ ਲੀਡਰ ਅਮਿਤ ਸ਼ਾਹ ਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਨਾਲ ਮਿਲ ਕੇ ਪੰਜਾਬ ਵਿਧਾਨ ਸਭਾ ਚੋਣਾਂ ਲੜਨ ਦਾ ਐਲਾਨ ਕਰ ਦਿੱਤਾ ਹੈ ਪਰ ਇਹ ਗੱਠਜੋੜ ਬਾਰੇ ਅਜੇ ਤੱਕ ਕੋਈ ਫੈਸਲਾ ਨਹੀਂ ਹੋਇਆ। ਕੈਪਟਨ ਅਮਰਿੰਦਰ ਨੇ ਤਾਂ ਬੀਜੇਪੀ ਨਾਲ ਗੱਠਜੋੜ ਦਾ ਪਹਿਲਾਂ ਹੀ ਐਲਾਨ ਕਰ ਦਿੱਤਾ ਹੈ ਪਰ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਅਜੇ ਸ਼ੰਸ਼ੋਪੰਜ ਵਿੱਚ ਹੈ।


ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੀ ਸੋਮਵਾਰ ਨੂੰ ਇਸ ਬਾਰੇ ਹੋਈ ਮੀਟਿੰਗ ਵਿੱਚ ਅਹਿਮ ਫੈਸਲੇ ਲੈਣ ਦਾ ਅਧਿਕਾਰ ਸੁਖਦੇਵ ਸਿੰਘ ਢੀਂਡਸਾ ਨੂੰ ਸੌਂਪ ਦਿੱਤਾ ਹੈ ਪਰ ਨਾਲ ਹੀ ਸੀਨੀਅਰ ਲੀਡਰਾਂ ਨੇ ਬੀਜੇਪੀ ਨਾਲ ਗੱਠਜੋੜ ਕਰਨ ਤੋਂ ਝਿਜਕ ਵਿਖਾਈ ਹੈ। ਬੇਸ਼ੱਕ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦਾ ਕੋਈ ਵੱਡਾ ਵੋਟ ਬੈਂਕ ਨਹੀਂ ਪਰ ਕਈ ਟਕਸਾਲੀ ਲੀਡਰ ਪਾਰਟੀ ਵਿੱਚ ਹੋਣ ਕਰਕੇ ਸਿੱਖ ਵੋਟਾਂ ਦਾ ਕੁਝ ਹਿੱਸਾ ਉਨ੍ਹਾਂ ਨਾਲ ਆ ਸਕਦਾ ਹੈ। ਬੀਜੇਪੀ ਵੀ ਅਕਾਲੀ ਦਲ (ਸੰਯੁਕਤ) ਜ਼ਰੀਏ ਸਿੱਖ ਵੋਟ ਤੱਕ ਪਹੁੰਚ ਕਰਨ ਦੀ ਹੀ ਕੋਸ਼ਿਸ਼ ਕਰ ਰਹੀ ਹੈ।


ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਸਰਪ੍ਰਸਤ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ, ਸਾਬਕਾ ਮੰਤਰੀ ਜਗਦੀਸ਼ ਸਿੰਘ ਗਰਚਾ, ਰਣਜੀਤ ਸਿੰਘ ਤਲਵੰਡੀ, ਜਸਟਿਸ (ਸੇਵਾਮੁਕਤ) ਨਿਰਮਲ ਸਿੰਘ ਤੇ ਨਿਧੜਕ ਸਿੰਘ ਬਰਾੜ ਵਰਗੇ ਸੀਨੀਅਰ ਲੀਡਰਾਂ ਦਾ ਮੰਨਣਾ ਹੈ ਕਿ ਪੰਜਾਬ ਅੰਦਰ ਅਜੇ ਵੀ ਬੀਜੇਪੀ ਖਿਲਾਫ ਕਾਫੀ ਗੁੱਸਾ ਹੈ। ਇਸ ਲਈ ਅਜੇ ਗੱਠਜੋੜ ਕਰਨ ਦਾ ਨੁਕਸਾਨ ਹੋ ਸਕਦਾ ਹੈ।


ਪਾਰਟੀ ਦੇ ਬਹੁਤੇ ਲੀਡਰਾਂ ਦਾ ਮੰਨਣਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਐਲਾਨ ਤੋਂ ਬਾਅਦ ਵਿਵਾਦਤ ਖੇਤੀ ਕਾਨੂੰਨ ਵਾਪਸ ਲੈ ਲਏ ਗਏ ਹਨ ਪਰ ਬੀਜੇਪੀ ਲਈ ਸੂਬੇ ਦਾ ਸਿਆਸੀ ਮਾਹੌਲ ਹਾਲ ਦੀ ਘੜੀ ਸਾਜ਼ਗਾਰ ਨਹੀਂ। ਉਨ੍ਹਾਂ ਮੁਤਾਬਕ ਕਿਸਾਨੀ ਅੰਦੋਲਨ ਕਾਰਨ ਪੇਂਡੂ ਖੇਤਰ ਵਿੱਚ ਬੀਜੇਪੀ ਪ੍ਰਤੀ ਨਫਰਤ ਭਰੀ ਪਈ ਹੈ। ਇਸ ਤਰ੍ਹਾਂ ਦੇ ਮਾਹੌਲ ਵਿੱਚ ਬੀਜੇਪੀ ਨਾਲ ਸਾਂਝ ਪਾਉਣ ਦਾ ਲਾਭ ਨਹੀਂ ਸਗੋਂ ਨੁਕਸਾਨ ਹੋ ਸਕਦਾ ਹੈ।


ਪਾਰਟੀ ਲੀਡਰਾਂ ਦੀ ਇਹ ਵੀ ਮੰਨਣਾ ਹੈ ਕਿ ਕੇਂਦਰ ਸਰਕਾਰ ਕਿਸਾਨਾਂ ਦੀਆਂ ਵੱਡੀਆਂ ਮੰਗਾਂ ਬਾਰੇ ਅਜੇ ਖਾਮੋਸ਼ ਹੈ। ਜਦੋਂ ਤੱਕ ਕੇਂਦਰ ਸਰਕਾਰ ਕਿਸਾਨਾਂ ਦੀਆਂ ਸਾਰੀਆਂ ਮੰਗਾਂ ਪ੍ਰਵਾਨ ਕਰਕੇ ਦਿੱਲੀ ਦੀਆਂ ਸਰਹੱਦਾਂ ’ਤੇ ਮੋਰਚਾ ਲਾਈ ਬੈਠੇ ਕਿਸਾਨਾਂ ਨੂੰ ਸੁੱਖੀ ਸਾਂਦੀਂ ਘਰਾਂ ਨੂੰ ਨਹੀਂ ਭੇਜ ਦਿੰਦੀ, ਉਦੋਂ ਤੱਕ ਇੰਤਜ਼ਾਰ ਕੀਤਾ ਜਾਣਾ ਚਾਹੀਦਾ ਹੈ। ਪਾਰਟੀ ਆਗੂਆਂ ਨੇ ਇਹ ਵੀ ਕਿਹਾ ਕਿ ਪੰਜਾਬ ਦੀ ਸਮੁੱਚੀ ਸਿਆਸੀ ਸਥਿਤੀ ਦਾ ਜਾਇਜ਼ਾ ਲੈਣ ਤੋਂ ਬਾਅਦ ਹੀ ਗੱਠਜੋੜ ਸਬੰਧੀ ਵਿਚਾਰ ਕਰਨਾ ਚਾਹੀਦਾ ਹੈ।



ਇਹ ਵੀ ਪੜ੍ਹੋ: Punjab Election 2022: ਪਾਰਲੀਮੈਂਟ 'ਚ ਗੂੰਜਿਆ ਭਗਵੰਤ ਮਾਨ ਨੂੰ ਖਰੀਦਣ ਦਾ ਮਾਮਲਾ, ਰਵਨੀਤ ਬਿੱਟੂ ਨੇ ਮੰਗਿਆ ਸਰਕਾਰ ਤੋਂ ਜਵਾਬ


ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/


https://apps.apple.com/in/app/811114904