Hunger strike - ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਤੇ ਖਾਲਿਸਤਾਨੀ ਸਮਰਥਕ ਅੰਮ੍ਰਿਤਪਾਲ ਸਿੰਘ ਅਤੇ ਉਸ ਦੇ ਨੌਂ ਸਾਥੀਆਂ ਨੇ ਆਸਾਮ ਦੀ ਜੇਲ੍ਹ ਵਿੱਚ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਹੈ।  ਡਿਬਰੂਗੜ੍ਹ ਜੇਲ੍ਹ ਵਿੱਚ ਅੰਮ੍ਰਿਤਪਾਲ ਅਤੇ ਉਸ ਦੇ ਸਾਥੀਆਂ ਦੀ ਇਹ ਦੂਜੀ ਹੜਤਾਲ ਹੈ। ਕੁਝ ਸਮਾਂ ਪਹਿਲਾਂ ਵੀ ਉਹ ਜੇਲ੍ਹ ਵਿੱਚ ਭੁੱਖ ਹੜਤਾਲ ਕਰ ਚੁੱਕੇ ਹਨ। ਇਲਜ਼ਾਮ ਸੀ ਕਿ ਉਸ ਦੇ ਖਾਣੇ ਵਿੱਚ ਜਾਣਬੁੱਝ ਕੇ ਤੰਬਾਕੂ ਮਿਲਾਇਆ ਜਾ ਰਿਹਾ ਸੀ।


ਓਧਰ ਅੰਮ੍ਰਿਤਪਾਲ ਦੀ ਪਤਨੀ ਕਿਰਨਦੀਪ ਕੌਰ ਵੀ ਆਪਣੇ ਪਤੀ ਦੇ ਸਮਰਥਨ ਵਿੱਚ ਜੇਲ੍ਹ ਦੇ ਬਾਹਰ ਹੜਤਾਲ ਅਤੇ ਮਰਨ ਵਰਤ ’ਤੇ ਬੈਠ ਗਈ ਹੈ। ਅੰਮ੍ਰਿਤਪਾਲ ਅਤੇ ਉਸ ਦੀ ਪਤਨੀ ਕਿਰਨਦੀਪ ਕੌਰ ਦਾ ਕਹਿਣਾ ਹੈ ਕਿ ਸਰਕਾਰ ਉਨ੍ਹਾਂ ਨੂੰ ਵਕੀਲ ਨਾਲ ਮਿਲਣ ਨਹੀਂ ਦੇ ਰਹੀ।  ਅੰਮ੍ਰਿਤਪਾਲ ਅਤੇ ਉਸਦੇ ਸਾਥੀ ਪੰਜ ਦਿਨਾਂ ਤੋਂ ਜੇਲ੍ਹ ਅੰਦਰ ਹੜਤਾਲ ’ਤੇ ਹਨ, ਪਿਛਲੇ ਪੰਜ ਦਿਨਾਂ ਤੋਂ ਇਸ ਮਾਮਲੇ ਦਾ ਕੋਈ ਹੱਲ ਨਹੀਂ ਨਿਕਲਿਆ ਹੈ।


ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਸ਼੍ਰੋਮਣੀ ਕਮੇਟੀ ਦੇ ਲੀਗਲ ਸੈੱਲ ਨੂੰ ਇਸ ਮਾਮਲੇ ਵਿੱਚ ਦਖਲ ਦੇਣ ਅਤੇ ਵਕੀਲਾਂ ਨੂੰ ਮਿਲਣ ਦੀ ਇਜਾਜ਼ਤ ਦੇਣ ਦੇ ਨਿਰਦੇਸ਼ ਦਿੱਤੇ ਹਨ। ਦੂਜੇ ਪਾਸੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਵੀ ਜੇਲ੍ਹ ਵਿੱਚ ਬੰਦ ਨੌਜਵਾਨਾਂ ਨੂੰ ਵਕੀਲਾਂ ਨੂੰ ਮਿਲਣ ਨਾ ਦਿੱਤੇ ਜਾਣ ਦੀ ਨਿਖੇਧੀ ਕੀਤੀ ਹੈ।


ਅੰਮ੍ਰਿਤਪਾਲ ਨੇ 28 ਸਤੰਬਰ ਨੂੰ ਅੰਮ੍ਰਿਤਸਰ ਦੇ ਡੀਸੀ ਖ਼ਿਲਾਫ਼ ਡਿਬਰੂਗੜ੍ਹ ਜੇਲ੍ਹ ਸੁਪਰਡੈਂਟ ਨੂੰ ਪੱਤਰ ਲਿਖਿਆ ਸੀ। ਇਸ ਵਿੱਚ ਲਿਖਿਆ ਗਿਆ ਸੀ ਕਿ ਅੰਮ੍ਰਿਤਸਰ ਦਾ ਡੀਸੀ ਆਪਣੇ ਅਧਿਕਾਰਾਂ ਦੀ ਦੁਰਵਰਤੋਂ ਕਰ ਰਿਹਾ ਹੈ। ਉਨ੍ਹਾਂ ਦੇ ਵਕੀਲ ਰਾਜਦੇਵ ਸਿੰਘ ਖਾਲਸਾ ਨੂੰ ਮਿਲਣ ਨਹੀਂ ਦੇ ਰਹੇ ਹਨ। ਜਦਕਿ ਉਸ ਦੇ ਵਕੀਲ ਨੇ ਸਾਰੀਆਂ ਸ਼ਰਤਾਂ ਪੂਰੀਆਂ ਕੀਤੀਆਂ ਹਨ।


ਅੰਮ੍ਰਿਤਸਰ ਦੇ ਡੀਸੀ ਅਮਿਤ ਤਲਵਾੜ ਨੇ ਕਿਹਾ ਕਿ ਕੈਦੀਆਂ ਨੂੰ ਆਪਣੀ ਪਸੰਦ ਦੇ ਵਕੀਲ ਨੂੰ ਮਿਲਣ ਦੀ ਪੂਰੀ ਇਜਾਜ਼ਤ ਹੈ। ਅੰਮ੍ਰਿਤਪਾਲ ਪਹਿਲਾਂ ਹੀ ਐਡਵੋਕੇਟ ਨਵਕਿਰਨ ਸਿੰਘ ਨੂੰ ਮਿਲ ਚੁੱਕੇ ਹਨ। ਹੁਣ ਉਹ ਰਾਜਦੇਵ ਸਿੰਘ ਖਾਲਸਾ ਨੂੰ ਮਿਲਣ ਦੀ ਇਜਾਜ਼ਤ ਮੰਗ ਰਹੇ ਹਨ। ਉਨ੍ਹਾਂ ਨੂੰ ਨਵੇਂ ਵਕੀਲ ਨਾਲ ਮਿਲਣ ਦੀ ਇਜਾਜ਼ਤ ਦੇਣ ਦਾ ਮਾਮਲਾ ਗ੍ਰਹਿ ਸਕੱਤਰ ਨੂੰ ਭੇਜ ਦਿੱਤਾ ਗਿਆ ਹੈ।