Amritpal Singh: ਜੇਲ੍ਹ ’ਚ ਬੰਦ ਕੱਟੜਵਾਦੀ ਸਿੱਖ ਪ੍ਰਚਾਰਕ ਤੇ ਨਵੇਂ ਚੁਣੇ ਗਏ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਪੰਜਾਬ ਸਰਕਾਰ ਨੂੰ ਪੱਤਰ ਲਿਖ ਕੇ ਮੰਗ ਕਰਨਗੇ ਕਿ ਉਸ ਨੂੰ ਅਸਾਮ ਜੇਲ੍ਹ ’ਚੋਂ ਆਰਜ਼ੀ ਤੌਰ ’ਤੇ ਰਿਹਾਅ ਕੀਤਾ ਜਾਵੇ ਤਾਂ ਜੋ ਉਹ ਸੰਸਦ ਮੈਂਬਰ ਵਜੋਂ ਸਹੁੰ ਚੁੱਕ ਸਕੇ। ਇਹ ਜਾਣਕਾਰੀ ਉਨ੍ਹਾਂ ਦੇ ਵਕੀਲ ਇਮਾਨ ਸਿੰਘ ਖਾਰਾ ਨੇ ਦਿੱਤੀ। ਉਨ੍ਹਾਂ ਦੱਸਿਆ, ‘ਉਹ (ਅੰਮ੍ਰਿਤਪਾਲ) ਅੱਜ ਦਿਨੇ ਜਾਂ ਬਾਅਦ ਵਿੱਚ ਕੌਮੀ ਸੁਰੱਖਿਆ ਕਾਨੂੰਨ ਦੀ ਧਾਰਾ 15 ਤਹਿਤ ਜੇਲ੍ਹ ’ਚੋਂ ਆਰਜ਼ੀ ਰਿਹਾਈ ਲਈ ਲਿਖੇਗਾ।’ਜ਼ਿਕਰਯੋਗ ਹੈ ਕਿ ‘ਵਾਰਿਸ ਪੰਜਾਬ ਦੇ’ ਜਥੇਬੰਦੀ ਦਾ ਮੁਖੀ ਅੰਮ੍ਰਿਤਪਾਲ ਸਿੰਘ ਇਸ ਸਮੇਂ ਆਪਣੇ ਨੌਂ ਸਾਥੀਆਂ ਨਾਲ ਐੱਨਐੱਸਏ ਤਹਿਤ ਅਸਾਮ ਦੀ ਡਿਬਰੂਗੜ੍ਹ ਜੇਲ੍ਹ ’ਚ ਬੰਦ ਹੈ। 


ਖਡੂਰ ਸਾਹਿਬ ਸੀਟ ਤੋਂ ਕਿੰਨੀ ਵੋਟ ਮਿਲੀ?


ਪੰਜਾਬ ਦੀ ਖਡੂਰ ਸਾਹਿਬ ਸੀਟ ਤੋਂ ਆਜ਼ਾਦ ਸੰਸਦ ਮੈਂਬਰ ਬਣੇ ‘ਵਾਰਿਸ ਪੰਜਾਬ ਦੇ’ ਮੁਖੀ ਅੰਮ੍ਰਿਤਪਾਲ ਸਿੰਘ ਇਸ ਸਮੇਂ ਰਾਸ਼ਟਰੀ ਸੁਰੱਖਿਆ ਕਾਨੂੰਨ (ਐਨਐਸਏ) ਤਹਿਤ ਆਸਾਮ ਦੀ ਜੇਲ੍ਹ ਵਿੱਚ ਬੰਦ ਹਨ। ਅੰਮ੍ਰਿਤਪਾਲ ਸਿੰਘ ਨੇ ਕਾਂਗਰਸੀ ਉਮੀਦਵਾਰ ਕੁਲਬੀਰ ਸਿੰਘ ਜ਼ੀਰਾ ਨੂੰ 1,97,120 ਵੋਟਾਂ ਨਾਲ ਹਰਾ ਕੇ ਸੀਟ ਜਿੱਤੀ ਹੈ।  ਅੰਮ੍ਰਿਤਪਾਲ ਸਿੰਘ ਨੂੰ 4 ਲੱਖ 4 ਹਜ਼ਾਰ 430 ਵੋਟਾਂ ਮਿਲੀਆਂ, ਜਦੋਂ ਕਿ ਜੀਰਾ ਨੂੰ 2 ਲੱਖ 7 ਹਜ਼ਾਰ 310 ਵੋਟਾਂ ਮਿਲੀਆਂ। ਇਸ ਦੇ ਨਾਲ ਹੀ ਇਸ ਸੀਟ 'ਤੇ ਆਮ ਆਦਮੀ ਪਾਰਟੀ ਦੇ ਲਾਲਜੀਤ ਸਿੰਘ ਭੁੱਲਰ 1 ਲੱਖ 94 ਹਜ਼ਾਰ 836 ਵੋਟਾਂ ਲੈ ਕੇ ਤੀਜੇ ਸਥਾਨ 'ਤੇ ਰਹੇ। ਜਦੋਂਕਿ ਭਾਜਪਾ ਦੇ ਮਨਜੀਤ ਸਿੰਘ ਮੰਨਾ ਨੂੰ ਸਿਰਫ਼ 86,373 ਵੋਟਾਂ ਮਿਲੀਆਂ।


ਜਿੱਤ ਤੋਂ ਸੰਗਤ ਦਾ ਕੀਤਾ ਧੰਨਵਾਦ


ਜ਼ਿਕਰ ਕਰ ਦਈਏ ਕਿ ਅਮ੍ਰਿਤਪਾਲ ਸਿੰਘ ਦੇ ਮਾਤਾ-ਪਿਤਾ ਨੇ ਸ਼ਨੀਵਾਰ ਨੂੰ ਆਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਮੁਲਾਕਾਤ ਕੀਤੀ। ਮੁਲਾਕਾਤ ਤੋਂ ਬਾਅਦ ਅੰਮ੍ਰਿਤਪਾਲ ਸਿੰਘ ਦੀ ਮਾਤਾ ਬਲਵਿੰਦਰ ਕੌਰ ਨੇ ਦੱਸਿਆ ਕਿ ਅੰਮ੍ਰਿਤਪਾਲ ਸਿੰਘ ਜਿੱਤ ਤੋਂ ਬਹੁਤ ਖੁਸ਼ ਹਨ ਤੇ ਉਨ੍ਹਾਂ ਨੇ ਸਾਰੇ ਵੋਟਰਾਂ ਦਾ ਧੰਨਵਾਦ ਕੀਤਾ ਹੈ।ਅੰਮ੍ਰਿਤਪਾਲ ਸਿੰਘ ਨਾਲ ਮੁਲਾਕਾਤ ਕਰਨ ਤੋਂ ਬਾਅਦ ਉਨ੍ਹਾਂ ਦੀ ਮਾਤਾ ਬਲਵਿੰਦਰ ਕੌਰ ਨੇ ਕਿਹਾ, ''ਅੰਮ੍ਰਿਤਪਾਲ ਬਹੁਤ ਖੁਸ਼ ਹੈ ਤੇ ਸਾਨੂੰ ਵੀ ਮਿਲ ਕੇ ਬਹੁਤ ਖੁਸ਼ੀ ਹੋਈ। ਉਨ੍ਹਾਂ ਨੇ ਸਹਿਯੋਗ ਦੇਣ ਵਾਲੀ ਸਾਰੀ ਸੰਗਤ ਦਾ ਧੰਨਵਾਦ ਕਰਨ ਲਈ ਕਿਹਾ ਹੈ। ਅੰਮ੍ਰਿਤਪਾਲ ਸਿੰਘ ਨੇ ਕਿਹਾ ਕਿ ਸੰਗਤਾਂ ਨੇ ਬਹੁਤ ਸਾਥ ਦਿੱਤਾ, ਇਹ ਵੇਖ ਕੇ ਬਹੁਤ ਚੰਗਾ ਲੱਗਾ।