Punjab News: ਪੰਜਾਬ ਪੰਥਕ ਸਿਆਸਤ ਇਸ ਵੇਲੇ ਸ਼ਾਇਦ ਆਪਣੇ ਸਭ ਤੋਂ ਵੱਡੇ ਸੰਕਟ ਦਾ ਸਾਹਮਣਾ ਕਰ ਰਹੀ ਹੈ। ਇੱਕ ਪਾਸੇ ਅਕਾਲੀ ਦਲ ਦੀ ਭਰਤੀ ਮੁਹਿੰਮ ਨੂੰ ਲੈ ਕੇ ਸਵਾਲ ਖੜ੍ਹੇ ਹੋ ਰਹੇ ਹਨ, ਦੂਜੇ ਪਾਸੇ ਨਵੇਂ ਜਥੇਦਾਰਾਂ ਦਾ ਵਿਰੋਧ ਹੋ ਰਿਹਾ ਹੈ। SGPC ਮੈਂਬਰਾਂ ਦੇ ਘਰਾਂ ਦਾ ਘਿਰਾਓ ਕਰਨ ਦੀ ਚਰਚਾ ਚੱਲ ਰਹੀ ਹੈ ਤੇ ਇਸ ਦੌਰਾਨ ਹੁਣ ਅੰਮ੍ਰਿਤਪਾਲ ਸਿੰਘ ਨੂੰ ਪੰਜਾਬ ਲਿਆਉਣ ਦੇ ਐਲਾਨ ਤੋਂ ਬਾਅਦ ਇਸ ਨੇ ਹੋਰ ਵੱਡੇ ਸਵਾਲ ਖੜ੍ਹੇ ਕਰ ਦਿੱਤੇ ਹਨ।

ਨਵੇਂ ਜਥੇਦਾਰਾਂ ਦਾ ਵਿਰੋਧ

ਦੱਸ ਦਈਏ ਕਿ ਬੀਤੇ ਦਿਨ ਪੰਥਕ ਆਗੂਆਂ ਵੱਲੋਂ ਹੋਲੇ ਮਹੱਲੇ ਮੌਕੇ ਇੱਕ ਪੰਥਕ ਇਕੱਠ ਸੱਦਿਆ ਗਿਆ ਸੀ ਜਿਸ ਵਿੱਚ ਉਨ੍ਹਾਂ ਵੱਲ਼ੋਂ 6 ਮਤੇ ਪਾਸ ਕੀਤੇ ਗਏ ਸਨ ਜਿਸ ਵਿੱਚ ਸਭ ਤੋਂ ਮੁੱਖ ਇਹ ਸੀ ਕਿ ਉਨ੍ਹਾਂ ਵੱਲੋਂ  SGPC ਵੱਲੋਂ ਲਾਏ ਗਏ ਨਵੇਂ ਜਥੇਦਾਰਾਂ ਨੂੰ ਰੱਦ ਕਰ ਦਿੱਤਾ ਸੀ। ਉਨ੍ਹਾਂ ਨੇ ਪੂਰੀ ਸਿੱਖ ਕੌਮ, ਦੇਸ਼ ਵਿਦੇਸ਼ ਦੀਆਂ ਸੰਗਤਾਂ ਨੂੰ ਅਪੀਲ ਕਰਦਾ ਹੈ ਕਿ ਇਹਨਾਂ ਦਾ ਮੁਕੰਮਲ ਤੌਰ ਤੇ ਬਾਈਕਾਟ ਕੀਤਾ ਜਾਵੇ।

ਖਾਨਾਜੰਗੀ ਅਤੇ ਹਿੰਸਕ ਟਕਰਾਅ

ਇਸ ਦੌਰਾਨ ਗਿਆਨੀ ਕੁਲਦੀਪ ਸਿੰਘ ਗੜਗੱਜ ਦਾ ਵੀ ਵੱਡਾ ਬਿਆਨ ਸਾਹਮਣੇ ਆਇਆ ਸੀ ਜਿਸ ਵਿੱਚ ਉਨ੍ਹਾਂ ਕਿਹਾ ਕਿ ਹੁਣ ਜਦੋਂ ਕੌਮ ਦੀ ਰਾਜਨੀਤੀ ਵਿੱਚ ਖਲਾਅ ਹੈ ਤਾਂ ਇਸ ਨੂੰ ਸਿੱਧਾ ਸਿੱਧਾ ਖਾਨਾਜੰਗੀ ਅਤੇ ਹਿੰਸਕ ਟਕਰਾਵਾਂ ਵੱਲ ਧੱਕਿਆ ਜਾ ਰਿਹਾ ਹੈ, ਤਾਂ ਕਿ ਕੌਮੀ ਅਕਸ ਨੂੰ ਅੰਤਰਰਾਸ਼ਟਰੀ ਪੱਧਰ ਉੱਤੇ ਸੱਟ ਮਾਰੀ ਜਾਵੇ। ਇਨ੍ਹਾਂ ਵਖਰੇਵਿਆਂ ਦਾ ਨੁਕਸਾਨ ਇਹ ਹੋਇਆ ਹੈ ਕਿ ਸਾਡੇ ਗੁਰਦੁਆਰਿਆਂ ਦੇ ਵਿੱਚ ਸਰਕਾਰੀ ਦਖ਼ਲਅੰਦਾਜ਼ੀ ਵਧੀ ਅਤੇ ਗੱਲ ਦੱਖਣ ਤੋਂ ਸ਼ੁਰੂ ਹੋ ਕੇ ਅੱਜ ਪੰਜਾਬ ਤੱਕ ਪੁੱਜ ਚੁੱਕੀ ਹੈ।  ਉਨ੍ਹਾਂ ਕਿਹਾ ਕਿ ਪੰਥ ਵਿਰੋਧੀ ਤਾਕਤਾਂ ਸਾਡੇ ਪਵਿੱਤਰ ਗੁਰਦੁਆਰਿਆਂ ਉੱਤੇ ਕਬਜ਼ਾ ਕਰਨਾ ਚਾਹੁੰਦੀਆਂ ਹਨ।

ਹਾਸ਼ੀਏ ਉੱਤੇ ਅਕਾਲੀ ਦਲ 

ਗ਼ੌਰ ਕਰਨ ਵਾਲੀ ਗੱਲ ਹੈ ਕਿ ਇਸ ਵੇਲੇ ਪੰਥ ਦੀ ਸਿਆਸੀ ਜਮਾਤ ਕਹੀ ਜਾਣ ਵਾਲੀ ਸ਼੍ਰੋਮਣੀ ਅਕਾਲੀ ਦਲ ਇਸ ਵੇਲੇ ਹਾਸ਼ਈ ਉੱਤੇ ਚੱਲ ਰਹੀ ਹੈ ਕਿਉਂਕਿ ਇਸ ਦੇ ਲੀਡਰਾਂ ਨੂੰ ਅਕਾਲ ਤਖ਼ਤ ਵੱਲੋਂ ਲੀਡਰਸ਼ਿੱਪ ਲਈ ਅਯੋਗ ਕਰਾਰ ਦਿੱਤਾ ਗਿਆ ਸੀ ਤੇ ਨਵੀਂ ਭਰਤੀ ਦੀ ਗੱਲ਼ ਕੀਤੀ ਗਈ ਸੀ ਜੋ ਕਿ ਇਸ ਵੇਲੇ ਵਿਵਾਦਾਂ ਦਾ ਸਾਹਮਣਾ ਕਰ ਰਹੀ ਹੈ। ਅਕਾਲੀ ਦਲ ਵੀ ਇਸ ਵੇਲੇ ਕਈ ਧੜਿਆਂ ਵਿੱਚ ਵੰਡਿਆਂ ਹੋਇਆ ਹੈ ਤੇ ਕਿਹਾ ਜਾ ਰਿਹਾ ਹੈ ਕਿ ਬਾਦਲ ਧੜਾ ਸਿੱਧਾ ਅਕਾਲ ਤਖ਼ਤ ਸਾਹਿਬ ਨਾਲ ਮੱਧਾ ਲਾ ਰਿਹਾ ਹੈ ਕਿਉਂਕਿ SGPC ਵੱਲੋਂ 25 ਦਿਨਾਂ ਦੇ ਅੰਦਰ ਹੀ ਤਿੰਨ ਤਖ਼ਤਾ ਦੇ ਜਥੇਦਾਰਾਂ ਨੂੰ ਜ਼ਿੰਮੇਵਾਰੀਆਂ ਤੋਂ ਫਾਰਗ ਕਰ ਦਿੱਤਾ ਗਿਆ ਸੀ ਤੇ ਹੁਣ ਨਵੇਂ ਥਾਪੇ ਜਥੇਦਾਰਾਂ ਨੂੰ ਅਕਾਲੀ ਦਲ ਕਰਕੇ ਹੀ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। 

ਅੰਮ੍ਰਿਤਪਾਲ ਸਿੰਘ ਦੀ ਸਿਆਸੀ ਪਾਰਟੀ

ਪਰ ਇੱਥੇ ਜੇ ਗੱਲ ਅੰਮ੍ਰਿਤਪਾਲ ਸਿੰਘ ਦੀ ਕੀਤੀ ਜਾਵੇ ਤਾਂ ਅੰਮ੍ਰਿਤਪਾਲ ਸਿੰਘ ਦੇ ਧੜੇ ਵੱਲੋਂ ਵੀ ਆਪਣੀ ਪਾਰਟੀ ਦੇ ਨਾਂਅ ਦਾ ਐਲਾਨ ਕੀਤਾ ਗਿਆ ਹੈ। ਦੱਸ ਦਈਏ ਕਿ ਸ੍ਰੀ ਮੁਕਤਸਰ ਸਾਹਿਬ ਵਿਖੇ ਕੀਤੀ ਗਈ ਕਾਨਫ਼ਰੰਸ ਦੌਰਾਨ ਇਸ ਪਾਰਟੀ ਦਾ ਐਲਾਨ ਕੀਤਾ ਗਿਆ ਹੈ। ਇਸ ਪਾਰਟੀ ਦਾ ਨਾਂ 'ਅਕਾਲੀ ਦਲ ਵਾਰਿਸ ਪੰਜਾਬ ਦੇ' ਰੱਖਿਆ ਗਿਆ ਹੈ ਜਿਸ ਤੋਂ ਬਾਅਦ ਹੁਣ ਦੀ ਭਰਤੀ ਮੁਹਿੰਮ ਚੱਲ ਰਹੀ ਹੈ। ਇਹ ਕਿਹਾ ਜਾ ਰਿਹਾ ਹੈ ਕਿ ਅੰਮ੍ਰਿਤਪਾਲ ਸਿੰਘ ਦੇ ਪੰਜਾਬ ਆਉਣ ਨਾਲ ਇਸ ਭਰਤੀ ਮੁਹਿੰਮ ਨੂੰ ਵੱਡਾ ਹੁੰਗਾਰਾ ਮਿਲੇਗਾ ਕਿਉਂਕਿ ਲੰਘੀਆਂ ਲੋਕ ਸਭਾ ਚੋਣਾਂ ਅੰਮ੍ਰਿਤਪਾਲ ਸਿੰਘ ਖਡੂਰ ਸਾਹਿਬ ਦੀ ਸੀਟ ਤੋਂ ਪੰਜਾਬ ਵਿੱਚੋਂ ਸਭ ਤੋਂ ਵੱਧ ਵੋਟਾਂ ਲੈ ਕੇ ਜਿੱਤੇ ਸਨ।

SGPC ਚੋਣਾਂ ਅੰਮ੍ਰਿਤਪਾਲ ਸਿੰਘ ਦਾ ਟੀਚਾ

ਇਸ ਲਈ ਇਸ ਗੱਲ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ ਕਿ ਅੰਮ੍ਰਿਤਪਾਲ ਸਿੰਘ ਦਾ ਪੰਜਾਬ ਵਿੱਚ ਕੋਈ ਆਧਾਰ ਨਹੀਂ ਹੈ। ਇੱਥੇ ਇਹ ਵੀ ਗ਼ੌਰ ਕਰਨ ਵਾਲੀ ਗੱਲ ਹੈ ਕਿ ਅੰਮ੍ਰਿਤਪਾਲ ਸਿੰਘ ਦੀ ਪਾਰਟੀ ਦਾ ਮੁੱਖ ਟੀਚਾ ਸ਼੍ਰੋਮਣੀ ਗੁਰੁਦਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਹਨ। ਪਾਰਟੀ ਦੇ ਐਲਾਨ ਕਰਦਿਆਂ ਹੀ ਉਨ੍ਹਾਂ ਵੱਲੋਂ ਕਿਹਾ ਗਿਆ ਸੀ ਕਿ ਇਹ ਮੰਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲਈ ਉੱਚੇ ਕਿਰਦਾਰ ਵਾਲੇ, ਈਮਾਨਦਾਰ ਤੇ ਮਿਹਨਤੀ ਗੁਰਸਿੱਖਾਂ ਨੂੰ ਅੱਗੇ ਲਿਆਏਗਾ, ਜੋ ਗੁਰਦੁਆਰਾ ਸੰਸਥਾ, ਗੁਰਦੁਆਰਾ ਪ੍ਰਬੰਧ ਵਿੱਚ ਆਈ ਗਿਰਾਵਟ ਨੂੰ ਦੂਰ ਕਰਨ ਲਈ ਧਾਰਮਿਕ, ਆਰਥਿਕ, ਪ੍ਰਬੰਧਕੀ, ਵਿੱਦਿਅਕ, ਚੋਣ, ਰੁਜ਼ਗਾਰ ਅਤੇ ਨਵੀਆਂ ਗਲੋਬਲ ਸਥਿਤੀਆਂ ਅਨੁਸਾਰ ਸਿਫ਼ਤੀ ਸੁਧਾਰ ਲਿਆ ਕੇ ਸਿੱਖ ਰਹਿਤ ਮਰਿਆਦਾ ਤੇ ਪਹਿਰਾ ਦੇਣਗੇ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸਹੀ ਅਰਥਾਂ ਵਿੱਚ ਸਿੱਖਾਂ ਦੀ ਸੰਸਦ ਬਣਾਉਣਗੇ

ਹੁਣ ਕੁਝ ਹੀ ਸਮੇਂ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਹੋਣ ਵਾਲੀਆਂ ਹਨ ਤੇ ਜਿਸ ਸਥਿਤੀ ਵਿੱਚ ਹੁਣ ਸ਼੍ਰੋਮਣੀ ਅਕਾਲੀ ਦਲ ਹੈ ਉਸ ਲਈ ਹੁਣ ਜਿੱਤ ਬਹੁਤ ਦੂਰ ਜਾਪਦੀ ਹੈ ਤੇ ਬਾਗੀਆਂ ਦੀ ਗੱਲ ਵੀ ਕਰੀਏ ਤਾਂ ਉਹ ਵੀ ਇਨ੍ਹਾਂ ਚੋਂ ਹੀ ਹਨ, ਇਸ ਲਈ ਉਨ੍ਹਾਂ ਲਈ ਵੀ ਦਿੱਲੀ ਦੂਰ ਹੈ ਜਿਸ ਲਈ ਹੁਣ ਸਭ ਤੋਂ ਵੱਧ ਦਾਅਵੇਦਾਰ ਅੰਮ੍ਰਿਤਪਾਲ ਸਿੰਘ ਨੂੰ ਮੰਨਿਆ ਜਾ ਰਿਹਾ ਹੈ। ਇਸ ਦਾ ਫੈਸਲਾ ਤਾਂ ਹੁਣ ਆਉਣ ਵਾਲੇ ਦਿਨਾਂ ਹੀ ਹੋਵੇਗਾ ਕਿ ਕੌਣ ਸਿੱਖਾਂ ਦੀ ਸੰਸਦ ਨੂੰ ਸਾਂਭਦਾ ਹੈ।

NSA ਤੋੜਕੇ ਪੰਜਾਬ ਲਈ ਸਰਕਾਰ 

ਜ਼ਿਕਰ ਕਰ ਦਈਏ ਕਿ ਖਾਲਿਸਤਾਨੀ ਸੰਗਠਨ 'ਵਾਰਿਸ ਪੰਜਾਬ ਦੇ' ਦੇ ਮੁਖੀ ਅਤੇ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੇ ਸੱਤ ਸਾਥੀਆਂ ਨੂੰ ਜਲਦੀ ਹੀ ਪੰਜਾਬ ਲਿਆਂਦਾ ਜਾਵੇਗਾ। ਪੰਜਾਬ ਸਰਕਾਰ ਨੇ ਇਨ੍ਹਾਂ ਸਾਰਿਆਂ 'ਤੇ ਰਾਸ਼ਟਰੀ ਸੁਰੱਖਿਆ ਕਾਨੂੰਨ (NSA) ਜਾਰੀ ਰੱਖਣ ਤੋਂ ਇਨਕਾਰ ਕਰ ਦਿੱਤਾ ਹੈ। ਜਾਣਕਾਰੀ ਅਨੁਸਾਰ, ਅੰਮ੍ਰਿਤਪਾਲ ਸਿੰਘ ਅਤੇ ਉਨ੍ਹਾਂ ਦੇ ਸਾਥੀ ਪੱਪਲਪ੍ਰੀਤ ਸਿੰਘ ਡਿਬਰੂਗੜ੍ਹ ਜੇਲ੍ਹ ਵਿੱਚ ਹੀ ਰਹਿਣਗੇ ਕਿਉਂਕਿ ਉਨ੍ਹਾਂ ਦੀ ਅਗਲੀ NSA ਸੁਣਵਾਈ 22 ਮਾਰਚ ਨੂੰ ਹੋਣੀ ਹੈ, ਜਿਸ ਤੋਂ ਬਾਅਦ ਸਰਕਾਰ ਅਗਲਾ ਫੈਸਲਾ ਲਵੇਗੀ। ਸੂਬਾ ਪੁਲਿਸ ਬਾਕੀ ਸਾਰੇ 7 ਨੂੰ ਡਿਬਰੂਗੜ੍ਹ ਜੇਲ੍ਹ ਤੋਂ ਗ੍ਰਿਫ਼ਤਾਰ ਕਰਕੇ ਪੰਜਾਬ ਲਿਆਏਗੀ ਤੇ ਪੰਜਾਬ ਦੇ ਪੁਲਿਸ ਥਾਣਿਆਂ ਵਿੱਚ ਦਰਜ ਸਾਰੇ ਮਾਮਲਿਆਂ ਵਿੱਚ ਕਾਰਵਾਈ ਕਰੇਗੀ। ਇਹ ਸਾਰੇ ਦੋਸ਼ੀ ਇਸ ਸਮੇਂ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਹਨ ਅਤੇ ਹੁਣ ਉਨ੍ਹਾਂ ਨੂੰ ਪੰਜਾਬ ਦੀਆਂ ਜੇਲ੍ਹਾਂ ਵਿੱਚ ਤਬਦੀਲ ਕਰ ਦਿੱਤਾ ਜਾਵੇਗਾ।