ਅੰਮ੍ਰਿਤਸਰ: ਅਜਨਾਲਾ ਦੇ ਪਿੰਡ ਬੱਲੜਵਾਲ 'ਚ ਸ਼ਰੇਆਮ ਤੇ ਧੜ੍ਹਾਧੜ ਨਾਜਾਇਜ਼ ਮਾਈਨਿੰਗ ਕੀਤੀ ਜਾ ਰਹੀ ਹੈ। ਇਸ ਸਬੰਧੀ ਸਾਬਕਾ ਵਿਧਾਇਕ ਅਮਰਪਾਲ ਬੋਨੀ ਨੇ ਕੈਪਟਨ ਸਰਕਾਰ 'ਤੇ ਗੰਭੀਰ ਇਲਜ਼ਾਮ ਲਾਏ ਹਨ। ਜਾਣਕਾਰੀ ਮੁਤਾਬਕ ਮਾਈਨਿੰਗ ਕਰਨ ਵਾਲਿਆਂ ਨੇ ਇੱਕ ਪਰਿਵਾਰ 'ਤੇ ਹਮਲਾ ਵੀ ਕੀਤਾ ਹੈ।



ਜਿਸ ਪਰਿਵਾਰ ਤੇ ਹਮਲਾ ਹੋਇਆ ਹੈ, ਉਸ ਨੇ ਵਿਧਾਇਕ ਬੋਨੀ ਅਜਨਾਲਾ ਨਾਲ ਨਾਜਾਇਜ਼ ਮਾਈਨਿੰਗ ਖਿਲਾਫ਼ ਆਵਾਜ਼ ਚੁੱਕੀ ਸੀ। ਇਸ ਕਰਕੇ ਮਾਈਨਿੰਗ ਕਰਨ ਵਾਲਿਆਂ ਨੇ ਪਰਿਵਾਰ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ। ਹਮਲੇ ਵਿੱਚ ਪਰਿਵਾਰ ਦੀ ਇੱਕ ਮਹਿਲਾ ਜ਼ਖ਼ਮੀ ਹੋਈ ਹੈ। ਹਮਲਾਵਰਾਂ ਨੇ ਇਸ ਦੌਰਾਨ ਘਰ 'ਚ ਭੰਨ੍ਹਤੋੜ ਵੀ ਕੀਤੀ ਹੈ।


ਬੋਨੀ ਨੇ ਇਲਜ਼ਾਮ ਲਾਇਆ ਹੈ ਕਿ ਕੈਪਟਨ ਦੇ ਮੰਤਰੀ ਤੇ ਵਿਧਾਇਕ ਹੀ ਨਾਜਾਇਜ਼ ਮਾਈਨਿੰਗ ਕਰਵਾ ਰਹੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਦੇ ਇੱਕ ਮੰਤਰੀ ਦੀ ਸ਼ਹਿ 'ਤੇ ਸ਼ਰੇਆਮ ਮਾਈਨਿੰਗ ਹੋ ਰਹੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਸਵੇਰੇ ਛੇ ਵਜੇ ਤੋਂ ਰਾਤ ਬਾਰਾਂ ਵਜੇ ਤੱਕ ਮਾਈਨਿੰਗ ਚੱਲਦੀ ਹੈ ਤੇ ਹਰ ਰੋਜ਼ 350-400 ਟਰੱਕ ਭਰੇ ਜਾਂਦੇ ਹਨ।


ਬੋਨੀ ਨੇ ਦੱਸਿਆ ਕਿ ਜਿਸ ਜ਼ਮੀਨ 'ਤੇ ਮਾਈਨਿੰਗ ਹੋ ਰਹੀ ਹੈ, ਉਹ ਜੰਗਲਾਤ ਮਹਿਕਮੇ ਤੇ ਕੇਂਦਰ ਸਰਕਾਰ ਦੀ ਜ਼ਮੀਨ ਹੈ। ਉੱਪਰੋਂ ਰਾਵੀ ਨਾਲ ਇਲਾਕਾ ਲੱਗਣ ਕਾਰਨ ਹੜ੍ਹਾਂ ਦਾ ਖਤਰਾ ਵੀ ਬਣਿਆ ਰਹਿੰਦਾ ਹੈ। ਹੁਣ ਪਿੰਡ ਦੇ ਲੋਕਾਂ 'ਤੇ ਗੁੰਡਾਗਰਦੀ ਹੋਣ ਤੋਂ ਬਾਅਦ ਮਾਮਲਾ ਹੋਰ ਭਖ ਗਿਆ ਹੈ। ਬੋਨੀ ਅਜਨਾਲਾ ਨੇ ਮਾਈਨਿੰਗ ਤੋਂ ਮੋਟੀ ਕਮਾਈ ਦੇ ਦੋਸ਼ ਲਾਏ ਹਨ। ਉਨ੍ਹਾਂ ਦੱਸਿਆ ਕਿ ਸਰਕਾਰ ਨੂੰ ਕਰੋੜਾਂ ਰੁਪਿਆਂ ਦਾ ਚੂਨਾ ਲਾਇਆ ਜਾ ਰਿਹਾ ਹੈ।


ਪਿੰਡ ਦੇ ਲੋਕ ਕਈ ਵਾਰ ਇਸ ਦੀ ਸ਼ਿਕਾਇਤ ਕਰ ਚੁੱਕੇ ਹਨ। ਲੋਕਾਂ ਨੇ ਸਰਪੰਚ 'ਤੇ ਵੀ ਮੁਲਜ਼ਮਾਂ ਨਾਲ ਮਿਲੇ ਹੋਣ ਦੇ ਇਲਜ਼ਾਮ ਲਾਏ ਹਨ। ਬੋਨੀ ਅਜਨਾਲਾ ਨੇ ਇਸ ਥਾਂ 'ਤੇ ਸੰਘਰਸ਼ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਹੈ ਕਿ ਜੇ ਇੱਥੇ ਮਾਈਨਿੰਗ ਨਾ ਹਟਾਈ ਗਈ ਤਾਂ ਉਹ ਤਿੱਖਾ ਸੰਘਰਸ਼ ਵਿੱਢਣਗੇ। ਉਨ੍ਹਾਂ ਕਿਹਾ ਕਿ ਇੱਟ ਦਾ ਜਵਾਬ ਪੱਥਰ ਨਾਲ ਦਿੱਤਾ ਜਾਏਗਾ।