Amritpal Singh: ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਨੇ ਦਾਅਵਾ ਕੀਤਾ ਹੈ ਕਿ ਵਾਇਰਲ ਕੀਤੀ ਜਾ ਰਹੀ ਵਟਸਐਪ ਚੈਟ ਫਰਜ਼ੀ ਹੈ। ਉਨ੍ਹਾਂ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮਾਰਨ ਦੀ ਸਾਜ਼ਿਸ਼ ਦੇ ਦਾਅਵਿਆਂ ਨੂੰ ਵੀ ਰੱਦ ਕੀਤਾ ਹੈ। ਉਨ੍ਹਾਂ ਕਿਹਾ ਹੈ ਕਿ ਅੰਮ੍ਰਿਤਪਾਲ ਸਿੰਘ ਨੂੰ ਬਦਨਾਮ ਕੀਤਾ ਜਾ ਰਿਹਾ ਹੈ। ਸਰਕਾਰ ਦੇ ਲੋਕ ਖੁਦ ਫਰਜ਼ੀ ਚੈਟ ਜਾਰੀ ਕਰਕੇ ਬਿਆਨ ਦੇ ਰਹੇ ਹਨ। ਇਹ ਦਾਅਵੇ ਉਨ੍ਹਾਂ ਨੇ ਹਿੰਦੀ ਅਖਬਾਰ ਨੂੰ ਦਿੱਤੇ ਇੰਟਰਵਿਊ ਵਿੱਚ ਕੀਤੇ।

ਦੱਸ ਦਈਏ ਕਿ ਪੰਜਾਬ ਪੁਲਿਸ ਨੇ ਦਾਅਵਾ ਕੀਤਾ ਸੀ ਕਿ ਅੰਮ੍ਰਿਤਪਾਲ ਸਿੰਘ ਦੇ ਸਮਰਥਕ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮਾਰਨ ਦੀ ਤਿਆਰੀ ਕਰ ਰਹੇ ਸਨ। ਹਾਲਾਂਕਿ, ਉਨ੍ਹਾਂ ਦੇ ਅਪਰਾਧ ਨੂੰ ਅੰਜਾਮ ਦੇਣ ਤੋਂ ਪਹਿਲਾਂ ਹੀ ਵਟਸਐਪ ਗਰੁੱਪ ਚੈਟ ਲੀਕ ਹੋ ਗਈ ਸੀ। ਇਹ ਵਟਸਐਪ ਗਰੁੱਪ 'ਵਾਰਿਸ ਪੰਜਾਬ ਦੇ' ਤੇ 'ਅਕਾਲੀ ਦਲ ਮੋਗਾ ਜਥੇਬੰਦੀ' ਦੇ ਨਾਮ 'ਤੇ ਬਣਾਏ ਗਏ ਸਨ। ਚੈਟ ਦੇ ਅਨੁਸਾਰ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਤੇ ਸੀਨੀਅਰ ਅਕਾਲੀ ਨੇਤਾ ਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਵੀ ਉਨ੍ਹਾਂ ਦੀ ਹਿੱਟ ਲਿਸਟ ਵਿੱਚ ਸਨ। ਇਸ ਆਧਰ ਉਪਰ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ 'ਤੇ ਲਗਾਏ ਗਏ NSA ਨੂੰ ਤੀਜੀ ਵਾਰ ਵਧਾਇਆ ਗਿਆ ਹੈ। 

ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਨੇ ਕਿਹਾ ਕਿ ਇਹ ਘੱਟ ਗਿਣਤੀਆਂ ਨਾਲ ਕੀ ਹੋ ਰਿਹਾ ਹੈ, ਇਸ ਦੀ ਸਿੱਧੀ ਉਦਾਹਰਣ ਹੈ। NSA ਇੱਕ ਸਾਲ ਲਈ ਹੈ। ਇਸ ਨੂੰ ਤੀਜੀ ਵਾਰ ਵਧਾਉਣਾ ਲੋਕਤੰਤਰ ਦਾ ਕਤਲ ਹੈ। ਇਹ ਬਹੁਤ ਹੀ ਘਿਣਾਉਣੀ ਕਾਰਵਾਈ ਹੈ ਜੋ ਲੋਕ ਇਨਸਾਫ ਪਸੰਦ ਕਰਦੇ ਹਨ, ਉਹ ਇਸ ਦੀ ਨਿੰਦਾ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਸਰਕਾਰਾਂ ਸੋਚਦੀਆਂ ਹਨ ਕਿ ਉਹ ਅੰਮ੍ਰਿਤਪਾਲ ਸਿੰਘ ਨੂੰ ਇਕੱਲਾ ਰੱਖ ਕੇ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਕਰ ਸਕਦੇ ਹਨ, ਪਰ ਅਜਿਹਾ ਨਹੀਂ ਹੋਏਗਾ। ਸਾਡੇ ਤੇ ਸਾਡੇ ਸਮਰਥਕਾਂ ਦੇ ਮਨ ਵਿੱਚ ਇੱਕ ਗੱਲ ਹੈ ਕਿ ਉਸ ਨੂੰ ਇਕੱਲਾ ਰੱਖ ਕੇ ਜਾਂ ਉਸ ਦੇ ਖਾਣੇ ਵਿੱਚ ਕੁਝ ਮਿਲਾ ਕੇ ਉਸ ਨੂੰ ਨੁਕਸਾਨ ਨਾ ਪਹੁੰਚਾਇਆ ਜਾਵੇ।

ਉਨ੍ਹਾਂ ਨੇ ਕਿਹਾ ਕਿ ਉਸ ਦਾ ਕਸੂਰ ਇਹ ਹੈ ਕਿ ਉਹ ਨਸ਼ਿਆਂ ਦੇ ਦਰਿਆ ਨੂੰ ਰੋਕਣ ਲਈ ਅੱਗੇ ਆਇਆ ਸੀ। ਬਿਕਰਮ ਮਜੀਠੀਆ ਵਰਗੇ ਲੋਕ ਹੁਣ ਰੌਲਾ ਪਾ ਰਹੇ ਹਨ ਕਿ ਇਹ ਸਭ ਅੰਮ੍ਰਿਤਪਾਲ ਦੇ ਆਉਣ ਕਾਰਨ ਹੋਇਆ ਪਰ ਜੋ ਹਾਲਾਤ ਪੈਦਾ ਹੋਏ ਹਨ, ਉਹ ਉਨ੍ਹਾਂ ਦੀ ਸਰਕਾਰ ਦੌਰਾਨ ਪੈਦਾ ਹੋਏ ਹਨ। ਸਾਡੇ ਨੌਜਵਾਨਾਂ ਨੂੰ ਰਾਜਨੀਤੀ ਲਈ ਗੈਂਗਸਟਰ ਬਣਾਇਆ ਗਿਆ ਤੇ ਬੇਘਰ ਕਰ ਦਿੱਤਾ ਗਿਆ। ਇਹ ਸਭ ਕੁਝ ਉਨ੍ਹਾਂ ਦਾ ਯੋਗਦਾਨ ਹੈ। ਅੰਮ੍ਰਿਤਪਾਲ ਸਾਰਿਆਂ ਨੂੰ ਨਸ਼ਿਆਂ ਤੋਂ ਬਾਹਰ ਕੱਢ ਰਿਹਾ ਸੀ ਤੇ ਉਨ੍ਹਾਂ ਨੂੰ ਗੁਰੂਆਂ ਨਾਲ ਜੋੜ ਰਿਹਾ ਸੀ।

ਉਨ੍ਹਾਂ ਨੇ ਕਿਹਾ ਕਿ ਜੱਲੂਪੁਰ ਖੇੜਾ ਨਸ਼ਿਆਂ ਤੋਂ ਮੁਕਤ ਹੋ ਗਿਆ ਸੀ। ਇੱਥੇ ਕੋਈ ਲੁੱਟ-ਖੋਹ ਨਹੀਂ ਹੁੰਦੀ ਸੀ ਪਰ ਹੁਣ ਇੱਥੇ ਵੀ ਦਿਨ-ਦਿਹਾੜੇ ਘਟਨਾਵਾਂ ਵਾਪਰ ਰਹੀਆਂ ਹਨ। ਘਰੋਂ ਨਿਕਲਣਾ ਮੁਸ਼ਕਲ ਹੈ। ਸਰਕਾਰ ਇੱਥੇ ਨਸ਼ੇ ਲਿਆ ਰਹੀ ਹੈ, ਤਾਂ ਜੋ ਇਹ ਦਿਖਾਇਆ ਜਾ ਸਕੇ ਕਿ ਅੰਮ੍ਰਿਤਪਾਲ ਦਾ ਆਪਣਾ ਪਿੰਡ ਨਸ਼ਿਆਂ ਤੋਂ ਪੀੜਤ ਹੈ। ਉਨ੍ਹਾਂ ਨੇ ਕਿਹਾ ਕਿ ਜਦੋਂ ਸਰਕਾਰ ਨੇ ਤੀਜੀ ਵਾਰ NSA ਵਧਾਇਆ, ਤਾਂ ਚੰਗੀ ਜ਼ਿੰਦਗੀ ਜੀਉਣ ਵਾਲੇ ਤੇ ਨਿਆਂ ਨੂੰ ਪਿਆਰ ਕਰਨ ਵਾਲੇ ਲੋਕਾਂ ਨੇ ਇਸ ਦਾ ਵਿਰੋਧ ਕੀਤਾ।