ਲੋਕ ਸਭਾ ਚੋਣਾਂ ‘ਚ ਪੰਜਾਬ ਦੀ 13 ਲੋਕ ਸਭਾ ਸੀਟਾਂ ਵਿੱਚੋਂ ਕਾਂਗਰਸ ਨੇ ਸਭ ਤੋਂ ਵੱਧ 7 ਸੀਟਾਂ ਆਪਣੇ ਨਾਮ ਕੀਤੀਆਂ। ਇਸ ਵਾਰ ਸਾਰੀਆਂ ਪ੍ਰਮੁੱਖ ਪਾਰਟੀਆਂ ਨੇ ਇਕੱਲਿਆਂ ਹੀ ਚੋਣਾਂ ਲੜੀਆਂ ਹਨ। ਕਾਂਗਰਸ ਨੇ 7 ਸੀਟਾਂ ਜਿੱਤੀਆਂ। ਸੱਤਾ ਧਿਰ ਆਮ ਆਦਮੀ ਪਾਰਟੀ 3 ਸੀਟਾਂ ਨਾਲ ਦੂਜੇ ਨੰਬਰ ‘ਤੇ ਰਹੀ ਜਦਕਿ ਭਾਜਪਾ ਦਾ ਖਾਤਾ ਵੀ ਨਹੀਂ ਖੁਲ੍ਹਿਆ।


ਸਭ ਤੋਂ ਵੱਧ ਹੈਰਾਨ ਕੀਤਾ ਖਡੂਰ ਸਾਹਿਬ ਅਤੇ ਫਰੀਦਕੋਟ ਹਲਕੇ ਨੇ। ਇਥੋਂ 2 ਆਜ਼ਾਦ ਉਮੀਦਵਾਰਾਂ ਨੇ ਵੱਡੇ ਫਰਕ ਨਾਲ ਜਿੱਤ ਹਾਸਲ ਕੀਤੀ। ਖਡੂਰ ਸਾਹਿਬ ਤੋਂ ਅੰਮ੍ਰਿਤਪਾਲ ਸਿੰਘ ਨੇ ਜੇਲ੍ਹ ਚ ਬੈਠੇ ਹੀ 1,97,120 ਵੋਟਾਂ ਨਾਲ ਕਾਂਗਰਸ ਦੇ ਕੁਲਬੀਰ ਜ਼ੀਰਾ ਨੂੰ ਮਾਤ ਦਿੱਤੀ। ਖਡੂਰ ਸਾਹਿਬ ਤੋਂ ਕੈਬਿਨੇਟ ਮੰਤਰੀ ਲਾਲਜੀਤ ਭੁੱਲਰ ਤੀਜੇ ਨੰਬਰ ਤੇ ਰਹੇ, ਉਨ੍ਹਾਂ ਨੂੰ ਸਿਰਫ 194836 ਵੋਟਾਂ ਪਈਆਂ।



ਅੰਮ੍ਰਿਤਪਾਲ ਨੂੰ ਮਿਲੀ ਬੰਪਰ ਜਿੱਤ ਪਿੱਛੋਂ ਉਸ ਦਾ ਪਰਿਵਾਰ ਡਿਬਰੁਗੜ੍ਹ ਜੇਲ੍ਹ ਪਹੁੰਚਿਆ ਹੈ। ਅੰਮ੍ਰਿਤਪਾਲ ਦੀ ਪਤਨੀ ਕਿਰਨਦੀਪ ਕੌਰ ਪਹਿਲਾਂ ਹੀ ਓਥੇ ਮੌਜੂਦ ਸੀ ਅਤੇ ਹੁਣ ਉਨ੍ਹਾਂ ਦੇ ਮਾਤਾ ਪਿਤਾ ਵੀ ਅਸਾਮ ਦੇ ਡਿਬਰੁਗੜ੍ਹ ਉਨ੍ਹਾਂ ਨੂੰ ਮਿਲਣ ਪਹੁੰਚੇ ਹਨ। ਇਸ ਦੌਰਾਨ ਉਨ੍ਹਾਂ ਦੀ ਵੀਡੀਓ ਤੇ ਤਸਵੀਰਾਂ ਵੀ ਸਾਹਮਣੇ ਆਈਆਂ। ਅਸਾਮ ਦੇ ਏਅਰਪੋਰਟ ਤੋਂ ਉਨ੍ਹਾਂ ਦੀਆਂ ਕੁਝ ਵੀਡਿਓਜ਼ ਸਾਹਮਣੇ ਆਇਆ ਹਨ ਜਿਸ ਵਿਚ ਅੰਮ੍ਰਿਤਪਾਲ ਦੀ ਪਤਨੀ ਕਿਰਨਦੀਪ ਕੌਰ ਉਨ੍ਹਾਂ ਦੇ ਮਾਤਾ ਪਿਤਾ ਨੂੰ ਏਅਰਪੋਰਟ ਤੋਂ ਲੈਣ ਆਈ ਹੈ। ਓਥੋਂ ਸਾਰੇ ਇਕੱਠੇ ਹੋ ਕੇ ਅੰਮ੍ਰਿਤਪਾਲ ਨੂੰ ਮਿਲਣ ਡਿਬਰੁਗੜ੍ਹ ਸੇੰਟ੍ਰਲ ਜੇਲ੍ਹ ਜਾਣਗੇ।  


ਇਸ ਤੋਂ ਪਹਿਲਾਂ ਉਨ੍ਹਾਂ ਦੇ ਵਕੀਲ ਰਾਜਦੇਵ ਸਿੰਘ ਖਾਲਸਾ ਨੇ ਅਮ੍ਰਿਤਪਾਲ ਨਾਲ ਮੁਲਾਕਾਤ ਕੀਤੀ ਸੀ। ਐਡਵੋਕੇਟ ਖ਼ਾਲਸਾ ਨੇ ਦੱਸਿਆ ਸੀ ਕਿ ਜੇਲ੍ਹ ’ਚੋਂ ਅੰਮ੍ਰਿਤਪਾਲ ਸਿੰਘ ਨੇ ਕਿਹਾ ਕਿ ਉਹ ਹਲਕਾ ਖਡੂਰ ਸਾਹਿਬ ਦੀ ਸੰਗਤ ਦਾ ਉੱਚੇਚੇ ਤੌਰ ’ਤੇ ਧੰਨਵਾਦ ਕਰਦੇ ਹਨ, ਜਿਨ੍ਹਾਂ ਨੇ ਉਨ੍ਹਾਂ ਨੂੰ ਚੋਣ ਜਿਤਾ ਕੇ ਫ਼ਤਵਾ ਦਿੱਤਾ ਹੈ। ਅੰਮ੍ਰਿਤਪਾਲ ਸਿੰਘ ਜੂਨ ਮਹੀਨੇ ’ਚ ਜੇਲ੍ਹ ਤੋਂ ਬਾਹਰ ਆਉਣਗੇ। ਇਕ ਨਿਜੀ ਚੈਨਲ ਨੂੰ ਦਿੱਤੇ ਇੰਟਰਵਿਊ ਵਿਚ ਰਾਜਦੇਵ ਸਿੰਘ ਖਾਲਸਾ ਨੇ ਕਿਹਾ ਸੀ ਕਿ ਉਹ ਮੰਗਲਵਾਰ ਦੀ ਸ਼ਾਮ ਨੂੰ ਬਰਨਾਲਾ ਤੋਂ ਦਿੱਲੀ ਏਅਰਪੋਰਟ ਤੇ ਦਿੱਲੀ ਤੋਂ ਹਵਾਈ ਸਫ਼ਰ ਰਾਹੀਂ ਡਿਬਰੂਗੜ੍ਹ ਪੁੱਜੇ ਸਨ, ਬੁੱਧਵਾਰ ਨੂੰ ਉਨ੍ਹਾਂ ਅੰਮ੍ਰਿਤਪਾਲ ਸਿੰਘ ਨਾਲ ਜੇਲ੍ਹ ’ਚ ਮੁਲਾਕਾਤ ਕਰ ਕੇ ਉਨ੍ਹਾਂ ਨੂੰ ਖਡੂੂਰ ਸਾਹਿਬ ਹਲਕੇ ਤੋਂ ਮੈਂਬਰ ਪਾਰਲੀਮੈਂਟ ਬਣਨ ’ਤੇ ਵਧਾਈ ਦਿੱਤੀ। 


ਅੰਮ੍ਰਿਤਪਾਲ ਸਿੰਘ ’ਤੇ ਲੱਗੇ ਐੱਨਐੱਸਏ ਤੇ ਜੇਲ੍ਹ ਤੋਂ ਬਾਹਰ ਆਉਣ ਸਬੰਧੀ ਉਨ੍ਹਾਂ ਕਿਹਾ ਕਿ ਲੋਕਾਂ ਨੇ ਜੋ ਵੱਡੇ ਪੱਧਰ ’ਤੇ ਅੰਮ੍ਰਿਤਪਾਲ ਸਿੰਘ ਨੂੰ ਫ਼ਤਵਾ ਦਿੱਤਾ ਹੈ, ਉਹ ਕਾਨੂੰਨੀ ਪ੍ਰਕਿਰਿਆ ਤੋਂ ਵੀ ਉੱਤੇ ਹੁੰਦਾ ਹੈ। ਸੁਪ੍ਰੀਮ ਕੋਰਟ ਨੇ ਅਨੇਕਾਂ ਕੇਸਾਂ ’ਚ ਕਿਹਾ ਹੈ ਕਿ ਜਨਤਾ ਹੀ ਹਕੂਮਤ ਕਰਨ ਵਾਲੀ ਹੁੰਦੀ ਹੈ। ਲੋਕ ਰਾਜ ਦਾ ਇਹ ਮੁੱਢਲਾ ਤੇ ਬੁਨਿਆਦੀ ਅਸੂਲ ਹੈ ਕਿ ਜੋ ਜਨਤਾ ਦਾ ਫ਼ਤਵਾ ਹੁੰਦਾ ਹੈ, ਉਹ ਸਾਰਿਆਂ ਨੂੰ ਮਨਜ਼ੂਰ ਕਰਨਾ ਪੈਂਦਾ ਹੈ। ਇਸ ਲਈ ਜਨਤਾ ਨੇ ਜਦੋਂ ਅੰਮ੍ਰਿਤਪਾਲ ਸਿੰਘ ਨੂੰ ਇੰਨਾ ਵੱਡਾ ਫ਼ਤਵਾ ਦੇ ਦਿੱਤਾ ਹੈ ਤਾਂ ਮੇਰੇ ਖ਼ਿਆਲ ’ਚ ਕਾਨੂੰਨੀ ਪ੍ਰਕਿਰਿਆ ਦੀ ਇਸ ’ਚ ਕੋਈ ਲੋੜ ਨਹੀਂ ਪੈਣੀ ਜਿਸ ਕਰਕੇ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਨੂੰ ਲੋਕਾਂ ਦਾ ਇਹ ਵੱਡਾ ਫ਼ਤਵਾ ਮੰਨਣਾ ਹੀ ਪਵੇਗਾ ਤੇ ਉਨ੍ਹਾਂ ਨੂੰ ਜੇਲ੍ਹ ’ਚੋਂ ਰਿਹਾਅ ਕਰਨਾ ਹੀ ਪਵੇਗਾ।