Amritpal Singh in Anandpur sahib: 'ਵਾਰਿਸ ਪੰਜਾਬ ਦੇ' ਜਥੇਬੰਦੀ ਦੇ ਮੁੱਖ ਸੇਵਾਦਾਰ ਅੰਮ੍ਰਿਤਪਾਲ ਸਿੰਘ ਨੇ ਐਲਾਨ ਕੀਤਾ ਹੈ ਕਿ 27 ਸਤੰਬਰ ਨੂੰ ਪੰਜਾਬ ਬੰਦ ਨਹੀਂ ਹੋਏਗਾ। ਉਨ੍ਹਾਂ ਕਿਹਾ ਕਿ ਇਸਾਈ ਆਗੂਆਂ ਵੱਲੋਂ 27 ਸਤੰਬਰ ਨੂੰ ਪੰਜਾਬ ਬੰਦ ਦਾ ਦਿੱਤਾ ਸੱਦਾ ਆਧਾਰਹੀਣ ਹੈ, ਇਸ ਲਈ ਪੰਜਾਬ ਬੰਦ ਨਹੀਂ ਹੋਵੇਗਾ। ਅੰਮ੍ਰਿਤਪਾਲ ਸਿੰਘ ਐਤਵਾਰ ਨੂੰ ਵੱਡੀ ਗਿਣਤੀ ਨੌਜਵਾਨਾਂ ਤੇ ਬੀਬੀਆਂ ਨਾਲ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਅੰਮ੍ਰਿਤ ਛਕਣ ਲਈ ਸ੍ਰੀ ਆਨੰਦਪੁਰ ਸਾਹਿਬ ਪਹੁੰਚੇ ਸੀ।

ਗਿਆਨੀ ਅੰਮ੍ਰਿਤਪਾਲ ਸਿੰਘ ਨੇ ਤਖ਼ਤ ਸਾਹਿਬ ਦੇ ਮੀਟਿੰਗ ਹਾਲ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਸਾਈ ਧਰਮ ਨਾਲ ਸਬੰਧਤ ਪੂਰੇ ਸੰਸਾਰ ਅੰਦਰ ਬਹੁਤ ਜ਼ਿਆਦਾ ਦੇਸ਼ ਹਨ ਪਰ ਸਿੱਖਾਂ ਲਈ ਪੰਜਾਬ ਹੀ ਇੱਕ ਅਜਿਹਾ ਸੂਬਾ ਹੈ, ਜਿਸ ਨੂੰ ਉਹ ਸਹੀ ਮਾਅਨਿਆਂ ਵਿੱਚ ਆਪਣਾ ਕਹਿ ਸਕਦੇ ਹਨ, ਇਸ ਲਈ ਇੱਥੇ ਕਿਸੇ ਦੀ ਵੀ ਮਨਮਾਨੀ ਨਹੀਂ ਚੱਲਣ ਦਿੱਤੀ ਜਾਵੇਗੀ। ਉਨ੍ਹਾਂ ਦੋਸ਼ ਲਗਾਇਆ ਕਿ ਸਮੇਂ ਦੀਆਂ ਹਕੂਮਤਾਂ ਨਸ਼ਿਆਂ ਰਾਹੀਂ ਪੰਜਾਬੀਆਂ ਨੂੰ ਖ਼ਤਮ ਕਰਨ ਦੇ ਰਾਹ ’ਤੇ ਤੁਲੀਆਂ ਹੋਈਆਂ ਹਨ।


 

ਗੁਰਦੁਆਰਾ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਨਤਮਸਤਕ ਹੋਣ ਉਪਰੰਤ ਉਨ੍ਹਾਂ ਵੱਲੋਂ ਦੀਵਾਨ ਹਾਲ ਵਿੱਚ ਕੀਰਤਨ ਅਤੇ ਢਾਡੀ ਜਥਿਆਂ ਦੇ ਪ੍ਰੋਗਰਾਮ ਵਿੱਚ ਹਾਜ਼ਰੀ ਭਰੀ ਗਈ। ਕੁੱਝ ਸਮੇਂ ਲਈ ਮੀਡੀਆ ਦੇ ਰੂਬਰੂ ਹੋ ਕੇ ਉਨ੍ਹਾਂ ਨੇ ਸਿੱਖ ਪੰਥ ਨੂੰ ਸੰਦੇਸ਼ ਦਿੱਤਾ ਕਿ ਆਓ ਅੰਮ੍ਰਿਤ ਦੀ ਦਾਤ ਲੈ ਕੇ ਗੁਰੂ ਵਾਲੇ ਬਣੀਏ। ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਪੁਰਾਣੇ ਲੰਗਰ ਹਾਲ ਵਿਚ ਧੰਨ- ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਆਈ ਹੋਈ ਸੰਗਤ ਨੇ ਇੱਕ ਹਜ਼ਾਰ ਦੇ ਕਰੀਬ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ ਗਈ। 

 

ਉੱਥੇ ਹੀ ਭਾਈ ਅੰਮ੍ਰਿਤਪਾਲ ਸਿੰਘ ਵੱਲੋਂ ਮੀਡੀਆ ਨੂੰ ਵੀ ਇੱਕ ਅਪੀਲ ਕੀਤੀ ਗਈ ਕਿ ਉਹ ਵਿਊ ਦੇ ਚੱਕਰਾਂ ਵਿਚ ਆਪਣੀ ਅਸਲੀ ਡਿਊਟੀ ਨਾ ਭੁੱਲਣ ਅਤੇ ਆਪਣੀ ਡਿਊਟੀ ਪਛਾਣਦੇ ਹੋਏ ਸਹੀ ਅਤੇ ਗਲਤ ਦੀ ਪਰਖ ਕਰਕੇ ਹੀ ਅਖ਼ਬਾਰਾਂ ਜਾਂ ਟੈਲੀਵਿਜ਼ਨ ਦੀਆਂ ਸੁਰਖ਼ੀਆਂ ਬਣਾਉਣ ਕਿਉਂਕਿ ਮੀਡੀਆ ਦਾ ਵੀ ਕੌਮ ਪ੍ਰਤੀ ਬਹੁਤ ਵੱਡਾ ਰੋਲ ਹੈ। ਇਸ ਦੌਰਾਨ ਭਾਈ ਅੰਮ੍ਰਿਤਪਾਲ ਸਿੰਘ ਵੱਲੋਂ ਵਾਰ -ਵਾਰ ਅੰਮ੍ਰਿਤ ਦੀ ਦਾਤ ਲੈਣ ਦੀ ਅਪੀਲ ਵੀ ਕੀਤੀ ਗਈ। ਇਸ ਸਮੇਂ ਉਨ੍ਹਾਂ ਨਾਲ ਵੱਡੀ ਗਿਣਤੀ ਵਿਚ ਸਿੱਖ ਸੰਗਤਾਂ ਦਾ ਹਜੂਮ ਹਾਜ਼ਰ ਸੀ। ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਲੰਗਰ ਹਾਲ ਤੋਂ ਨਿਕਲਦਿਆਂ ਕੇਸਗੜ੍ਹ ਸਾਹਿਬ ਦੇ ਬਿਲਕੁਲ ਸਾਹਮਣੇ ਬੋਲੇ ਸੋ ਨਿਹਾਲ ਸਤਿ ਸ੍ਰੀ ਆਕਾਲ ਤੇ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਵੀ ਲਗਾਏ ਗਏ।