ਚੰਡੀਗੜ੍ਹ: ਪੰਜਾਬ 'ਚ ਮਾਫੀਆ ਦੇ ਮੁੱਦੇ 'ਤੇ ਕਾਂਗਰਸ ਨੇ ਇੱਕ ਵਾਰ ਫਿਰ ਸਿੱਧੇ ਤੌਰ 'ਤੇ ਅਰਵਿੰਦ ਕੇਜਰੀਵਾਲ ਨੂੰ ਘੇਰਿਆ ਹੈ। ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਰਾਜਾ ਵੜਿੰਗ ਨੇ ਕੇਜਰੀਵਾਲ ਨੂੰ ਕਿਹਾ ਕਿ ਰਿਸ਼ਵਤ ਲੈਣਾ, ਦੇਣਾ ਤੇ ਮੁੱਖ ਮੰਤਰੀ ਨੂੰ ਪੇਸ਼ ਕਰਨਾ ਵੀ ਬਹੁਤ ਗੰਭੀਰ ਅਪਰਾਧ ਹੈ। ਹੁਣ ਅਜਿਹੇ ਰਿਸ਼ਵਤ ਦੇਣ ਵਾਲੇ ਮਾਫੀਆ ਦੇ ਨਾਮ ਜਨਤਕ ਨਾ ਕਰਕੇ ਜਾਂ ਉਨ੍ਹਾਂ ਖਿਲਾਫ ਕਾਰਵਾਈ ਨਾ ਕਰਕੇ ਤੁਸੀਂ ਆਪਣੀ ਸ਼ਮੂਲੀਅਤ ਜਾਂ ਮੋਨ ਸਮਰਥਨ ਦੇ ਰਹੇ ਹੋ। ਵੜਿੰਗ ਨੇ ਚੁਣੌਤੀ ਦੇ ਲਹਿਜੇ 'ਚ ਕੇਜਰੀਵਾਲ ਨੂੰ ਪੁੱਛਿਆ ਕਿ ਕੀ ਉਹ ਮਾਫੀਆ ਦੇ ਨਾਂ ਜਨਤਕ ਕਰਨਗੇ। ਇਸ ਮਾਮਲੇ 'ਤੇ 'ਆਪ' ਨੇ ਕਿਹਾ ਕਿ ਸਰਕਾਰ ਕਾਰਵਾਈ ਕਰ ਰਹੀ ਹੈ। ਮਾਫੀਆ ਰਾਤੋ-ਰਾਤ ਖਤਮ ਨਹੀਂ ਹੋਵੇਗਾ।





ਪੰਜਾਬ 'ਚ ਸਰਕਾਰ ਬਣਨ ਤੋਂ ਬਾਅਦ ਅਰਵਿੰਦ ਕੇਜਰੀਵਾਲ ਨੇ ਕਿਹਾ ਸੀ ਕਿ ਜਦੋਂ ਸੂਬੇ 'ਚ ਉਨ੍ਹਾਂ ਦੀ ਸਰਕਾਰ ਬਣੀ ਤਾਂ ਪੰਜਾਬ ਨੂੰ ਲੁੱਟਣ ਵਾਲੇ ਮਾਫੀਆ ਨੇ ਉਨ੍ਹਾਂ ਤੱਕ ਪਹੁੰਚ ਕਰਨੀ ਸ਼ੁਰੂ ਕਰ ਦਿੱਤੀ। ਮੈਨੂੰ, ਮੁੱਖ ਮੰਤਰੀ ਭਗਵੰਤ ਮਾਨ, ਮੰਤਰੀਆਂ, ਵਿਧਾਇਕਾਂ ਤੇ ਪਾਰਟੀ ਆਗੂਆਂ ਨਾਲ ਸੰਪਰਕ ਕੀਤਾ। ਮਾਫੀਆ ਨੇ ਪੁੱਛਿਆ ਦੱਸੋ, ਤੁਹਾਡੇ ਇੱਥੇ ਕੀ ਸਿਸਟਮ ਚੱਲਦਾ ਹੈ? ਕਿਸ ਨੂੰ ਪੈਸੇ ਦੇਣੇ ਹੁੰਦੇ ਹਨ? ਕਿਵੇਂ ਦੇਣੇ ਹਨ? ਕੀ ਕਰਨਾ ਹੁੰਦਾ ਹੈ? ਕੇਜਰੀਵਾਲ ਨੇ ਕਿਹਾ ਕਿ ਮੈਂ ਸਾਰਿਆਂ ਨੂੰ ਕਿਹਾ ਕਿ ਇਮਾਨਦਾਰੀ ਨਾਲ ਕੰਮ ਕਰੋ ਨਹੀਂ ਤਾਂ ਸਾਰਿਆਂ ਨੂੰ ਜੇਲ੍ਹ ਭੇਜ ਦੇਵਾਂਗਾ। ਇੱਕ ਮਹੀਨੇ ਵਿੱਚ ਸਭ ਕੁਝ ਠੀਕ ਹੋ ਗਿਆ। ਹੁਣ ਵੜਿੰਗ ਇੱਕ ਵੀਡੀਓ ਜ਼ਰੀਏ ਕੇਜਰੀਵਾਲ 'ਤੇ ਨਿਸ਼ਾਨਾ ਸਾਧ ਰਹੇ ਹਨ।

ਪੰਜਾਬ ਚੋਣਾਂ 'ਚ ਮਾਫੀਆ ਦੇ ਮੁੱਦੇ 'ਤੇ ਕਾਫੀ ਸਿਆਸਤ ਹੋਈ ਸੀ। ਸੂਬੇ 'ਚ ਰੇਤ, ਟਰਾਂਸਪੋਰਟ ਤੇ ਡਰੱਗ ਮਾਫੀਆ ਦੇ ਨਾਂ 'ਤੇ ਆਗੂਆਂ ਵਿਚਾਲੇ ਕਾਫੀ ਜ਼ੁਬਾਨੀ ਜੰਗ ਵੀ ਹੋਈ ਸੀ। ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੱਧੂ ਨੇ ਵੀ ਮਾਫੀਆ ਨੂੰ ਖਤਮ ਕਰਨ ਲਈ ਪੰਜਾਬ ਮਾਡਲ ਤਿਆਰ ਕੀਤਾ ਸੀ। ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਨੇ ਵੀ ਮਾਫੀਆ ਨੂੰ ਖਤਮ ਕਰਨ ਦਾ ਦਾਅਵਾ ਕੀਤਾ ਸੀ, ਜਿਸ 'ਤੇ ਪੰਜਾਬ ਦੇ ਲੋਕਾਂ ਨੇ ਭਰੋਸਾ ਕੀਤਾ। 'ਆਪ' ਨੇ ਪੰਜਾਬ ਚੋਣਾਂ 'ਚ 117 'ਚੋਂ 92 ਸੀਟਾਂ ਜਿੱਤੀਆਂ ਹਨ। ਦੂਜੇ ਪਾਸੇ ਕਾਂਗਰਸ ਸਿਰਫ਼ 18 ਸੀਟਾਂ 'ਤੇ ਹੀ ਸਿਮਟ ਗਈ।

ਇਸ ਮਾਮਲੇ ਵਿੱਚ ਆਮ ਆਦਮੀ ਪਾਰਟੀ ਦੇ ਬੁਲਾਰੇ ਮਾਲਵਿੰਦਰ ਕੰਗ ਨੇ ਕਿਹਾ ਕਿ ਮਾਫੀਆ ਦੀ ਤਹਿ ਤੱਕ ਜਾਣਾ ਪਵੇਗਾ। ਮਾਫੀਆ ਰਾਤੋ-ਰਾਤ ਖਤਮ ਨਹੀਂ ਹੋਵੇਗਾ। ਮਾਫੀਆ ਦੀਆਂ ਜੜ੍ਹਾਂ ਬਹੁਤ ਡੂੰਘੀਆਂ ਹਨ। ਕਾਂਗਰਸ ਵਿਰੋਧੀ ਪਾਰਟੀ ਹੈ, ਉਨ੍ਹਾਂ ਨੂੰ ਖ਼ਬਰਾਂ ਵਿਚ ਆਉਣ ਲਈ ਕੁਝ ਨਾ ਕੁਝ ਕਰਨਾ ਹੀ ਪੈਂਦਾ ਹੈ। ਹੌਲੀ-ਹੌਲੀ 'ਆਪ' ਸਰਕਾਰ ਸਾਰੇ ਮਾਫੀਆ ਦੇ ਨਾਮ ਦਾ ਪਰਦਾਫਾਸ਼ ਕਰੇਗੀ।