ਸਮਰਾਲਾ : ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਕਾਂਗਰਸ ਨੇ ਬੀਤੀ ਦੇਰ ਉਮੀਦਵਾਰਾਂ ਦੀ ਦੂਜੀ ਲਿਸਟ ਵੀ ਜਾਰੀ ਕਰ ਦਿੱਤੀ ਹੈ। ਇਸ ਲਿਸਟ ਵਿੱਚ ਕਾਂਗਰਸ ਦੇ ਕਈ ਨੇਤਾਵਾਂ ਦੀਆਂ ਟਿਕਟਾਂ ਕੱਟੀਆਂ ਗਈਆਂ ਹਨ। ਹਲਕਾ ਸਮਰਾਲਾ ਤੋਂ ਕਾਂਗਰਸ ਦੇ ਚਾਰ ਵਾਰ ਵਿਧਾਇਕ ਰਹੇ ਅਮਰੀਕ ਸਿੰਘ ਢਿੱਲੋਂ ਦੀ ਟਿਕਟ ਕੱਟੇ ਜਾਣ ਤੋਂ ਬਾਅਦ ਇਹ ਟਿਕਟ ਖੰਨਾ ਤੋਂ ਵਿਧਾਇਕ ਅਤੇ ਕੈਬਨਿਟ ਮੰਤਰੀ ਗੁਰਕੀਰਤ ਸਿੰਘ ਕੋਟਲੀ ਦੇ ਕਰੀਬੀ ਰੁਪਿੰਦਰ ਸਿੰਘ ਰਾਜਾ ਗਿੱਲ ਨੂੰ ਦਿੱਤੀ ਗਈ ਹੈ।


 

ਜਿਸ ਤੋਂ ਬਾਅਦ ਅਮਰੀਕ ਸਿੰਘ ਢਿੱਲੋਂ ਨੇ ਹਾਈਕਮਾਂਡ ਨੂੰ ਪੱਤਰ ਲਿਖਿਆ ਹੈ। ਫੈਸਲੇ 'ਤੇ ਵਿਚਾਰ ਕਰਨ ਲਈ ਫੈਸਲਾ ਵਾਪਸ ਨਾ ਲੈਣ ਦੀ ਸੂਰਤ 'ਚ ਢਿੱਲੋਂ ਨੇ ਆਪਣੇ ਸਮਰਥਕਾਂ ਨਾਲ ਗੱਲਬਾਤ ਕੀਤੀ ਅਤੇ ਆਜ਼ਾਦ ਚੋਣ ਲੜਨ ਦਾ ਐਲਾਨ ਕੀਤਾ ਹੈ। ਢਿੱਲੋਂ ਨੇ ਕਿਹਾ ਕਿ ਰਾਜਾ ਗਿੱਲ ਦੀ ਭੈਣ ਰਾਜਸਥਾਨ ਵਿੱਚ ਵਿਆਹੀ ਹੋਈ ਹੈ, ਰਾਜਾ ਗਿੱਲ ਨੂੰ ਰਾਜਸਥਾਨ ਵਿੱਚ ਹੀ ਹਰੀਸ਼ ਚੌਧਰੀ ਨਾਲ ਸੈਟਿੰਗ ਹੋਣ ਤੋਂ ਬਾਅਦ ਟਿਕਟ ਮਿਲੀ ਹੈ। ਇਸ ਦਾ ਖਮਿਆਜ਼ਾ ਕਾਂਗਰਸ ਨੂੰ ਸਮਰਾਲਾ, ਖੰਨਾ, ਪਾਇਲ ਅਤੇ ਹੋਰ ਕਈ ਸੀਟਾਂ 'ਤੇ ਭੁਗਤਣਾ ਪਵੇਗਾ।

 

ਇਸ ਦੇ ਇਲਾਵਾ ਫ਼ਿਰੋਜ਼ਪੁਰ ਦਿਹਾਤੀ ਦੇ ਮੌਜੂਦਾ ਵਿਧਾਇਕ ਸਤਕਾਰ ਕੌਰ ਗਹਿਰੀ ਦੀ ਵੀ ਇਸ ਵਾਰ ਟਿਕਟ ਕੱਟੀ ਗਈ ਹੈ। ਫ਼ਿਰੋਜ਼ਪੁਰ ਦਿਹਾਤੀ ਤੋਂ ਆਮ ਆਦਮੀ ਪਾਰਟੀ ਤੋਂ ਆਏ ਆਸ਼ੂ ਬੰਗੜ ਨੂੰ ਕਾਂਗਰਸ ਤੋਂ ਟਿਕਟ ਮਿਲੀ ਹੈ। ਸਤਕਾਰ ਕੌਰ ਗਹਿਰੀ ਦੇ ਪਤੀ ਜਸਮੇਲ ਸਿੰਘ ਲਾਡੀ ਗਹਿਰੀ ਟਿਕਟ ਨਾ ਮਿਲਣ 'ਤੇ ਰੋਂਦੇ ਨਜ਼ਰ ਆਏ ਹਨ। ਜਸਮੇਲ ਸਿੰਘ ਲਾਡੀ ਗਹਿਰੀ ਨੇ ਕਿਹਾ ਕਿ ਮੇਰੇ ਨਾਲ ਇਨਸਾਫ਼ ਨਹੀਂ ਹੋਇਆ, ਪਾਰਟੀ ਨੂੰ ਮੇਰੇ ਬਾਰੇ ਸੋਚਣਾ ਚਾਹੀਦਾ ਸੀ ਪਰ ਮੈਂ ਪਾਰਟੀ 'ਚ ਹੀ ਰਹਾਂਗਾ। ਆਮ ਆਦਮੀ ਪਾਰਟੀ 'ਚੋਂ ਆਏ ਆਸ਼ੂ ਬੰਗੜ ਨੂੰ ਟਿਕਟ ਮਿਲਣ 'ਤੇ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਪਾਰਟੀ ਨਹੀਂ ਛੱਡਣੀ ਚਾਹੀਦੀ ਸੀ , ਪਾਰਟੀ ਮਾਂ ਪਾਰਟੀ ਹੁੰਦੀ ਹੈ, ਮੈਂ ਕਾਂਗਰਸ ਪਾਰਟੀ ਨਾਲ ਰਹਾਂਗਾ।