ਅੰਮ੍ਰਿਤਸਰ: ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਨਜਾਇਜ਼ ਸ਼ਰਾਬ ਦੇ ਕਾਰੋਬਾਰ ਦਾ ਪਰਦਾਫਾਸ਼ ਕੀਤਾ ਹੈ।ਪੁਲਿਸ ਨੇ ਪਿੰਡ ਕੋਟਲੀ ਸੱਕਾ ਵਿੱਚ ਇੱਕ ਸਰਚ ਆਪਰੇਸ਼ਨ ਨੂੰ ਅੰਜਾਮ ਦਿੰਦੇ ਹੋਏ ਸ਼ਰਾਬ ਸਮੇਤ ਹੋਰ ਰਿਕਵਰੀ ਕੀਤੀ ਹੈ।ਇਸ ਦੌਰਾਨ ਪੁਲਿਸ ਨੇ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਵੀ ਕੀਤਾ ਹੈ। SSP ਧੁਰਵ ਦਹੀਆ ਦੀ ਅਗਵਾਈ ਵਿੱਚ ਟੀਮ ਨੇ ਸ਼ਾਮ 6 ਵਜੇ ਤੋਂ ਸਵੇਰ 3 ਵਜੇ ਤਕ ਆਪਰੇਸ਼ਨ ਚਲਾਇਆ ਅਤੇ ਇਸ ਦੌਰਾ 3,60,000 ਐਮ. ਐਲ ਨਜਾਇਜ ਸ਼ਰਾਬ,  1,26,000 ਕਿੱਲੋ ਲਾਹਣ, 4 ਮੋਟਰ ਸਾਇਕਲ ਅਤੇ 2 ਗੱਡੀਆਂ ਰਿਕਵਰ ਕੀਤੀਆਂ ਹਨ।


ਪੁਲਿਸ ਜਾਂਚ ਵਿੱਚ ਇਹ ਸਾਹਮਣੇ ਆਇਆ ਹੈ ਕਿ ਮੁਲਜ਼ਮਾਂ ਨੇ ਆਪਣੇ ਘਰਾਂ ਵਿੱਚ ਹੀ ਇਹ ਭੱਠੀਆਂ ਲਗਾਈਆਂ ਹੋਈਆਂ ਸੀ।ਇੱਕ ਮਿਨੀ ਡਿਸਟਿਲਰੀ ਦੇ ਬਰਾਬਰ ਵੱਡੇ ਪੱਧਰ ਤੇ ਨਜਾਇਜ਼ ਸ਼ਰਾਬ ਕੱਢੀ ਜਾ ਰਹੀ ਸੀ।ਪੁਲਿਸ ਨੇ ਸ਼ਰਾਬ ਸਪਲਾਈ ਲਈ ਵਰਤੀਆਂ ਜਾਂਦੀਆਂ ਦੋ ਕਾਰਾਂ ਵੀ ਬਰਾਮਦ ਕੀਤੀਆਂ ਗਈਆਂ।ਮੁਲਜ਼ਮ ਇਨ੍ਹਾਂ ਗੱਡੀਆਂ ਦੀ ਮਦਦ ਨਾਲ ਗਾਹਕਾਂ ਤੱਕ ਨਜਾਇਜ਼ ਸ਼ਰਾਬ ਪਹੁੰਚਾਉਂਦੇ ਸੀ।


ਪੁਲਿਸ ਨੇ ਇਸ ਦੌਰਾਨ ਗੁਰਬੀਰ ਸਿੰਘ ਪੁੱਤਰ ਹਰਜਿੰਦਰ ਸਿੰਘ, ਭਗਵੰਤ ਸਿੰਘ ਪੁੱਤਰ ਰਵੇਲ ਸਿੰਘ ਅਤੇ ਬਲਵਿੰਦਰ ਸਿੰਘ ਪੁੱਤਰ ਫਕੀਰ ਚੰਦ ਵਾਸੀ ਪਿੰਡ ਕੋਟਲੀ ਸੱਕਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ।ਤਫਤੀਸ਼ ਦੌਰਾਨ ਇਹ ਵੀ ਸਾਹਮਣੇ ਆਇਆ ਹੈ ਕਿ ਭਗਵੰਤ ਸਿੰਘ ਤੇ 10 ਅਤੇ ਗੁਰਸੇਵਕ ਸਿੰਘ ਤੇ 5 ਮੁਕੱਦਮੇ ਆਬਕਾਰੀ ਐਕਟ ਤਹਿਤ ਥਾਣਾ ਰਾਜਾਸਾਂਸੀ ਅਤੇ ਲੋਪੋਕੇ ਵਿੱਚ ਪਹਿਲਾਂ ਹੀ ਦਰਜ ਹਨ।


SSP ਦਹੀਆ ਨੇ ਕਿਹਾ ਕਿ,  "ਨਜਾਇਜ਼ ਸ਼ਰਾਬ ਦੀ ਕਮਾਈ ਨਾਲ ਬਣਾਈ ਗਈ ਪ੍ਰਾਪਰਟੀ ਨੂੰ ਵੀ ਆਈਡੈਂਟੀਫਾਈ ਕੀਤਾ ਜਾ ਰਿਹਾ ਹੈ ਅਤੇ ਇਸ ਪ੍ਰਾਪਰਟੀ ਨੂੰ ਵੀ ਜਲਦੀ ਹੀ ਫ੍ਰੀਜ਼ ਕਰਵਾ ਦਿੱਤਾ ਜਾਵੇਗਾ।" 


SSP ਵਲੋਂ ਦੋ ਪ੍ਰਵਾਸੀ ਮਜਦੂਰਾਂ ਨੂੰ ਵੀ ਛੁਡਵਾਇਆ ਗਿਆ ਜਿਨ੍ਹਾਂ ਨੂੰ ਗੁਰਸੇਵਕ ਸਿੰਘ ਨੇ ਬੰਦੀ ਬਣਾ ਕੇ ਰੱਖਿਆ ਹੋਇਆ ਸੀ।ਉਨ੍ਹਾਂ ਗੁਰਸੇਵਕ ਖਿਲਾਫ IPC 371, 374 Bonded Labour (ਬੰਦੀ ਮਜਦੂਰ) Act ਦੇ ਤਹਿਤ ਕਾਰਵਾਈ ਦੇ ਵੀ ਆਦੇਸ਼ ਦਿੱਤੇ ਹਨ।