Punjab News: ਬਾਬਾ ਬਕਾਲਾ ਵਿੱਚ ਸ਼੍ਰੋਮਣੀ ਅਕਾਲੀ ਦਲ ਨੇ ਪੰਥਕ ਇਕੱਠ ਕੀਤਾ। ਇਸ ਮੌਕੇ ਬੰਦੀ ਸਿੰਘ ਗੁਰਦੀਪ ਸਿੰਘ ਖੇੜਾ ਨੇ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਉੱਤੇ ਤਿੱਖੇ ਸ਼ਬਦੀ ਵਾਰ ਕੀਤੇ। ਗੁਰਦੀਪ ਖੇੜਾ ਨੇ ਕਿਹਾ ਜੋ ਪਹਿਲਾਂ ਕਹਿੰਦੇ ਸੀ ਸਿਰ ਦੇਣਾ ਪਵੇਗਾ ਤੇ ਹੁਣ ਰਿਹਾਈ ਲਈ ਚਿੱਠੀਆਂ ਲਿਖ ਰਹੇ ਹਨ।


ਇਸ ਨੂੰ ਲੈ ਕੇ ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਨੇ ਮੋੜਵਾਂ ਜਵਾਬ ਦਿੱਤਾ ਹੈ। ਇੱਕ ਨਿੱਜੀ ਯੂਟਿਊਬ ਚੈਨਲ ਨਾਲ ਗੱਲਬਾਤ ਕਰਦਿਆਂ ਤਰਸੇਮ ਸਿੰਘ ਨੇ ਕਿਹਾ ਕਿ ਗੁਰਦੀਪ ਸਿੰਘ ਨੇ ਬਹੁਤ ਲੰਬਾ ਸਮਾਂ ਜੇਲ੍ਹ ਕੱਟੀ ਹੈ ਪਰ ਕਿਸੇ ਵੇਲੇ ਕੋਈ ਲਾਲਚ ਬੰਦੇ ਨੂੰ ਗ਼ਲਤ ਪਾਸੇ ਤੋਰ ਦਿੰਦਾ ਹੈ। ਉਨ੍ਹਾਂ ਕਿਹਾ ਕਿ ਲੋਕ ਸਭਾ ਚੋਣਾਂ ਵਿੱਚ ਲੋਕਾਂ ਨੇ ਸ਼੍ਰੋਮਣੀ ਅਕਾਲੀ ਦਲ ਦਾ ਪੰਥਕ ਮਖੌਟਾ ਲਾਹ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜੇ ਅਕਾਲੀ ਦਲ ਚਾਹੁੰਦਾ ਤਾਂ ਆਪਣੀ ਸਰਕਾਰ ਵੇਲੇ ਬੰਦੀ ਸਿੰਘਾਂ ਨੂੰ ਛੁਡਵਾ ਹੀ ਸਕਦੇ ਸੀ ਪਰ ਇਨ੍ਹਾਂ ਦੀ ਨੀਅਤ ਵਿੱਚ ਛੋਟ ਹੈ।


ਤਰਸੇਮ ਸਿੰਘ ਨੇ ਕਿਹਾ ਕਿ ਇਨ੍ਹਾਂ ਨੂੰ ਖਤਰਾ ਹੈ ਕਿ ਜੇ ਬੰਦੀ ਸਿੰਘ ਜੇਲ੍ਹ ਤੋਂ ਬਾਹਰ ਆ ਜਾਂਦੇ ਨੇ ਤਾਂ ਲੋਕ ਇਨ੍ਹਾਂ ਨੂੰ ਛੱਡਕੇ ਬੰਦੀ ਸਿੰਘਾਂ ਨੂੰ ਫਤਵਾ ਦੇਣਗੇ। ਤਰਸੇਮ ਸਿੰਘ ਨੇ ਕਿਹਾ ਕਿ ਜਦੋਂ 1978 ਵਿੱਚ ਨਿਰੰਕਾਰੀ ਕਾਂਡ ਹੋਇਆ ਸੀ ਜਿਸ ਵਿੱਚ 13 ਸਿੰਘ ਸ਼ਹੀਦ ਹੋਏ ਸਨ ਉਸ ਵੇਲੇ ਵੀ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀ ਸਰਕਾਰ ਸੀ। ਉਨ੍ਹਾਂ ਕਿਹਾ ਕਿ ਪੰਥਕ ਹੋਣ ਦਾ ਸਰਟੀਫਿਕੇਟ ਇਨ੍ਹਾਂ ਤੋਂ ਲੈਣ ਦੀ ਲੋੜ ਨਹੀਂ, ਸੰਗਤ ਨੇ ਉਨ੍ਹਾਂ ਨੂੰ ਪਹਿਲਾਂ ਹੀ ਸਰਟੀਫਿਕੇਟ ਦੇ ਦਿੱਤਾ ਹੈ।  ਉਨ੍ਹਾਂ ਕਿਹਾ ਕਿ ਲੋਕਾਂ ਨੇ ਇਨ੍ਹਾਂ ਉੱਤੇ ਬਹੁਤ ਭਰੋਸਾ ਕੀਤਾ ਸੀ ਪਰ ਇਨ੍ਹਾਂ ਨੇ ਹਮੇਸ਼ਾ ਹੀ ਧੋਖਾ ਕੀਤਾ ਹੈ, ਇਨ੍ਹਾਂ ਨੇ ਆਪਣੀ ਕੁਰਸੀ ਤੇ ਆਪਣੇ ਕਾਰੋਬਾਰ ਵਾਸਤੇ ਕੌਮ ਦੀ ਸਿਰਮੌਰ ਸੰਸਥਾਵਾਂ ਦੀ ਸ਼ਾਨ ਨੂੰ ਵੀ ਬਹੁਤ ਨੀਂਵਾ ਕੀਤਾ ਹੈ।


ਜ਼ਿਕਰ ਕਰ ਦਈਏ ਕਿ ਗੁਰਦੀਪ ਸਿੰਘ ਖੈੜਾ ਨੇ ਅੰਮ੍ਰਿਤਪਾਲ ਸਿੰਘ ਦਾ ਨਾਂਅ ਲਏ ਬਿਨਾਂ ਕਿਹਾ ਕਿ ਗ੍ਰਿਫਤਾਰੀ ਤੋਂ ਪਹਿਲਾਂ ਉਹ ਕਹਿੰਦੇ ਸਨ ਕਿ ਪੰਜਾਬ ਦੀਆਂ ਸਮੱਸਿਆਵਾਂ ਦਾ ਹੱਲ ਖਾਲਿਸਤਾਨੀ ਹੀ ਹੈ, ਉਹ ਕਹਿੰਦੇ ਸੀ ਇਸ ਲਈ ਸਿਰ ਦੇਣਾ ਪਵੇਗਾ, ਪਰ ਹੁਣ ਜੇਲ੍ਹ ਚ ਗਏ ਨੂੰ ਡੇਢ ਸਾਲ ਹੀ ਹੋਇਆ ਤੇ ਰਿਹਾਈ ਲਈ ਚਿੱਠੀਆਂ ਵੀ ਲਿਖਣ ਲੱਗ ਗਏ ਹਨ। ਗੁਰਦੀਪ ਸਿੰਘ ਨੇ ਕਿਹਾ ਕਿ ਜਦੋਂ ਕਿ ਜੇਲ੍ਹਾਂ ਵਿੱਚ ਬੈਠੇ ਬੰਦੀ ਸਿੱਖਾਂ ਨੇ ਆਪਣੀ ਸਜ਼ਾ ਪੂਰੀ ਕਰਨ ਤੋਂ ਬਾਅਦ ਵੀ ਅੱਜ ਤੱਕ ਰਿਹਾਈ ਦੀ ਮੰਗ ਨਹੀਂ ਕੀਤੀ।