ਅੰਮ੍ਰਿਤਸਰ: ਸਥਾਨਕ ਚਿੰਤਪੁਰਨੀ ਚੌਕ ਵਿੱਚ ਘੋੜੀ ’ਤੇ ਚੜ੍ਹੇ ਹੋਏ ਲਾੜੇ ਨੂੰ ਕਿਸੇ ਨੇ ਗੋਲ਼ੀ ਮਾਰ ਦਿੱਤੀ। ਹਾਸਲ ਜਾਣਕਾਰੀ ਮੁਤਾਬਕ ਰਾਜੀਵ ਕੁਮਾਰ ਵਿਆਹ ਵਾਲੇ ਦਿਨ ਘੋੜੀ ’ਤੇ ਸਵਾਰ ਸੀ ਤਾਂ ਅਚਾਨਕ ਉਸ ਨੂੰ ਗੋਲ਼ੀ ਵੱਜ ਗਈ। ਹਾਲਾਂਕਿ ਗੋਲ਼ੀ ਚਲਾਉਣ ਵਾਲੇ ਨੌਜਵਾਨਾਂ ਦੀ ਹਾਲੇ ਪਛਾਣ ਨਹੀਂ ਹੋ ਸਕੀ। ਗੋਲ਼ੀ ਲੱਗਣ ਬਾਅਦ ਰਾਜੀਵ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ। ਡਾਕਟਰਾਂ ਨੇ ਉਸ ਨੂੰ ਖ਼ਤਰੇ ਤੋਂ ਬਾਹਰ ਦੱਸਿਆ ਹੈ।
ਰਾਜੀਵ ਦੇ ਭਰਾ ਨੇ ਦੱਸਿਆ ਕਿ ਤਿੰਨ ਨੌਜਵਾਨ ਆਏ ਤੇ ਫਾਇਰਿੰਗ ਕਰ ਦਿੱਤੀ। ਫਾਇਰ ਸਿੱਧਾ ਰਾਜੀਵ ਨੂੰ ਜਾ ਕੇ ਲੱਗਾ। ਉਨ੍ਹਾਂ ਨੂੰ ਗੋਲ਼ੀ ਚਲਾਉਣ ਵਾਲੇ ਨੌਜਵਾਨਾਂ ਦੀ ਪਛਾਣ ਨਹੀਂ ਹੋਈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਕਿਸੇ ਨਾਲ ਕੋਈ ਰੰਜ਼ਿਸ਼ ਵੀ ਨਹੀਂ। ਉਨ੍ਹਾਂ ਨੂੰ ਨਹੀਂ ਪਤਾ ਕਿ ਨੌਜਵਾਨਾਂ ਨੇ ਰਾਜੀਵ ਨੂੰ ਗੋਲੀ ਕਿਉਂ ਮਾਰੀ।
ਉੱਧਰ ਪੁਲਿਸ ਦੇ ਆਹਲਾ ਅਧਿਕਾਰੀ ਨੇ ਕਿਹਾ ਕਿ ਉਹ ਮੌਕੇ ਵਾਲੀ ਥਾਂ ਪਹੁੰਚ ਕੇ ਤਫ਼ਤੀਸ਼ ਕਰ ਰਹੇ ਹਨ। ਜਲਦ ਗੋਲ਼ੀ ਚਲਾਉਣ ਵਾਲਿਆਂ ’ਤੇ ਕਾਰਵਾਈ ਕੀਤੀ ਜਾਏਗੀ।