Amritpal Singh: ਖਡੂਰ ਸਾਹਿਬ ਲੋਕ ਸਭਾ ਹਲਕੇ ਤੋਂ ਚੋਣ ਜਿੱਤੇ ਅੰਮ੍ਰਿਤਪਾਲ ਸਿੰਘ ਅੱਜ ਆਸਾਮ ਦੀ ਡਿਬਰੂਗੜ੍ਹ ਜੇਲ੍ਹ ਤੋਂ ਦਿੱਲੀ ਪਹੁੰਚ ਕੇ ਸੰਸਦ ਮੈਂਬਰ ਦੇ ਅਹੁਦੇ ਦੀ ਸਹੁੰ ਚੁੱਕ ਰਹੇ ਹਨ। ਇਸ ਬਾਰੇ ਅੰਮ੍ਰਿਤਪਾਲ ਸਿੰਘ ਦੇ ਮਾਪਿਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਅਜੇ ਤੱਕ ਅੰਮ੍ਰਿਤਪਾਲ ਸਿੰਘ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ। ਅਧਿਕਾਰੀਆਂ ਨੇ ਉਨ੍ਹਾਂ ਨੂੰ ਸੂਚਿਤ ਕੀਤਾ ਹੈ ਕਿ ਅੰਮ੍ਰਿਤਪਾਲ ਸਿੰਘ ਦੇ ਦਿੱਲੀ ਪਹੁੰਚਣ ਤੋਂ ਬਾਅਦ ਮਿਲਣ ਦਾ ਸਮਾਂ ਤੇ ਸਥਾਨ ਦੱਸ ਦਿੱਤਾ ਜਾਵੇਗਾ।


ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਨੇ ਦੱਸਿਆ ਕਿ ਅੰਮ੍ਰਿਤਪਾਲ ਸਿੰਘ ਨੂੰ ਗਲਤ ਕਾਨੂੰਨ ਤਹਿਤ ਗ੍ਰਿਫਤਾਰ ਕੀਤਾ ਗਿਆ ਹੈ। ਸਰਕਾਰ ਵੱਲੋਂ ਸਭ ਕੁਝ ਗੈਰ-ਕਾਨੂੰਨੀ ਢੰਗ ਨਾਲ ਕੀਤਾ ਗਿਆ ਸੀ। ਅੰਮ੍ਰਿਤਪਾਲ ਸਿੰਘ ਤੇ ਉਸ ਦੇ ਸਾਥੀਆਂ ਨੂੰ ਰਿਹਾਅ ਕੀਤਾ ਜਾਵੇ। ਲੋਕਾਂ ਨੇ ਅੰਮ੍ਰਿਤਪਾਲ ਨੂੰ ਐਮਪੀ ਬਣਾਇਆ ਹੈ। ਸਾਨੂੰ ਲੋਕਾਂ ਦਾ ਪਿਆਰ ਮਿਲ ਰਿਹਾ ਹੈ। ਅਸੀਂ ਉਨ੍ਹਾਂ ਦੀ ਸੇਵਾ ਵਿੱਚ ਸਦਾ ਹਾਜ਼ਰ ਰਹਾਂਗੇ।


ਅੰਮ੍ਰਿਤਪਾਲ ਸਿੰਘ ਦੇ ਮਾਤਾ-ਪਿਤਾ ਤੇ ਚਾਚਾ ਦਿੱਲੀ ਪਹੁੰਚ ਗਏ ਹਨ। ਉਨ੍ਹਾਂ ਨੂੰ ਅਜੇ ਤੱਕ ਅੰਮ੍ਰਿਤਪਾਲ ਸਿੰਘ ਨੂੰ ਮਿਲਣ ਦਾ ਸਮਾਂ ਨਹੀਂ ਦੱਸਿਆ ਗਿਆ। ਜਦੋਂਕਿ ਉਨ੍ਹਾਂ ਦੀ ਪਤਨੀ ਕਿਰਨਦੀਪ ਕੌਰ ਪਿਛਲੇ ਕਾਫੀ ਸਮੇਂ ਤੋਂ ਡਿਬਰੂਗੜ੍ਹ ਵਿੱਚ ਰਹਿ ਰਹੀ ਹੈ, ਜਿਸ ਕਾਰਨ ਉਹ ਦਿੱਲੀ ਨਹੀਂ ਪਹੁੰਚ ਸਕੇਗੀ।


ਦੱਸ ਦਈਏ ਕਿ ਅੰਮ੍ਰਿਤਪਾਲ ਸਿੰਘ ਦੀ ਫਲਾਈਟ ਸਵੇਰੇ 10 ਵਜੇ ਦਿੱਲੀ ਪਹੁੰਚੀ। ਉਨ੍ਹਾਂ ਦੇ ਕਰੀਬ 11 ਵਜੇ ਸੰਸਦ ਪਹੁੰਚਣ ਦੀ ਸੰਭਾਵਨਾ ਹੈ, ਜਿੱਥੇ ਉਹ ਸੰਸਦ ਮੈਂਬਰ ਦੀ ਸਹੁੰ ਚੁੱਕਣਗੇ। ਹਾਸਲ ਜਾਣਕਾਰੀ ਮੁਤਾਬਕ ਸੰਸਦ ਦਾ ਸੈਸ਼ਨ ਖਤਮ ਹੋ ਗਿਆ ਹੈ। ਅਜਿਹੇ 'ਚ ਅੰਮ੍ਰਿਤਪਾਲ ਸਿੰਘ ਸਪੀਕਰ ਦੇ ਕਮਰੇ 'ਚ ਸਹੁੰ ਚੁੱਕਣਗੇ।


ਦੱਸ ਦਈਏ ਕਿ ਅੰਮ੍ਰਿਤਪਾਲ ਸਿੰਘ ਨੂੰ ਸਵੇਰੇ 4 ਵਜੇ ਡਿਬਰੂਗੜ੍ਹ ਜੇਲ੍ਹ ਤੋਂ ਬਾਹਰ ਕੱਢ ਕੇ ਏਅਰਬੇਸ ਲਿਜਾਇਆ ਗਿਆ ਜਿੱਥੋਂ ਉਹ ਦਿੱਲੀ ਲਈ ਰਵਾਨਾ ਹੋਏ। ਅੰਮ੍ਰਿਤਪਾਲ ਸਿੰਘ ਨੂੰ 4 ਦਿਨ ਦੀ ਪੈਰੋਲ ਮਿਲੀ ਹੈ ਪਰ ਪੁਲਿਸ ਪ੍ਰਸ਼ਾਸਨ ਉਨ੍ਹਾਂ ਨੂੰ ਸਹੁੰ ਚੁੱਕਣ ਲਈ ਹੀ ਜੇਲ੍ਹ ਤੋਂ ਬਾਹਰ ਲਿਆ ਰਿਹਾ ਹੈ। ਪੈਰੋਲ ਦੀਆਂ ਸ਼ਰਤਾਂ ਤਹਿਤ ਪਰਿਵਾਰ ਨੂੰ ਦਿੱਲੀ ਵਿੱਚ ਮਿਲਣ ਦੀ ਇਜਾਜ਼ਤ ਦਿੱਤੀ ਗਈ ਹੈ।


ਅੰਮ੍ਰਿਤਪਾਲ ਸਿੰਘ ਸਹੁੰ ਚੁੱਕਣ ਲਈ ਇੱਕ ਸਾਲ 2 ਮਹੀਨੇ 12 ਦਿਨਾਂ ਬਾਅਦ ਡਿਬਰੂਗੜ੍ਹ ਜੇਲ੍ਹ ਤੋਂ ਬਾਹਰ ਆ ਰਹੇ ਹਨ। ਸਹੁੰ ਚੁੱਕਣ ਤੋਂ ਬਾਅਦ ਉਨ੍ਹਾਂ ਨੂੰ ਤੁਰੰਤ ਜੇਲ੍ਹ ਭੇਜ ਦਿੱਤਾ ਜਾਵੇਗਾ। ਅੰਮ੍ਰਿਤਪਾਲ ਸਿੰਘ ਨੂੰ ਦਿੱਤੀ ਪੈਰੋਲ ਵਿੱਚ ਚਾਰ ਦਿਨ ਦਾ ਜ਼ਿਕਰ ਕੀਤਾ ਗਿਆ ਹੈ। ਇਸ ਵਿੱਚ 10 ਸ਼ਰਤਾਂ ਵੀ ਲਾਈਆਂ ਗਈਆਂ ਹਨ। ਉਨ੍ਹਾਂ ਨੂੰ ਲਿਆਉਣ, ਠਹਿਰਾਉਣ, ਸੁਰੱਖਿਆ ਤੇ ਵਾਪਸ ਲੈ ਕੇ ਜਾਣ ਦੀ ਜ਼ਿੰਮੇਵਾਰੀ ਅੰਮ੍ਰਿਤਸਰ ਦਿਹਾਤੀ ਦੇ ਐਸਐਸਪੀ ਸਤਿੰਦਰ ਸਿੰਘ ਨੂੰ ਸੌਂਪੀ ਗਈ ਹੈ।