ਚੰਡੀਗੜ੍ਹ: ਅੰਮ੍ਰਿਤਸਰ ਹਵਾਈ ਅੱਡੇ 'ਤੇ ਯਾਤਰੀਆਂ ਦੀ ਗਿਣਤੀ ਵਿੱਚ ਵੱਡਾ ਵਾਧਾ ਹੋਇਆ ਹੈ। ਵਿਦੇਸ਼ਾਂ ਨੂੰ ਸਿੱਧੀਆਂ ਉਡਾਣਾਂ ਸ਼ੁਰੂ ਹੋਣ ਨਾਲ ਇਹ ਰੁਝਾਨ ਵੇਖਣ ਨੂੰ ਮਿਲ ਰਿਹਾ ਹੈ। ਜੇਕਰ ਚਾਲੂ ਵਿੱਤੀ ਸਾਲ 2018-19 ਦੀ ਗੱਲ਼ ਕਰੀਏ ਦਾ ਇਸ ਦੇ ਪਹਿਲੇ 10 ਮਹੀਨਿਆਂ (ਅਪਰੈਲ ਤੋਂ ਜਨਵਰੀ) ਵਿੱਚ ਕੌਮਾਂਤਰੀ ਯਾਤਰੀਆਂ ਦੀ ਆਵਾਜਾਈ ਵਿੱਚ 28.7 ਫ਼ੀਸਦੀ ਵਾਧਾ ਹੋਇਆ ਹੈ। ਇਥੋਂ ਇਸ ਵਰ੍ਹੇ ਹੁਣ ਤਕ ਕੌਮਾਂਤਰੀ ਮੁਸਾਫ਼ਰਾਂ ਦੀ ਗਿਣਤੀ ਤਕਰੀਬਨ 6.48 ਲੱਖ ਹੋ ਗਈ ਹੈ, ਜੋ ਪਿਛਲੇ ਸਾਲ ਇਸ ਅਰਸੇ ਦੌਰਾਨ 5.03 ਲੱਖ ਸੀ।

ਇਸ ਬਾਰੇ ਫਲਾਈ ਅੰਮ੍ਰਿਤਸਰ ਇਨੀਸ਼ਿਏਟਿਵ ਮੁਹਿੰਮ ਦੇ ਕਨਵੀਨਰ ਤੇ ਅੰਮ੍ਰਿਤਸਰ ਵਿਕਾਸ ਮੰਚ ਦੇ ਓਵਰਸੀਜ਼ ਸਕੱਤਰ ਸਮੀਪ ਸਿੰਘ ਗੁਮਟਾਲਾ ਨੇ ਦੱਸਿਆ ਕਿ ਇਹ ਖੁਲਾਸਾ ਹਾਲ ਹੀ ਵਿੱਚ ਏਅਰਪੋਰਟ ਅਥਾਰਿਟੀ ਆਫ ਇੰਡੀਆ ਵੱਲੋਂ ਜਾਰੀ ਜਨਵਰੀ, 2019 ਦੇ ਅੰਕੜਿਆਂ ਵਿੱਚ ਹੋਇਆ ਹੈ। ਉਨ੍ਹਾਂ ਕਿਹਾ ਕਿ ਪੰਜਾਬੀਆਂ ਲਈ ਮਾਣ ਵਾਲੀ ਗੱਲ ਹੈ ਕਿ ਜਨਵਰੀ 2019 ਵਿੱਚ ਕੌਮਾਂਤਰੀ ਯਾਤਰੀਆਂ ਦੀ ਗਿਣਤੀ ਜਨਵਰੀ 2018 ਦੇ ਮੁਕਾਬਲੇ 47.6 ਫ਼ੀਸਦੀ ਵਧੀ ਹੈ, ਜਿਸ ਨਾਲ ਹਵਾਈ ਅੱਡਾ ਦੇਸ਼ ਦੇ ਸਾਰੇ ਅੰਤਰਰਾਸ਼ਟਰੀ ਹਵਾਈ ਅੱਡਿਆਂ ਵਿਚੋਂ ਦੂਜੇ ਸਥਾਨ ’ਤੇ ਰਿਹਾ।

ਉਨ੍ਹਾਂ ਦੱਸਿਆ ਕਿ ਜਨਵਰੀ 2018 ਵਿੱਚ ਇਹ ਗਿਣਤੀ 59,256 ਯਾਤਰੀ ਸੀ ਤੇ ਜਨਵਰੀ 2019 ਵਿੱਚ ਵਧ ਕੇ 87,462 ਹੋ ਗਈ ਹੈ, ਜਿਸ ਨੇ ਕਿ ਪਿਛਲੇ ਮਹੀਨੇ ਦਸੰਬਰ 2018 ਵਿੱਚ 83.276 ਦੇ ਅੰਕੜੇ ਨੂੰ ਵੀ ਮਾਤ ਦੇ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਵਾਰਾਨਸੀ 73.3 ਫ਼ੀਸਦੀ ਦੀ ਵਿਕਾਸ ਦਰ ਨਾਲ ਜਨਵਰੀ 2019 ਵਿੱਚ ਚੋਟੀ ‘ਤੇ ਰਿਹਾ। ਉਨ੍ਹਾਂ ਕਿਹਾ ਕਿ ਭਾਵੇਂ ਕੁੱਲ ਯਾਤਰੀਆਂ ਦੇ ਵਾਧੇ ਦਾ ਮੁੱਖ ਕਾਰਨ ਕੌਮਾਂਤਰੀ ਯਾਤਰੀ ਹਨ ਪਰ ਘਰੇਲੂ ਆਵਾਜਾਈ ਵਿੱਚ ਵਾਧੇ ਲਈ ਯੋਗਦਾਨ ਨੂੰ ਵੀ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ।