Mission Amritpal Singh : 'ਵਾਰਿਸ ਪੰਜਾਬ ਦੇ' ਦੇ ਮੁਖੀ ਅਤੇ ਖਾਲਿਸਤਾਨੀ ਸਮਰਥਕ ਅੰਮ੍ਰਿਤਪਾਲ ਸਿੰਘ ਨੂੰ ਫੜਨ ਲਈ ਪੁਲਿਸ ਲਗਾਤਾਰ ਭਾਲ ਕਰ ਰਹੀ ਹੈ ਪਰ ਅਜੇ ਤੱਕ ਉਹ ਪੁਲਿਸ ਦੇ ਹੱਥ ਨਹੀਂ ਲੱਗਾ ਹੈ। ਇਸ ਦੌਰਾਨ ਅੰਮ੍ਰਿਤਪਾਲ ਦੀ ਆਖਰੀ ਲੋਕੇਸ਼ਨ ਮਿਲ ਗਈ ਹੈ ਅਤੇ ਇਸ ਗੱਲ ਦਾ ਖੁਲਾਸਾ ਆਈਜੀਪੀ ਸੁਖਚੈਨ ਸਿੰਘ ਗਿੱਲ ਨੇ ਕੀਤਾ ਹੈ। ਆਈਜੀਪੀ ਸੁਖਚੈਨ ਸਿੰਘ ਗਿੱਲ ਨੇ ਦੱਸਿਆ, ‘ਪੁਲਿਸ ਅੰਮ੍ਰਿਤਪਾਲ ਸਿੰਘ ਦੀ ਭਾਲ ਕਰ ਰਹੀ ਹੈ। ਸਾਨੂੰ ਪਤਾ ਲੱਗਾ ਹੈ ਕਿ ਇਸ ਦਾ ਆਖਰੀ ਟਿਕਾਣਾ ਹਰਿਆਣਾ ਹੈ। ਅਸੀਂ ਬਲਜੀਤ ਕੌਰ ਨਾਂ ਦੀ ਔਰਤ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਅੰਮ੍ਰਿਤਪਾਲ ਕੁਰੂਕਸ਼ੇਤਰ ਵਿੱਚ ਇਸ ਔਰਤ ਦੇ ਘਰ ਰਹਿੰਦਾ ਸੀ ਅਤੇ ਇਹ ਲੋਕ ਪਿਛਲੇ 2.5 ਸਾਲਾਂ ਤੋਂ ਸੰਪਰਕ ਵਿੱਚ ਸਨ।






ਇਸ ਦੇ ਨਾਲ ਹੀ ਆਈਜੀਪੀ ਸੁਖਚੈਨ ਸਿੰਘ ਗਿੱਲ ਨੇ ਕਿਹਾ, ‘ਅਸੀਂ ਕੇਂਦਰ ਦੀਆਂ ਸਾਰੀਆਂ ਏਜੰਸੀਆਂ ਦੇ ਸੰਪਰਕ ਵਿੱਚ ਹਾਂ। ਗਤੀਵਿਧੀਆਂ ਅਤੇ ਹਾਲਾਤ ਜੋ ਵੀ ਹੋਣ, ਇਹ ਸਾਬਤ ਹੋ ਰਿਹਾ ਹੈ ਕਿ ਉਹ ਦੇਸ਼ ਵਿਰੋਧੀ ਗਤੀਵਿਧੀਆਂ ਵਿੱਚ ਸ਼ਾਮਲ ਰਿਹਾ ਹੈ। ਸਾਡੇ ਕੋਲ ਜੋ ਵੀ ਸਬੂਤ ਆਏ ਹਨ, ਉਹ ਸਾਬਤ ਕਰਦੇ ਹਨ ਕਿ ਉਸ ਦਾ ਸਰਹੱਦ ਪਾਰੋਂ (ਲੋਕਾਂ) ਨਾਲ ਸੰਪਰਕ ਸੀ। ਪੁਲਿਸ ਇਸ ਮਾਮਲੇ ਵਿੱਚ ਕਿਸੇ ਵੀ ਬੇਕਸੂਰ ਨੂੰ ਗ੍ਰਿਫ਼ਤਾਰ ਨਹੀਂ ਕਰੇਗੀ ਅਤੇ ਜੇਕਰ ਅਜਿਹਾ ਵੀ ਕੀਤਾ ਗਿਆ ਤਾਂ ਉਨ੍ਹਾਂ ਨੂੰ ਚੇਤਾਵਨੀ ਦੇ ਕੇ ਹੀ ਛੱਡ ਦਿੱਤਾ ਜਾਵੇਗਾ। ਅਸੀਂ ਵੱਖ-ਵੱਖ ਥਾਵਾਂ ਤੋਂ 207 ਲੋਕਾਂ ਨੂੰ ਹਿਰਾਸਤ 'ਚ ਲਿਆ ਹੈ। ਇਨ੍ਹਾਂ ਵਿੱਚੋਂ 30 ਵਿਅਕਤੀਆਂ ਨੂੰ ਅਪਰਾਧਿਕ ਮਾਮਲਿਆਂ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਹੈ।


ਇਹ ਵੀ ਪੜ੍ਹੋ : ਅੰਮ੍ਰਿਤਪਾਲ ਨਹੀਂ ਆਇਆ ਪੁਲਿਸ ਦੇ ਹੱਥ, ਬੁਲੇਟ ਸਣੇ ਦੋ ਹੋਰ ਮੋਟਰਸਾਈਕਲ ਬਰਾਮਦ


ਇਸ ਮਾਮਲੇ 'ਤੇ ਪੰਜਾਬ ਦੇ ਆਈਜੀਪੀ ਸੁਖਚੈਨ ਸਿੰਘ ਗਿੱਲ ਨੇ ਕਿਹਾ, ''ਜਿਥੋਂ ਤੱਕ ਅੰਮ੍ਰਿਤਪਾਲ ਨੂੰ ਨਿਸ਼ਾਨਾ ਬਣਾਉਣ ਦਾ ਸਵਾਲ ਹੈ, ਸਾਡੀ ਟੀਮ ਨੇ ਟਰੈਕਿੰਗ ਕੀਤੀ ਹੈ। ਕਈ ਥਾਵਾਂ ਤੋਂ ਸੀਸੀਟੀਵੀ ਫੁਟੇਜ ਨੂੰ ਸਕੈਨ ਕੀਤਾ ਗਿਆ। ਇੱਕ ਪਿੰਡ ਸੇਖੋਵਾਲ ਹੈ ,ਜਿਸ ਵਿੱਚ ਗੁਰਦੁਆਰਾ ਹੈ। ਉੱਥੇ ਉਸ ਨੇ ਬਾਈਕ ਵੀ ਬਦਲੀ ਅਤੇ ਉਸ ਤੋਂ ਬਾਅਦ ਦਰਿਆ ਪਾਰ ਕਰਨ ਲਈ ਕਿਸ਼ਤੀ ਲੈਣ ਦੀ ਕੋਸ਼ਿਸ਼ ਕੀਤੀ। ਜਦੋਂ ਉਹ ਕਿਸ਼ਤੀ ਪ੍ਰਾਪਤ ਕਰਨ ਵਿੱਚ ਅਸਫਲ ਰਿਹਾ, ਉਸਨੇ ਨਦੀ ਪਾਰ ਕਰਨ ਲਈ ਇੱਕ ਪੁਰਾਣੇ ਪੁਲ ਦੀ ਵਰਤੋਂ ਕੀਤੀ।

 


 

ਦੱਸਿਆ ਜਾਂਦਾ ਹੈ ਕਿ 20 ਮਾਰਚ ਨੂੰ ਅੰਮ੍ਰਿਤਪਾਲ ਪੰਜਾਬ ਛੱਡ ਕੇ ਹਰਿਆਣਾ ਵਿੱਚ ਦਾਖਲ ਹੋਇਆ ਸੀ। ਸ਼ਾਹਬਾਦ 'ਚ ਪਨਾਹ ਦੇਣ ਵਾਲੇ ਪਰਿਵਾਰ ਤੋਂ ਪੁੱਛਗਿੱਛ ਕਰਨ ਤੋਂ ਬਾਅਦ ਪੁਲਸ ਯਕੀਨੀ ਤੌਰ 'ਤੇ ਮੰਨਦੀ ਹੈ ਕਿ ਅੰਮ੍ਰਿਤਪਾਲ ਦਾ ਮਕਸਦ ਪੰਜਾਬ ਛੱਡ ਕੇ ਦੂਜੇ ਸੂਬਿਆਂ 'ਚ ਸੁਰੱਖਿਅਤ ਪਨਾਹਗਾਹ ਲੱਭਣਾ ਹੈ। 18 ਮਾਰਚ ਨੂੰ ਪੁਲੀਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਸੀ। ਇਸ ਮਾਮਲੇ ਵਿੱਚ ਇੱਕ ਹੋਰ ਸੀਸੀਟੀਵੀ ਫੁਟੇਜ ਸਾਹਮਣੇ ਆਈ ਹੈ। ਇਹ ਫੁਟੇਜ ਕੁਰੂਕਸ਼ੇਤਰ ਦੀ ਦੱਸੀ ਜਾ ਰਹੀ ਹੈ ,ਜਿੱਥੇ ਅੰਮ੍ਰਿਤਪਾਲ ਸਿੰਘ ਠਹਿਰਿਆ ਹੋਇਆ ਸੀ।

ਇਸ ਤੋਂ ਪਹਿਲਾਂ ਪੁਲਿਸ ਨੇ ਕੱਲ੍ਹ ਅੰਮ੍ਰਿਤਸਰ ਦੇ ਪਿੰਡ ਜੱਲੂਪੁਰ ਖੇੜਾ ਵਿਖੇ ਅੰਮ੍ਰਿਤਪਾਲ ਦੀ ਮਾਂ ਤੋਂ ਕਰੀਬ ਇੱਕ ਘੰਟਾ ਪੁੱਛਗਿੱਛ ਕੀਤੀ ਸੀ। ਇਸ ਦੌਰਾਨ ਪੁਲਸ ਨੇ ਅੰਮ੍ਰਿਤਪਾਲ ਦੀ ਪਤਨੀ ਕਿਰਨਦੀਪ ਕੌਰ ਤੋਂ ਵੀ ਕਾਫੀ ਦੇਰ ਤੱਕ ਪੁੱਛਗਿੱਛ ਕੀਤੀ। ਅਪਰੇਸ਼ਨ ਅੰਮ੍ਰਿਤਪਾਲ ਦੌਰਾਨ ਉਸ ਦੀ ਐਨਆਰਆਈ ਪਤਨੀ ਕਿਰਨਦੀਪ ਕੌਰ ਦਾ ਪਰਦਾਫਾਸ਼ ਹੋਇਆ। ਪੁਲਿਸ ਨੇ ਕਿਰਨਦੀਪ ਕੌਰ ਦਾ ਸਬੰਧ ਬੱਬਰ ਖਾਲਸਾ ਇੰਟਰਨੈਸ਼ਨਲ ਵਰਗੇ ਅੱਤਵਾਦੀ ਸੰਗਠਨ ਨਾਲ ਪਾਇਆ ਹੈ।