ਅੰਮ੍ਰਿਤਸਰ 'ਚ ਰੂਪਮਾਨ ਹੋਏਗੀ ਭਾਰਤ-ਪਾਕਿ ਵੰਡ
ਏਬੀਪੀ ਸਾਂਝਾ | 21 Jul 2016 01:06 PM (IST)
ਅੰਮ੍ਰਿਤਸਰ: ਗੁਰੂ ਨਗਰੀ ਵਿੱਚ ਭਾਰਤ-ਪਾਕਿਸਤਾਨ ਵੰਡ ਦੀ ਤ੍ਰਾਸਦੀ ਨੂੰ ਦਰਸਾਉਂਦਾ ਅਜਾਇਬ ਘਰ ਦਸੰਬਰ ਮਹੀਨੇ ਹੋਂਦ ਵਿੱਚ ਆ ਜਾਵੇਗਾ। ਇਹ ਗੱਲ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਵਰੁਣ ਰੂਜਮ ਨੇ ਕਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਇਸ ਕੰਮ ਲਈ ਟਾਊਨ ਹਾਲ ਦੀ ਇਮਾਰਤ 'ਦਾ ਆਰਟ ਐਂਡ ਕਲਚਰਲ ਹੈਰੀਟੇਜ ਟਰੱਸਟ' ਨੂੰ ਅਲਾਟ ਕਰ ਦਿੱਤੀ ਹੈ। ਛੇਤੀ ਹੀ ਇਹ ਟਰੱਸਟ ਆਪਣਾ ਕੰਮ ਸ਼ੁਰੂ ਕਰ ਦੇਵੇਗਾ। ਇਹ ਅਜਾਇਬ ਘਰ ਅੰਮ੍ਰਿਤਸਰ ਦੀ ਟਾਊਨ ਹਾਲ ਇਮਾਰਤ ਵਿੱਚ ਬਣਾਇਆ ਜਾਵੇਗਾ ਜਿੱਥੇ ਪਿਛਲੇ ਕਈ ਸਾਲਾਂ ਤੋਂ ਅੰਮ੍ਰਿਤਸਰ ਨਗਰ ਨਿਗਮ ਦਾ ਦਫਤਰ ਚੱਲ ਰਿਹਾ ਸੀ। ਟਰਸਟ ਦੇ ਟਰੱਸਟੀ ਕੇਸ਼ਵਰ ਦੇਸਾਈ (ਪ੍ਰਸਿੱਧ ਕਾਲਮ ਨਵੀਸ ਤੇ ਲੇਖਕ), ਸੋਨੀ ਭੱਟ (ਅਦਾਕਾਰ) ਤੇ ਲਾਰਡ ਮੇਘਨਾਦ ਦੇਸਾਈ (ਵਿਸ਼ਵ ਪ੍ਰਸਿੱਧ ਅਰਥ ਸਾਸ਼ਤਰੀ ਤੇ ਇਤਿਹਾਸਕਾਰ) ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਇਹ ਥਾਂ ਸਤੰਬਰ ਮਹੀਨੇ ਟਰੱਸਟ ਨੂੰ ਸੌਂਪ ਦਿੱਤੇ ਜਾਣ ਦੀ ਆਸ ਹੈ। ਉਸ ਮਗਰੋਂ ਇਸ ਨੂੰ ਅਜਾਇਬ ਘਰ ਵਿੱਚ ਢਾਲਣ ਦਾ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ। ਦੇਸਾਈ ਨੇ ਦੱਸਿਆ ਕਿ ਇਸ ਅਜਾਇਬ ਘਰ ਲਈ ਅੰਦਾਜਨ 12 ਕਰੋੜ ਰੁਪਏ ਟਰੱਸਟ ਵੱਲੋਂ ਖਰਚ ਕੀਤੇ ਜਾਣਗੇ, ਜੋ ਦਾਨੀ ਸੱਜਣਾਂ ਵੱਲੋਂ ਆ ਰਹੇ ਹਨ। ਉਨਾਂ ਦੱਸਿਆ ਕਿ ਹੁਣ ਤੱਕ ਇਸ ਲਈ ਲੋੜੀਂਦੀ 50 ਫੀਸਦੀ ਰਕਮ ਇਕੱਠੀ ਹੋ ਚੁੱਕੀ ਹੈ। ਪ੍ਰਾਜੈਕਟ ਦਾ ਵਿਸਥਾਰ ਦਿੰਦੇ ਉਨ੍ਹਾਂ ਦੱਸਿਆ ਕਿ ਉਕਤ ਟਰੱਸਟ ਨਾਨ ਕਮਰਸ਼ੀਅਲ ਅਧਾਰ 'ਤੇ ਇਸ ਨੂੰ ਬਣਾਉਣ ਤੇ ਚਲਾਉਣ ਦਾ ਕੰਮ ਕਰੇਗਾ। ਇਸ ਲਈ ਇਸ ਦੇ ਖਰਚੇ ਚਲਾਉਣ ਲਈ ਬਹੁਤ ਹੀ ਘੱਟ 10 ਰੁਪਏ ਦੀ ਐਂਟਰੀ ਫੀਸ ਉਲੀਕੀ ਗਈ ਹੈ। ਉਨ੍ਹਾਂ ਦੱਸਿਆ ਕਿ ਇਹ ਇਕੱਠੇ ਹੋਏ ਪੈਸੇ ਵੀ ਅਜਾਇਬ ਘਰ ਦੀ ਬਿਹਤਰੀ ਵਾਸਤੇ ਖਰਚ ਕੀਤੇ ਜਾਇਆ ਕਰਨਗੇ। ਇੱਥੇ ਅਜਾਇਬ ਘਰ ਤੋਂ ਇਲਾਵਾ ਸੈਮੀਨਰ, ਭਾਸ਼ਣ, ਥੀਏਟਰ, ਕਵੀ ਸੰਮੇਲਨ ਤੇ ਸੰਗੀਤਕ ਪ੍ਰੋਗਰਾਮਾਂ ਦੀ ਲੜੀ ਚੱਲਦੀ ਰਿਹਾ ਕਰੇਗੀ ਤਾਂ ਜੋ ਇਹ ਕੇਵਲ ਅਜਾਇਬ ਘਰ ਨਾ ਹੋ ਕੇ ਇਕ ਜ਼ਿੰਦਾ ਸੰਸਥਾ ਨਜ਼ਰ ਆਵੇ।