Amritpal Singh Mehron: ਸੋਸ਼ਲ ਮੀਡੀਆ ਉਪਰ ਅਸ਼ਲੀਲ ਵੀਡੀਓ ਪਾਉਣ ਵਾਲੀ ਕੰਚਨ ਕੁਮਾਰੀ ਉਰਫ਼ ਕਮਲ ਕੌਰ ਭਾਬੀ ਦੇ ਕਤਲ ਦਾ ਮੁੱਖ ਮੁਲਜ਼ਮ ਅੰਮ੍ਰਿਤਪਾਲ ਸਿੰਘ ਮਹਿਰੋਂ ਯੂਏਈ ਨਿਕਲ ਗਿਆ ਹੈ। ਪੁਲਿਸ ਨੇ ਉਸ ਲਈ ਲੁੱਕਆਊਟ ਨੋਟਿਸ ਜਾਰੀ ਕੀਤਾ ਹੈ। ਇਸ ਦੇ ਨਾਲ ਹੀ ਅੰਮ੍ਰਿਤਪਾਲ ਸਿੰਘ ਮਹਿਰੋਂ ਬਾਰੇ ਕਈ ਤਰ੍ਹਾਂ ਦੇ ਦਾਅਵੇ ਕੀਤੇ ਜਾ ਰਹੇ ਹਨ। ਹੁਣ ਪੁਲਿਸ ਜਾਂਚ ਮਗਰੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਅੰਮ੍ਰਿਤਪਾਲ ਸਿੰਘ ਮੁਸਲਿਮ ਤੋਂ ਸਿੱਖ ਬਣਿਆ ਹੈ।

ਮੀਡੀਆ ਰਿਪੋਰਟਾਂ ਮੁਤਾਬਕ ਸਿੱਖ ਧਰਮ ਤੋਂ ਪ੍ਰਭਾਵਿਤ ਹੋ ਕੇ ਅੰਮ੍ਰਿਤਪਾਲ ਸਿੰਘ ਮਹਿਰੋਂ ਨਿਹੰਗ ਸਿੰਘ ਬਣ ਗਿਆ। ਅੰਮ੍ਰਿਤਪਾਲ ਸਿੰਘ ਨੇ ਦੋ ਸਾਲ ਪਹਿਲਾਂ ਇੱਕ ਯੂਟਿਊਬ ਚੈਨਲ ਨੂੰ ਦਿੱਤੇ ਇੰਟਰਵਿਊ ਵਿੱਚ ਇਹ ਗੱਲ ਕਬੂਲੀ ਸੀ। ਉਸ ਨੇ ਕਿਹਾ ਸੀ ਕਿ ਮੈਨੂੰ ਦੁੱਖ ਹੈ ਕਿ ਕਈ ਸਿੱਖ ਅਜੇ ਵੀ ਮੈਨੂੰ ਸਿੱਖ ਨਹੀਂ ਮੰਨਦੇ। ਜਦੋਂ ਕੋਈ ਘਟਨਾ ਵਾਪਰਦੀ ਹੈ ਤਾਂ ਲੋਕ ਕਹਿੰਦੇ ਹਨ ਕਿ ਉਹ ਮੁਸਲਮਾਨ ਹੈ।

ਹਾਸਲ ਜਾਣਕਾਰੀ ਮੁਤਾਬਕ ਅੰਮ੍ਰਿਤਪਾਲ ਸਿੰਘ ਨੇ ਸਿਰਫ਼ 12ਵੀਂ ਤੱਕ ਪੜ੍ਹਾਈ ਕੀਤੀ ਸੀ। ਉਸ ਨੇ 2014 ਵਿੱਚ ਆਈਟੀਆਈ ਮੋਗਾ ਤੋਂ ਡੀਜ਼ਲ ਮਕੈਨਿਕ ਵਿੱਚ ਡਿਪਲੋਮਾ ਕੀਤਾ ਸੀ। ਨਿਹੰਗ ਸਿੰਘ ਬਣਨ ਤੋਂ ਬਾਅਦ ਉਸ ਨੇ 2022 ਵਿੱਚ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਟਿਕਟ 'ਤੇ ਵਿਧਾਨ ਸਭਾ ਚੋਣਾਂ ਵੀ ਲੜੀਆਂ ਸਨ। ਹਾਲਾਂਕਿ ਉਸ ਨੂੰ ਸਿਰਫ਼ 6,363 ਵੋਟਾਂ ਮਿਲੀਆਂ ਤੇ ਜ਼ਮਾਨਤ ਜ਼ਬਤ ਹੋ ਗਈ ਸੀ। ਚੋਣ ਵਿੱਚ ਅਸਫਲਤਾ ਤੋਂ ਬਾਅਦ ਉਸ ਨੇ ਪਾਰਟੀ ਤੋਂ ਵੱਖ ਹੋ ਕੇ ਆਪਣੀ ਸੰਸਥਾ "ਕੌਮ ਦੇ ਰਾਖੇ" ਬਣਾ ਲਈ ਸੀ।

ਇੱਕ ਇੰਟਰਵਿਊ ਵਿੱਚ ਅੰਮ੍ਰਿਤਪਾਲ ਸਿੰਘ ਨੇ ਦੱਸਿਆ ਸੀ ਕਿ ਉਹ ਮੂਲ ਰੂਪ ਵਿੱਚ ਮੋਗਾ ਦਾ ਰਹਿਣ ਵਾਲਾ ਹੈ। ਉਸ ਦਾ ਜਨਮ ਇੱਕ ਮੁਸਲਿਮ ਪਰਿਵਾਰ ਵਿੱਚ ਹੋਇਆ ਸੀ। ਉਸ ਦੇ ਦਾਦਾ ਜੀ ਦੇ ਪੰਜ ਪੁੱਤਰ ਸਨ। ਇਨ੍ਹਾਂ ਵਿੱਚੋਂ ਉਸ ਦੇ ਪਿਤਾ ਬਲਜਿੰਦਰ ਸਿੰਘ ਨੇ ਅੰਮ੍ਰਿਤ ਛਕ ਲਿਆ ਸੀ ਤੇ ਗ੍ਰੰਥੀ ਸਿੰਘ ਵਜੋਂ ਸੇਵਾ ਨਿਭਾਉਂਦੇ ਸੀ। ਇਸ ਤੋਂ ਇਲਾਵਾ ਉਸ ਦੇ ਪਿਤਾ ਦੇ ਚਾਰ ਭਰਾਵਾਂ ਦੇ ਨਾਮ ਫੁੰਮਣ ਖਾਨ, ਤੋਤਾ ਖਾਨ, ਬੂਟਾ ਖਾਨ ਤੇ ਰੁਲਦੂ ਖਾਨ ਹਨ।

ਅੰਮ੍ਰਿਤਪਾਲ ਸਿੰਘ ਦਾ ਕਹਿਣਾ ਹੈ ਕਿ ਉਸ ਦੇ ਬਜ਼ੁਰਗ ਬਹੁਤ ਸਮਾਂ ਪਹਿਲਾਂ ਉਸ ਦੇ ਜੱਦੀ ਪਿੰਡ ਮਹਿਰੋਂ ਆਏ ਸਨ। ਜਦੋਂ ਛੇਵੇਂ ਪਾਤਸ਼ਾਹ ਸਾਡੇ ਘਰ ਤੋਂ ਕਿਲ੍ਹੇ ਦੀ ਦੂਰੀ 'ਤੇ ਆਏ ਤਾਂ ਸਾਡੇ ਪਰਿਵਾਰਕ ਮੈਂਬਰਾਂ ਨੂੰ ਪਤਾ ਲੱਗਾ ਕਿ ਕੋਈ ਸੰਤ ਆਇਆ ਹੈ। ਉਨ੍ਹਾਂ ਨੇ ਵੀ ਪ੍ਰਸਾਦ ਲਿਆ ਸੀ। ਉਸ ਦਾ ਸਥਾਨ ਅੱਜ ਵੀ ਹੈ ਅੰਮ੍ਰਿਤਪਾਲ ਸਿੰਘ ਦਾ ਕਹਿਣਾ ਸੀ ਕਿ ਸਿੱਖ ਧਰਮ ਤੋਂ ਪ੍ਰਭਾਵਿਤ ਹੋ ਕੇ ਉਹ ਨਿਹੰਗ ਸਿੰਘ ਬਣਿਆ ਪਰ ਕਈ ਸਿੱਖ ਅਜੇ ਵੀ ਉਸ ਨੂੰ ਸਿੱਖ ਨਹੀਂ ਮੰਨਦੇ।