Amritpal Singh Assets: ਵਾਰਿਸ ਪੰਜਾਬ ਦੇ ਸੰਸਥਾ ਦੇ ਮੁਖੀ ਅੰਮ੍ਰਿਤਪਾਲ ਸਿੰਘ ਪੰਜਾਬ ਦੀ ਖਡੂਰ ਸਾਹਿਬ ਸੀਟ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਰਹੇ ਹਨ। ਅੰਮ੍ਰਿਤਪਾਲ ਸਿੰਘ ਨੂੰ ਕੌਮੀ ਸੁਰੱਖਿਆ ਐਕਟ ਤਹਿਤ ਗ੍ਰਿਫ਼ਤਾਰ ਕਰਕੇ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਰੱਖਿਆ ਗਿਆ ਹੈ। ਅੰਮ੍ਰਿਤਪਾਲ ਸਿੰਘ ਨੇ ਵੀਰਵਾਰ ਨੂੰ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਆਪਣਾ ਨਾਮਜ਼ਦਗੀ ਪੱਤਰ ਦਾਖਲ ਕੀਤਾ ਜਿਸ ਤੋਂ ਬਾਅਦ ਸ਼ੁੱਕਰਵਾਰ ਨੂੰ ਉਸ ਦੇ ਚਾਚੇ ਨੇ ਤਰਨਤਾਰਨ ਜ਼ਿਲੇ 'ਚ ਨਾਮਜ਼ਦਗੀ ਦਾਖਲ ਕੀਤੀ ਹੈ। ਚੋਣ ਹਲਫ਼ਨਾਮੇ ਅਨੁਸਾਰ ਅੰਮ੍ਰਿਤਪਾਲ ਸਿੰਘ ਦਾ ਐਸਬੀਆਈ ਬੈਂਕ ਰਈਆ ਬਾਬਾ ਬਕਾਲਾ, ਅੰਮ੍ਰਿਤਸਰ ਵਿੱਚ 1000 ਰੁਪਏ ਦਾ ਬੈਂਕ ਬੈਲੰਸ ਹੈ। ਇਸ ਤੋਂ ਇਲਾਵਾ ਅੰਮ੍ਰਿਤਪਾਲ ਸਿੰਘ ਕੋਲ ਕੋਈ ਚੱਲ ਜਾਂ ਅਚੱਲ ਜਾਇਦਾਦ ਨਹੀਂ ਹੈ।


ਅੰਮ੍ਰਿਤਪਾਲ ਦੀ ਪਤਨੀ ਲੱਖਾਂ ਦੀ ਮਾਲਕਣ


ਦੱਸ ਦੇਈਏ ਕਿ 31 ਸਾਲਾ ਅੰਮ੍ਰਿਤਪਾਲ ਸਿੰਘ ਖਡੂਰ ਲੋਕ ਸਭਾ ਸੀਟ ਤੋਂ ਚੋਣ ਲੜ ਰਹੇ ਹਨ। ਜਿੱਥੇ ਉਸ ਕੋਲ ਆਪਣੀ ਜਾਇਦਾਦ ਦੇ ਨਾਂਅ 'ਤੇ SBI ਬੈਂਕ 'ਚ ਸਿਰਫ 1000 ਰੁਪਏ ਹਨ। ਉਸਦੀ ਪਤਨੀ ਲੱਖਾਂ ਦੀ ਮਾਲਕ ਹੈ। ਕਿਰਨਦੀਪ ਕੌਰ ਕੋਲ 18.37 ਲੱਖ ਰੁਪਏ ਦੀ ਚੱਲ ਜਾਇਦਾਦ ਹੈ ਜਿਸ ਵਿੱਚ 20,000 ਰੁਪਏ ਨਕਦ, 14 ਲੱਖ ਰੁਪਏ ਦੇ ਸੋਨੇ ਦੇ ਗਹਿਣੇ ਅਤੇ 4,17,440 ਰੁਪਏ ਦੇ ਬਰਾਬਰ 4,000 ਜੀਬੀਪੀ (ਪਾਊਂਡ) ਸ਼ਾਮਲ ਹਨ, ਜੋ ਕਿ ਰਿਵੋਲਟ ਲਿਮਟਿਡ, ਲੰਡਨ, ਯੂ.ਕੇ. ਦੇ ਖਾਤੇ ਵਿੱਚ ਹਨ।


ਅੰਮ੍ਰਿਤਪਾਲ ਸਿੰਘ ਨੂੰ ਆਪਣੇ ਮਾਤਾ-ਪਿਤਾ 'ਤੇ ਨਿਰਭਰ ਦਿਖਾਇਆ ਗਿਆ ਹੈ ਜਦਕਿ ਉਸ ਦੀ ਪਤਨੀ ਬ੍ਰਿਟਿਸ਼ ਨਾਗਰਿਕ ਹੈ। ਹਲਫ਼ਨਾਮੇ ਅਨੁਸਾਰ ਕਿਰਨਦੀਪ ਕੌਰ ਯੂਕੇ ਵਿੱਚ ਨੈਸ਼ਨਲ ਹੈਲਥ ਸਰਵਿਸਿਜ਼ ਵਿੱਚ ਭਾਸ਼ਾ ਅਨੁਵਾਦਕ ਵਜੋਂ ਕੰਮ ਕਰਦੀ ਸੀ, ਪਰ ਹੁਣ ਇੱਕ ਘਰੇਲੂ ਔਰਤ ਹੈ। ਅੰਮ੍ਰਿਤਪਾਲ ਸਿੰਘ ਨੇ ਐਲਾਨ ਕੀਤਾ ਹੈ ਕਿ ਉਸ ਵਿਰੁੱਧ 12 ਅਪਰਾਧਿਕ ਮਾਮਲੇ ਪੈਂਡਿੰਗ ਹਨ, ਹਾਲਾਂਕਿ ਉਸ ਨੂੰ ਕਿਸੇ ਵੀ ਕੇਸ ਵਿਚ ਦੋਸ਼ੀ ਨਹੀਂ ਠਹਿਰਾਇਆ ਗਿਆ ਹੈ।


ਦੱਸ ਦੇਈਏ ਕਿ ਅੰਮ੍ਰਿਤਪਾਲ ਸਿੰਘ ਆਪਣੇ 9 ਸਾਥੀਆਂ ਸਮੇਤ 23 ਅਪ੍ਰੈਲ 2023 ਨੂੰ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਹੈ। ਅੰਮ੍ਰਿਤਪਾਲ ਸਿੰਘ ਨੇ ਦਸਵੀਂ ਤੱਕ ਦੀ ਪੜ੍ਹਾਈ ਕੀਤੀ ਹੈ। ਉਸਨੇ 2008 ਵਿੱਚ ਫੇਰੂਮਾਨ, ਅੰਮ੍ਰਿਤਸਰ ਦੇ ਇੱਕ ਸਕੂਲ ਤੋਂ ਦਸਵੀਂ ਦੀ ਪ੍ਰੀਖਿਆ ਪਾਸ ਕੀਤੀ। 


23 ਫਰਵਰੀ ਨੂੰ ਅਜਨਾਲਾ ਕਾਂਡ ਤੋਂ ਬਾਅਦ ਪੰਜਾਬ ਪੁਲਿਸ ਨੇ ਅੰਮ੍ਰਿਤਪਾਲ ਖ਼ਿਲਾਫ਼ ਕਾਰਵਾਈ ਸ਼ੁਰੂ ਕਰ ਦਿੱਤੀ ਸੀ। ਅੰਮ੍ਰਿਤਪਾਲ ਤੇ ਉਸਦੇ ਸਮਰਥਕਾਂ ਨੇ ਥਾਣਾ ਅਜਨਾਲਾ ਵਿਖੇ ਤਲਵਾਰਾਂ ਤੇ ਬੰਦੂਕਾਂ ਲਹਿਰਾਈਆਂ। ਅੰਮ੍ਰਿਤਪਾਲ ਆਪਣੇ ਸਾਥੀ ਲਵਪ੍ਰੀਤ ਸਿੰਘ ਤੂਫਾਨ ਦੀ ਰਿਹਾਈ ਲਈ ਆਪਣੇ ਸਮਰਥਕਾਂ ਨਾਲ ਥਾਣੇ ਵਿੱਚ ਦਾਖਲ ਹੋਇਆ ਸੀ, ਜਿਸ ਦੌਰਾਨ ਉਸ ਦੀ ਪੁਲਿਸ ਨਾਲ ਝੜਪ ਵੀ ਹੋਈ ਜਿਸ ਕਾਰਨ ਪੁਲਿਸ ਨੇ ਅੰਮ੍ਰਿਤਪਾਲ ਦੇ ਖ਼ਿਲਾਫ਼ ਕਤਲ ਦੀ ਕੋਸ਼ਿਸ਼, ਪੁਲਿਸ ਮੁਲਾਜ਼ਮਾਂ 'ਤੇ ਹਮਲਾ ਕਰਨ ਅਤੇ ਸਰਕਾਰੀ ਕਰਮਚਾਰੀਆਂ ਦੁਆਰਾ ਕਾਨੂੰਨੀ ਤੌਰ 'ਤੇ ਡਿਊਟੀ ਨਿਭਾਉਣ ਵਿੱਚ ਰੁਕਾਵਟ ਪੈਦਾ ਕਰਨ ਦੇ ਕਈ ਅਪਰਾਧਿਕ ਮਾਮਲੇ ਦਰਜ ਕੀਤੇ ਹਨ।