Amit Shah in Punjab: ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਪੰਜਾਬ ਦੌਰੇ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੂੰ ਨਿਸ਼ਾਨਾ ਬਣਾਇਆ ਹੈ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਜਹਾਜ਼ ਰਾਹੀਂ ਦਿੱਲੀ ਦੇ ਸੀਐਮ ਅਰਵਿੰਦ ਕੇਜਰੀਵਾਲ ਨੂੰ ਦੇਸ਼ ਅੰਦਰ ਘੁੰਮਾ ਰਹੇ ਹਨ। ਉਨ੍ਹਾਂ ਸਵਾਲ ਕੀਤਾ ਕਿ ਭਗਵੰਤ ਮਾਨ ਪੰਜਾਬ ਦੇ ਮੁੱਖ ਮੰਤਰੀ ਹਨ ਜਾਂ ਫਿਰ ਪਾਇਲਟ। ਅਮਿਤ ਸ਼ਾਹ ਅੱਜ ਗੁਰਦਾਸਪੁਰ ਵਿੱਚ ਰੈਲੀ ਨੂੰ ਸੰਬੋਧਨ ਕਰ ਰਹੇ ਸੀ।
ਸਾਰਾ ਸਮਾਂ ਦੌਰਿਆ 'ਤੇ ਰਹਿੰਦਾ ਤਾਂ ਹੀ ਪੰਜਾਬ ਦੀ ਹਾਲਤ...
ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ ਅਸੀਂ ਪੰਜਾਬ ਵਿੱਚ ਆਮ ਆਦਮੀ ਪਾਰਟੀ ਵਾਂਗ ਖਾਲੀ ਵਾਅਦੇ ਕਰਦੀ ਸਰਕਾਰ ਨਹੀਂ ਦੇਖੀ। ਜੇ ਕੇਜਰੀਵਾਲ ਨੇ ਚੇਨਈ ਜਾਣਾ ਹੁੰਦਾ ਤਾਂ ਭਗਵੰਤ ਮਾਨ ਜਹਾਜ਼ ਲੈ ਕੇ ਦਿੱਲੀ ਚਲੇ ਜਾਂਦੇ। ਫਿਰ ਇੱਥੋਂ ਕਦੇ ਚੇਨਈ ਅਤੇ ਕਦੇ ਕੋਲਕਾਤਾ ਪਹੁੰਚਦੇ ਹਨ। ਉਨ੍ਹਾਂ ਦਾ ਸਾਰਾ ਸਮਾਂ ਕੇਜਰੀਵਾਲ ਦੇ ਦੌਰੇ 'ਤੇ ਹੀ ਜਾਂਦਾ ਹੈ। ਇਸ ਕਾਰਨ ਪੰਜਾਬ ਵਿੱਚ ਅਮਨ ਕਾਨੂੰਨ ਦੀ ਸਥਿਤੀ ਬਦ ਤੋਂ ਬਦਤਰ ਹੁੰਦੀ ਜਾ ਰਹੀ ਹੈ। ਇੱਥੇ ਨਸ਼ਿਆਂ ਦਾ ਕਾਰੋਬਾਰ ਵਧ ਰਿਹਾ ਹੈ। ਪਰ ਮੁੱਖ ਮੰਤਰੀ ਸਾਹਿਬ ਕੋਲ ਸਮਾਂ ਨਹੀਂ ਹੈ। ਇੱਥੋਂ ਕੇਂਦਰੀ ਮੰਤਰੀ ਹੁਣ ਹਰਿਆਣਾ ਦੇ ਸਿਰਸਾ ਲਈ ਰਵਾਨਾ ਹੋ ਗਏ ਹਨ।
'ਮੈਂ ਜਨਤਾ ਦਾ ਧੰਨਵਾਦ ਕਰਨ ਆਇਆ ਹਾਂ'
ਕੇਂਦਰੀ ਗ੍ਰਹਿ ਮੰਤਰੀ ਸ਼ਾਹ ਨੇ ਅੱਗੇ ਕਿਹਾ, 'ਜਦੋਂ ਵੀ ਦੇਸ਼ 'ਤੇ ਸੰਕਟ ਆਇਆ, ਪੰਜਾਬ ਨੇ ਲੋਕਾਂ ਦੀ ਰੱਖਿਆ ਕੀਤੀ ਹੈ। ਪੰਜਾਬੀਆਂ ਨੇ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਦੇਸ਼ ਦੀ ਰਾਖੀ ਕੀਤੀ ਹੈ। ਉਨ੍ਹਾਂ ਕਿਹਾ ਕਿ 9 ਸਾਲ ਪੂਰੇ ਹੋਣ 'ਤੇ ਮੈਂ ਪੰਜਾਬ ਵਾਸੀਆਂ ਦਾ ਧੰਨਵਾਦ ਕਰਨ ਆਇਆ ਹਾਂ। ਸ਼ਾਹ ਨੇ ਅੱਗੇ ਕਿਹਾ ਕਿ ਨਰਿੰਦਰ ਮੋਦੀ ਨੇ ਵਿਦੇਸ਼ਾਂ 'ਚ ਭਾਰਤ ਦਾ ਮਾਣ ਵਧਾਇਆ ਹੈ। ਮੋਦੀ ਨੇ ਦੇਸ਼ ਦਾ ਨਾਂ ਰੌਸ਼ਨ ਕਰਨ ਦਾ ਕੰਮ ਕੀਤਾ ਹੈ। ਪ੍ਰਧਾਨ ਮੰਤਰੀ ਜੀ-7 ਸਿਖਰ ਸੰਮੇਲਨ ਵਿਚ ਗਏ ਸਨ ਅਤੇ ਉਥੋਂ ਅਫਰੀਕਾ ਗਏ ਸਨ। ਉਥੇ ਕੋਈ ਆਟੋਗ੍ਰਾਫ ਮੰਗਦਾ ਹੈ, ਕੋਈ ਉਨ੍ਹਾਂ ਦਾ ਸਮਾਂ ਮੰਗਦਾ ਹੈ ਅਤੇ ਕੋਈ ਉਨ੍ਹਾਂ ਦੇ ਪੈਰ ਛੂਹ ਲੈਂਦਾ ਹੈ। ਮੋਦੀ ਜਿੱਥੇ ਵੀ ਜਾਂਦੇ ਨੇ, ਮੋਦੀ-ਮੋਦੀ ਦੇ ਨਾਅਰੇ ਲਾਏ ਜਾਂਦੇ ਹਨ ਅਤੇ ਇਹ ਨਾਅਰੇ ਭਾਜਪਾ ਜਾਂ ਮੋਦੀ ਲਈ ਨਹੀਂ, ਇਹ ਨਾਅਰੇ ਦੇਸ਼ ਦੇ ਸਨਮਾਨ ਲਈ ਲਗਾਏ ਜਾਂਦੇ ਹਨ।
ਇਸ ਤੋਂ ਪਹਿਲਾਂ ਸੁਨੀਲ ਜਾਖੜ ਨੇ ਵਰਕਰਾਂ ਨੂੰ ਸੰਬੋਧਨ ਕੀਤਾ। ਇਸ ਦੌਰਾਨ ਜਾਖੜ ਨੇ ਫੌਜ ਵਿੱਚ ਗੁਰਦਾਸਪੁਰ ਦੇ ਲੋਕਾਂ ਦੇ ਯੋਗਦਾਨ ਬਾਰੇ ਦੱਸਿਆ। ਇਸ ਦੇ ਨਾਲ ਹੀ ਉਨ੍ਹਾਂ ਕਿਸਾਨਾਂ ਦੀ ਵੀ ਗੱਲ ਕੀਤੀ ਅਤੇ ਇੱਥੋਂ ਦੀ ਲੀਚੀ ਅਤੇ ਗੰਨੇ ਦੀ ਪੈਦਾਵਾਰ ਵਿੱਚ ਗੁਰਦਾਸਪੁਰ ਦੇ ਯੋਗਦਾਨ ਬਾਰੇ ਵੀ ਗੱਲ ਕੀਤੀ। ਜਾਖੜ ਨੇ ਕਿਹਾ ਕਿ ਗੁਰਦਾਸਪੁਰ ਦੇ ਲੋਕਾਂ ਵਿੱਚ ਹੁਨਰ ਹੈ, ਉਨ੍ਹਾਂ ਨੂੰ ਸਿਰਫ਼ ਇੱਕ ਮੌਕੇ ਦੀ ਲੋੜ ਹੈ।
ਜ਼ਿਕਰ ਕਰ ਦਈਏ ਕਿ ਬਾਲੀਵੁੱਡ ਸਟਾਰ ਸੰਨੀ ਦਿਓਲ ਇਸ ਸਮੇਂ ਗੁਰਦਾਸਪੁਰ ਸੀਟ ਤੋਂ ਸੰਸਦ ਮੈਂਬਰ ਹਨ। ਹਾਲਾਂਕਿ, ਵਿਰੋਧੀ ਅਕਸਰ ਭਾਜਪਾ ਦੀ ਇੱਥੇ ਗੈਰ-ਮੌਜੂਦਗੀ ਲਈ ਆਲੋਚਨਾ ਕਰਦੇ ਹਨ। ਇਸ ਸੀਟ 'ਤੇ ਜ਼ਿਆਦਾਤਰ ਸ਼ਹਿਰੀ ਖੇਤਰ ਹਨ, ਇਸ ਲਈ ਭਾਜਪਾ ਅਗਲੇ ਸਾਲ ਹੋਣ ਵਾਲੀਆਂ ਚੋਣਾਂ 'ਚ ਇਸ ਨੂੰ ਗੁਆਉਣਾ ਨਹੀਂ ਚਾਹੁੰਦੀ। ਇਸੇ ਲਈ ਗੁਰਦਾਸਪੁਰ ਵਿੱਚ ਸ਼ਾਹ ਦੀ ਰੈਲੀ ਰੱਖੀ ਗਈ ਹੈ। ਗੁਰਦਾਸਪੁਰ ਅਤੇ ਪਠਾਨਕੋਟ ਜ਼ਿਲ੍ਹਿਆਂ ਦੇ 9 ਵਿਧਾਨ ਸਭਾ ਹਲਕਿਆਂ ਦੇ ਆਗੂਆਂ ਤੇ ਵਰਕਰਾਂ ਨੂੰ ਇੱਥੇ ਸੱਦਿਆ ਗਿਆ ਹੈ।