Amritpal Singh In Jail: 'ਵਾਰਿਸ ਪੰਜਾਬ ਦੇ' ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਤੇ ਉਸ ਦੇ ਨੌਂ ਸਾਥੀਆਂ ਨੂੰ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਬੇਹੱਦ ਸਖਤ ਪਹਿਰੇ ਹੇਠ ਰੱਖਿਆ ਗਿਆ ਹੈ। ਸੂਤਰਾਂ ਅਨੁਸਾਰ ਹੁਣ ਐਨਆਈਏ ਤੇ ਆਈਬੀ ਦੀਆਂ ਟੀਮਾਂ ਜੇਲ੍ਹ ਵਿੱਚ ਬੰਦ ਅੰਮ੍ਰਿਤਪਾਲ ਸਿੰਘ ਤੋਂ ਪੁੱਛ-ਗਿੱਛ ਕਰਨਗੀਆਂ। ਏਜੰਸੀਆਂ ਨੂੰ ਸ਼ੱਕ ਹੈ ਕਿ ਅੰਮ੍ਰਿਤਪਾਲ ਸਿੰਘ ਦੇ ਪਾਕਿਸਤਾਨੀ ਖੁਫੀਆ ਏਜੰਸੀ ਆਈਐਸਆਈ ਨਾਲ ਸਬੰਧ ਹਨ। 



ਦੱਸ ਦਈਏ ਕਿ 'ਵਾਰਿਸ ਪੰਜਾਬ ਦੇ' ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਨੂੰ ਪੰਜਾਬ ਪੁਲਿਸ ਨੇ ਐਤਵਾਰ (23 ਅਪ੍ਰੈਲ) ਨੂੰ ਗ੍ਰਿਫਤਾਰ ਕੀਤਾ ਸੀ। ਉਸ ਨੂੰ 36 ਦਿਨਾਂ ਦੀ ਤਲਾਸ਼ ਤੋਂ ਬਾਅਦ ਪੰਜਾਬ ਦੇ ਮੋਗਾ ਜ਼ਿਲ੍ਹੇ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਅੰਮ੍ਰਿਤਪਾਲ ਨੂੰ ਗ੍ਰਿਫਤਾਰੀ ਤੋਂ ਬਾਅਦ ਰਾਸ਼ਟਰੀ ਸੁਰੱਖਿਆ ਕਾਨੂੰਨ ਤਹਿਤ ਅਸਾਮ ਦੀ ਡਿਬਰੂਗੜ੍ਹ ਕੇਂਦਰੀ ਜੇਲ੍ਹ ਭੇਜ ਦਿੱਤਾ ਗਿਆ ਸੀ। ਅੰਮ੍ਰਿਤਪਾਲ ਦੇ 9 ਸਾਥੀ ਪਹਿਲਾਂ ਹੀ ਇਸ ਜੇਲ੍ਹ ਵਿੱਚ ਬੰਦ ਹਨ। 



ਸੂਤਰਾਂ ਮੁਤਾਬਕ ਅੰਮ੍ਰਿਤਪਾਲ ਨੂੰ ਇੱਕ ਵੱਖਰੇ ਤਨਹਾਈ ਸੈੱਲ ਵਿੱਚ ਰੱਖਿਆ ਗਿਆ ਹੈ। ਜਿਸ ਕੋਠੜੀ ਵਿੱਚ ਅੰਮ੍ਰਿਤਪਾਲ ਨੂੰ ਰੱਖਿਆ ਗਿਆ ਹੈ, ਉਸ ਸੈਲ ਵਿੱਚ ਅੰਮ੍ਰਿਤਪਾਲ ਤੋਂ ਇਲਾਵਾ ਕੋਈ ਹੋਰ ਕੈਦੀ ਨਹੀਂ ਹੈ। ਅੰਮ੍ਰਿਤਪਾਲ ਦੇ ਬਾਕੀ 9 ਸਾਥੀ ਇੱਥੇ ਬੰਦ ਹਨ ਪਰ ਕਿਸੇ ਨੂੰ ਵੀ ਇੱਕ ਦੂਜੇ ਨਾਲ ਮਿਲਣ ਨਹੀਂ ਦਿੱਤਾ ਜਾਂਦਾ। ਉਸ ਦੇ ਬਾਕੀ ਸਾਥੀਆਂ ਨੂੰ ਵੀ ਅਲੱਗ-ਅਲੱਗ ਕੋਠੜੀਆਂ ਵਿੱਚ ਰੱਖਿਆ ਜਾਂਦਾ ਹੈ, ਯਾਨੀ ਇੱਕ ਕੈਦੀ ਦੂਜੇ ਕੈਦੀ ਨੂੰ ਨਹੀਂ ਮਿਲ ਸਕਦਾ।


ਸੂਤਰਾਂ ਅਨੁਸਾਰ ਅੰਮ੍ਰਿਤਪਾਲ ਨੂੰ ਜਿਸ ਤਨਹਾਈ ਸੈੱਲ ਵਿਚ ਰੱਖਿਆ ਗਿਆ ਹੈ, ਉਸ ਵਿੱਚ ਪਹਿਲਾਂ ਉਲਫ਼ਾ ਨਾਲ ਜੁੜੇ ਖ਼ਤਰਨਾਕ ਅਤਿਵਾਦੀਆਂ ਨੂੰ ਰੱਖਿਆ ਗਿਆ ਸੀ। ਅੰਮ੍ਰਿਤਪਾਲ ਤੇ ਉਸ ਦੇ ਸਾਥੀਆਂ 'ਤੇ ਨਜ਼ਰ ਰੱਖਣ ਲਈ ਕਈ ਸੀਸੀਟੀਵੀ ਕੈਮਰੇ ਵੀ ਲਾਏ ਗਏ ਹਨ, ਜਿਸ ਰਾਹੀਂ ਉਨ੍ਹਾਂ 'ਤੇ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ।



ਸੂਤਰਾਂ ਅਨੁਸਾਰ ਅੰਮ੍ਰਿਤਪਾਲ ਸਿੰਘ ਬੀਤੀ ਦੇਰ ਰਾਤ ਤੱਕ ਆਪਣੀ ਕੋਠੜੀ ਵਿੱਚ ਜਾਗਦਾ ਰਿਹਾ। ਜੇਲ੍ਹ ਮੈਨੂਅਲ ਮੁਤਾਬਕ ਉਸ ਨੂੰ ਕੋਠੜੀ ਦੇ ਅੰਦਰ ਖਾਣਾ ਦਿੱਤਾ ਗਿਆ ਜੋ ਉਸ ਨੇ ਖਾਧਾ। ਅੰਮ੍ਰਿਤਪਾਲ ਤੇ ਉਸ ਦੇ 9 ਸਾਥੀ ਜੋ ਐਨਐਸਏ ਅਧੀਨ ਹਨ, ਨੂੰ ਉਨ੍ਹਾਂ ਦੇ ਇਕਾਂਤ ਸੈੱਲ ਵਿੱਚ ਹੀ ਖਾਣਾ ਦਿੱਤਾ ਜਾਂਦਾ ਹੈ। ਉਨ੍ਹਾਂ ਨੂੰ ਖਾਣਾ ਖਾਣ ਲਈ ਸੈੱਲ ਤੋਂ ਬਾਹਰ ਆਉਣ ਦੀ ਇਜਾਜ਼ਤ ਨਹੀਂ।