Punjab News: ਪੰਜਾਬ 'ਚ ਜ਼ਿਮਨੀ ਚੋਣਾਂ ਨੂੰ ਲੈ ਕੇ ਲਗਾਤਾਰ ਹੁਣ ਉਮੀਦਵਾਰਾਂ ਦੇ ਵੱਲੋਂ ਆਪਣੀਆਂ ਨਾਮਜ਼ਦਗੀਆਂ ਭਰਨ ਦਾ ਸਿਲਸਿਲਾ ਸ਼ੁਰੂ ਹੋ ਚੁੱਕਾ ਹੈ। ਅੱਜ ਗਿੱਦੜਬਾਹਾ ਤੋਂ ਕਾਂਗਰਸ ਉਮੀਦਵਾਰ ਅੰਮ੍ਰਿਤਾ ਵੜਿੰਗ ਵੱਲੋਂ ਆਪਣੀ ਨਾਮਜ਼ਦਗੀ ਭਰੀ ਗਈ ਹੈ। ਇਸ ਮੌਕੇ ਉਨ੍ਹਾਂ ਦੇ ਪਤੀ ਰਾਜਾ ਵੜਿੰਗ ਵੀ ਨਾਲ ਨਜ਼ਰ ਆਏ। ਇਸ ਮੌਕੇ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸ਼੍ਰੋਮਣੀ ਅਕਾਲੀ ਦਲ ਉੱਤੇ ਜ਼ਿਮਨੀ ਚੋਣਾਂ ਨਾ ਲੜਨਾ ਨੂੰ ਲੈ ਕੇ ਤੰਜ ਕੱਸਿਆ।
ਦੂਜੇ ਆਗੂ ਚੋਣ ਮੈਦਾਨ ਵਿੱਚੋਂ ਕਿਉਂ ਭੱਜੇ
ਗਿੱਦੜਬਾਹਾ ਵਿਖੇ ਆਪਣੀ ਧਰਮ ਪਤਨੀ ਅੰਮ੍ਰਿਤਾ ਵੜਿੰਗ ਦੇ ਕਾਗਜ਼ ਦਾਖਲ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦਾ ਜ਼ਿਮਨੀ ਚੋਣਾਂ ਨਾ ਲੜਨਾ ਇੱਕ ਸਕ੍ਰਿਪਟ ਸਟੋਰੀ ਹੈ। ਜੇਕਰ ਸੁਖਬੀਰ ਸਿੰਘ ਬਾਦਲ ਤਨਖਾਹੀਆ ਕਰਾਰ ਹਨ ਤਾਂ ਦੂਜੇ ਆਗੂ ਚੋਣ ਮੈਦਾਨ ਵਿੱਚੋਂ ਕਿਉਂ ਭੱਜੇ।
ਲੋਕਾਂ ਨੂੰ ਹੁਣ ਸੁਖਬੀਰ ਸਿੰਘ ਬਾਦਲ ਤੇ ਵਿਸ਼ਵਾਸ਼ ਨਹੀਂ
ਚਾਰ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਹੀ ਉਮੀਦਵਾਰ ਇਨ੍ਹਾਂ ਕੋਲ ਨਹੀਂ ਸਨ। ਜਿਸ ਤਰ੍ਹਾਂ ਮੈਂ ਬਹੁਤ ਸਮੇਂ ਤੋਂ ਕਹਿ ਰਿਹਾ ਹਾਂ ਕਿ ਤਾਏ ਚਾਚੇ ਦੇ ਪੁੱਤ ਵਿੱਚ ਸਮਝੌਤਾ ਹੈ। ਉਹ ਗੱਲ ਸਹੀ ਸਾਬਿਤ ਹੋ ਰਹੀ ਹੈ। ਸ਼੍ਰੋਮਣੀ ਅਕਾਲੀ ਦਲ ਭਾਜਪਾ ਨਾਲ ਰਲਿਆ-ਮਿਲਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਹੁਣ ਸੁਖਬੀਰ ਸਿੰਘ ਬਾਦਲ ਤੇ ਵਿਸ਼ਵਾਸ਼ ਨਹੀਂ ਰਿਹਾ।
ਉਨ੍ਹਾਂ ਕਿਹਾ ਕਿ ਰਾਜਨੀਤੀ ਵਿੱਚ ਮੈਨੂੰ ਕਾਮਯਾਬ ਕਰਨ ਲਈ ਅੰਮ੍ਰਿਤਾ ਵੜਿੰਗ ਦਾ ਵੱਡਾ ਰੋਲ ਹੈ। ਅੰਮ੍ਰਿਤਾ ਨੇ ਵੀ ਸਮਾਜ ਸੇਵਾ ਦੇ ਖੇਤਰ ਵਿੱਚ ਬੜਾ ਪਿਆਰ ਅਤੇ ਵਿਸ਼ਵਾਸ ਪੈਦਾ ਕੀਤਾ ਹੈ। ਉਨ੍ਹਾਂ ਕਿਹਾ ਕਿ 6 ਸਾਲ ਦੀ ਉਮਰ ਵਿੱਚ ਮੇਰੀ ਮਾਂ ਦਾ ਵਿਛੋੜਾ ਅਤੇ 9 ਸਾਲ ਦੀ ਉਮਰ ਵਿੱਚ ਬਾਪ ਦਾ ਵਿਛੋੜਾ ਹੋਣ ਕਾਰਨ ਮੈਨੂੰ ਆਪਣੇ ਤੌਰ 'ਤੇ ਮਜ਼ਬੂਤ ਹੋਣਾ ਪਿਆ ਤੇ ਕਠਿਨ ਫੈਸਲੇ ਲੈਣੇ ਪਏ। ਮੈਂ ਜੋ ਵੀ ਫੈਸਲੇ ਲਏ ਹਨ ਆਪਣੇ ਦਿਲ ਅਤੇ ਦਿਮਾਗ ਨਾਲ ਲਏ ਹਨ। ਜਿਸ ਤਰ੍ਹਾਂ ਲੋਕ ਸਭਾ ਵਿੱਚ ਕਾਂਗਰਸ ਸੱਤ ਸੀਟਾਂ ਜਿੱਤ ਕੇ ਵੱਡੀ ਪਾਰਟੀ ਵਜੋਂ ਉਭਰੀ, ਉਸੇ ਤਰ੍ਹਾਂ ਹੀ ਜ਼ਿਮਨੀ ਚੋਣਾਂ ਵਿੱਚ ਕਾਂਗਰਸ ਵੱਡੀ ਪਾਰਟੀ ਬਣੇਗੀ।