ਚੰਡੀਗੜ੍ਹ : ਵਾਰਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੀ ਧਰਮ ਪਤਨੀ ਕਿਰਨਦੀਪ ਕੌਰ ਨੇ ਦੱਸਿਆ ਕਿ ਅੰਮ੍ਰਿਤਪਾਲ ਸਿੰਘ ਸਮੇਤ ਬਾਕੀ ਸਿੰਘ ਅਸਾਮ ਦੀ ਡਿਬਰੂਗੜ ਜੇਲ੍ਹ ਅੰਦਰ ਭੁੱਖ ਹੜਤਾਲ ’ਤੇ ਹਨ। ਉਨ੍ਹਾਂ ਇਹ ਵੀ ਦੋਸ਼ ਲਾਇਆ ਕਿ ਡਿਬਰੂਗੜ ਜੇਲ੍ਹ ਨੂੰ ਪੰਜਾਬ ਸਰਕਾਰ ਵੱਲੋਂ ਉਨ੍ਹਾਂ ਨੂੰ ਫ਼ੋਨ ਕਾਲ ਲਈ ਇਜਾਜ਼ਤ ਨਹੀਂ ਦੇ ਰਹੀ ਹੈ। ਉਨ੍ਹਾਂ ਇਹ ਵੀ ਦੋਸ਼ ਲਾਇਆ ਕਿ ਜੇਲ੍ਹ ਦਾ ਖਾਣਾ ਜਿੱਥੇ ਖਾਣ ਦੇ ਲਾਇਕ ਨਹੀਂ ਹੁੰਦਾ ਉੱਥੇ ਹੀ ਤੰਬਾਕੂ ਵਰਗੇ ਸਿੱਖਾਂ ’ਚ ਵਰਜਿਤ ਪਦਾਰਥ ਪਾਏ ਰਹੇ ਹਨ।


ਕਿਰਨਦੀਪ ਕੌਰ ਨੇ ਦੱਸਿਆ ਕਿ ਉਹ ਹਰ ਹਫ਼ਤੇ ਅੰਮ੍ਰਿਤਪਾਲ ਸਿੰਘ ਨੂੰ ਮਿਲਣ ਅਸਾਮ ਦੀ ਡਿਬਰੂਗੜ ਜੇਲ੍ਹ ਜਾਂਦੀ ਹੈ। ਹਰ ਹਫ਼ਤੇ ਵਾਂਗ ਅੱਜ ਦੀ ਮੁਲਾਕਾਤ ਦਾ ਸਮਾਂ ਵੀ ਬਹੁਤ ਛੇਤੀ ਲੰਘ ਗਿਆ। ਅੱਜ ਦੀ ਮੁਲਾਕਾਤ ਤੋਂ ਮੈਨੂੰ ਪੱਤਾ ਲੱਗਾ ਹੈ ਕਿ ਅੰਮ੍ਰਿਤਪਾਲ ਸਿੰਘ ਸਮੇਤ ਬਾਕੀ ਸਿੰਘ ਭੁੱਖ ਹੜਤਾਲ ’ਤੇ ਹਨ, ਇਸ ਦੇ ਕੁਝ ਕਾਰਨ ਹਨ, ਜਿਨ੍ਹਾਂ ਵਿੱਚੋਂ ਇੱਕ ਕਾਰਨ ਇਹ ਹੈ ਕਿ ਉਨ੍ਹਾਂ ਨੂੰ ਫ਼ੋਨ ਕਾਲ ਲਈ ਡਿਬਰੂਗੜ ਜੇਲ੍ਹ ਨੂੰ ਪੰਜਾਬ ਸਰਕਾਰ ਇਜਾਜ਼ਤ ਨਹੀਂ ਦੇ ਰਹੀ, ਇਸ ਵਜ੍ਹਾ ਕਾਰਨ ਪਰਿਵਾਰਾਂ ਨਾਲ ਗੱਲ ਨਹੀਂ ਹੁੰਦੀ। ਜੇਕਰ ਇਹ ਸਹੂਲਤ ਜੋ ਕੀ ਹਰ ਜੇਲ੍ਹ ਵਿੱਚ ਲਾਜ਼ਮ ਹੁੰਦੀ ਹੈ, ਦਿੱਤੀ ਜਾਵੇ ਤਾਂ 20-25,000 ਰੁਪਏ ਜੋ ਕਿ ਇੱਕ ਇਨਸਾਨ ਦਾ ਇੱਕ ਮੁਲਾਕਾਤ ਲਈ ਲੱਗਦਾ ਹੈ ਉਹ ਨਹੀਂ ਲੱਗੇਗਾ।


 ਹਰ ਪਰਿਵਾਰ ਇਹ ਖਰਚਾ ਨਹੀਂ ਚੁੱਕ ਸਕਦਾ। ਫ਼ੋਨ ਦੀ ਸਹੂਲਤ ਨਾਲ ਅੰਦਰ ਜੋ ਸਿੰਘ ਹਨ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਮਾਨਸਿਕ ਹਾਲਤ ਠੀਕ ਰਹਿ ਸਕਦੀ ਹੈ। ਸਭ ਤੋਂ ਜ਼ਰੂਰੀ ਗੱਲ ਇਹ ਹੈ ਕੇ ਫ਼ੋਨ ਦੀ ਸਹੂਲਤ ਨਾਂਹ ਮਿਲਣ ਕਾਰਨ ਵਕੀਲਾਂ ਨਾਲ ਗੱਲ ਬਾਤ ਵੀ ਨਹੀਂ ਹੋ ਪਾਉਂਦੀ ਜਿਸ ਵਜ੍ਹਾ ਕਰ ਕੇ ਵਕੀਲਾਂ ਨੂੰ ਨਾ ਹੀ ਕੁਝ ਦੱਸਿਆ ਜਾ ਸਕਦਾ ਹੈ ਤੇ ਨਾਂਹ ਹੀ ਪੁੱਛਿਆ। ਇਸ ਕਾਰਨ ਕੇਸ ਲੜਨ ਵਿੱਚ ਬਹੁਤ ਰੁਕਾਵਟ ਆ ਰਹੀ ਹੈ ਅਤੇ ਸਹੀ ਗ਼ਲਤ ਦਾ ਪਤਾ ਨਹੀਂ ਚੱਲ ਰਿਹਾ। ਦੂਜੀ ਗੱਲ ਇਹ ਹੈ ਕਿ ਜੇਲ੍ਹ ਵਿੱਚ ਖਾਣ ਪੀਣ ਦਾ ਪ੍ਰਬੰਧ ਠੀਕ ਨਹੀਂ ਹੈ। 


ਕਈ ਵਾਰ ਦਾਲ ਸਬਜ਼ੀ ਵਿੱਚ ਨਮਕ ਹੀ ਨਹੀਂ ਪਾਉਂਦੇ ਤੇ ਕਈ ਵਾਰ ਰੋਟੀਆਂ ਜੋ ਖਾਣ ਲਾਇਕ ਨਹੀਂ ਹੁੰਦੀਆਂ ਉਨ੍ਹਾਂ ਵਿੱਚ ਤੰਬਾਕੂ ਮਿਲਦਾ ਹੈ, ਜੋ ਵੀ ਖਾਣਾ ਬਣਾਉਂਦਾ ਹੈ ਉਹ ਤੰਬਾਕੂ ਦੀ ਵਰਤੋਂ ਕਰਦਾ ਹੈ, ਉਨ੍ਹਾਂ ਹੱਥਾਂ ਨਾਲ ਹੀ ਸਿੰਘਾ ਦਾ ਖਾਣਾ ਤਿਆਰ ਕੀਤਾ ਜਾਂਦਾ ਹੈ। ਕਈ ਵਾਰ ਇਹ ਕਹਿ ਕੇ ਸਾਰ ਦਿੰਦੇ ਹਨ ਕੇ ਸਾਨੂੰ ਤੁਹਾਡੀ ਸਮਝ ਨਹੀਂ ਆ ਰਹੀ, ਨਾਂ ਹੀ ਕੋਈ ਇੰਟਰਪ੍ਰੇਟਰ ਹੈ ਜੋ ਸਮਝਾ ਸਕੇ। 


ਕੁਝ ਕੁ ਸਿੰਘਾਂ ਨੂੰ ਅਜਿਹੇ ਪ੍ਰੈਸ਼ਰ ਕਾਰਨ ਮਾਨਸਿਕ ਤੰਗੀਆਂ ਵੀ ਆ ਰਹੀਆਂ ਹਨ। ਜਿਸ ਕਾਰਨ ਸਿਹਤ ’ਤੇ ਬਹੁਤ ਫ਼ਰਕ ਪੈ ਰਿਹਾ ਹੈ। ਸਰਕਾਰ ਨੂੰ ਜਲਦ ਤੋਂ ਜਲਦ ਇਨ੍ਹਾਂ ਮਸਲਿਆਂ ਦਾ ਹੱਲ ਕਰਨਾ ਚਾਹੀਦਾ ਹੈ। ਇਹ ਕੇਵਲ ਆਮ ਸਹੂਲਤਾਂ ਦੀ ਮੰਗ ਹੈ ਨਾਂਹ ਹੀ ਕੋਈ ਵੀ. ਆਈ. ਪੀ. ਟਰੀਟਮੈਂਟ ਦੀ ਡਿਮਾਂਡ ਹੈ। ਉਨ੍ਹਾਂ ਕਿਹਾ ਕਿ  ਉਹ ਅੱਜ ਤੋਂ ਇਸ ਭੁੱਖ ਹੜਤਾਲ ਵਿੱਚ ਆਪਣੇ ਸਰਦਾਰ (ਪਤੀ) ਜੀ ਦੇ ਨਾਲ ਸ਼ਾਮਿਲ ਹਾਂ।