ਚੰਡੀਗੜ੍ਹ: ਭਾਰਤ-ਚੀਨ ਸਰਹੱਦ ‘ਤੇ ਪੂਰਬੀ ਲੱਦਾਖ ਦੀ ਗਲਵਾਨ ਘਾਟੀ ‘ਚ ਐਤਵਾਰ ਰਾਤ ਨੂੰ ਚੀਨੀ ਸੈਨਿਕਾਂ ਨਾਲ ਹੋਈ ਹਿੰਸਕ ਝੜਪ ‘ਚ ਭਾਰਤੀ ਫ਼ੌਜ ਦੇ ਕਰਨਲ ਸਣੇ 20 ਜਵਾਨ ਸ਼ਹੀਦ ਹੋ ਗਏ ਹਨ। ਦੱਸ ਦਈਏ ਕਿ ਦੇਸ਼ ਲਈ ਸ਼ਹੀਦ  ਹੋਣ ਵਾਲੇ ਇਨ੍ਹਾਂ 20 ਜਵਾਨਾਂ ਦੇ ਨਾਂ ਸਾਹਮਣੇ ਆ ਚੁੱਕੇ ਹਨ। ਇਨ੍ਹਾਂ ਸ਼ਹੀਦ ਹੋਣ ਵਾਲੇ ਜਵਾਨਾਂ ਵਿੱਚ ਚਾਰ ਪੰਜਾਬ ਤੋਂ ਹਨ।


ਜਾਣਕਾਰੀ ਮੁਤਾਬਕ ਪੰਜਾਬ ਦੇ ਚਾਰ ਜਵਾਨਾਂ ‘ਚ ਪਟਿਆਲਾ ਦਾ ਮਨਦੀਪ ਸਿੰਘ, ਮਾਨਸਾ ਦਾ ਗੁਰਤੇਜ ਸਿੰਘ, ਗੁਰਦਾਸਪੁਰ ਦਾ ਸਤਨਾਮ ਸਿੰਘ ਤੇ ਸੰਗਰੂਰ ਦਾ ਗੁਰਬਿੰਦਰ ਸਿੰਘ ਸ਼ਾਮਲ ਹਨ। ਦੋਵਾਂ ਦੇਸ਼ਾਂ ਦੀਆਂ ਫ਼ੌਜਾਂ ਵਿਚਾਲੇ ਤਿੰਨ ਘੰਟੇ ਤਕ ਪੱਥਰਬਾਜ਼ੀ ਤੇ ਡਾਂਗਾਂ-ਸੋਟਿਆਂ ਨਾਲ ਜ਼ਬਰਦਸਤ ਝੜਪ ਹੋਈ ਸੀ।

ਲੱਦਾਖ ਨੇੜੇ ਚੀਨੀ ਸੈਨਿਕਾਂ ਨਾਲ ਹੋਈ ਹਿੰਸਕ ਝੜਪ ‘ਚ ਜ਼ਿਲ੍ਹਾ ਸੰਗਰੂਰ ਦੇ ਪਿੰਡ ਤੋਲਾਵਾਲ ਦਾ ਇੱਕ ਸੈਨਿਕ ਸ਼ਹੀਦ ਹੋ ਗਿਆ ਹੈ। ਸ਼ਹੀਦ ਹੋਇਆ ਗੁਰਬਿੰਦਰ ਸਿੰਘ ਤਿੰਨ ਭੈਣ-ਭਰਾਵਾਂ ਚੋਂ ਸਭ ਤੋਂ ਛੋਟਾ ਸੀ। ਸ਼ਹੀਦ ਦਾ ਜਲਦ ਹੀ ਵਿਆਹ ਹੋਣ ਵਾਲਾ ਸੀ।



ਪਟਿਆਲਾ ਜ਼ਿਲ੍ਹੇ ਦੇ ਨਾਇਬ ਸੂਬੇਦਾਰ ਮਨਦੀਪ ਸਿੰਘ ਵੀ ਸ਼ਹੀਦ ਹੋ ਗਏ ਹਨ। ਸ਼ਹੀਦ ਨਾਇਬ ਸੂਬੇਦਾਰ ਮਨਦੀਪ ਸਿੰਘ ਘਨੌਰ ਨੇੜਲੇ ਪਿੰਡ ਸੀਲ ਦਾ ਰਹਿਣ ਵਾਲਾ ਸੀ ਅਤੇ ਕੁੱਝ ਸਮਾਂ ਪਹਿਲਾਂ ਹੀ ਛੁੱਟੀ ਕੱਟ ਕੇ ਗਿਆ ਸੀ। ਇਸ ਦੇ ਇਲਾਵਾ ਜ਼ਿਲ੍ਹਾ ਗੁਰਦਾਸਪੁਰ ਦਾ ਵਸਨੀਕ ਨਾਇਬ ਸੂਬੇਦਾਰ ਸਤਨਾਮ ਸਿੰਘ ਵੀ ਸ਼ਹੀਦ ਹੋ ਗਿਆ ਹੈ,ਜਿਸ ਨਾਲ ਪੰਜਾਬ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ।

ਮਾਨਸਾ ਦੇ ਪਿੰਡ ਬੀਰੇਵਾਲਾ ਡੋਗਰਾ ਦਾ ਜਾਂਬਾਂਜ ਸੈਨਿਕ ਗੁਰਤੇਜ ਸਿੰਘ (23) ਪੁੱਤਰ ਵਿਰਸਾ ਸਿੰਘ ਸ਼ਹੀਦ ਹੋ ਗਿਆ ਹੈ। ਤਿੰਨ ਭਰਾਵਾਂ ਚੋਂ ਸਭ ਤੋਂ ਛੋਟਾ ਗੁਰਤੇਜ ਕੁਝ ਸਾਲ ਪਹਿਲਾਂ ਹੀ ਭਾਰਤੀ ਫ਼ੌਜ ‘ਚ ਭਰਤੀ ਹੋਇਆ ਸੀ, ਜਿਸ ਨੇ ਆਪਣੀ ਫ਼ੌਜੀ ਸਿਖਲਾਈ ਤੋਂ ਬਾਅਦ ਸਿੱਖ ਰੈਜਮੈਂਟ ਅਧੀਨ ਪਹਿਲੀ ਵਾਰ ਲੇਹ-ਲੱਦਾਖ ‘ਚ ਕਮਾਨ ਸੰਭਾਲੀ ਸੀ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904