ਮੁਕਤਸਰ: ਪਿੰਡ ਸੁਖਨਾ ਅਬਲੂ ਵਿੱਚ ਬੀਤੀ ਰਾਤ ਕੁਝ ਅਣਪਛਾਤੇ ਲੋਕਾਂ ਨੇ ਆਪਣੇ ਘਰ ਸੁੱਤੇ ਪਏ ਇੱਕ ਵਿਅਕਤੀ ਦਾ ਤੇਜ਼ ਹਥਿਆਰਾਂ ਨਾਲ ਗਲਾ ਵੱਢ ਕੇ ਕਤਲ ਕਰ ਦਿੱਤਾ। ਮ੍ਰਿਤਕ ਦੇ ਭਰਾ ਗੁਰਤੇਜ ਸਿੰਘ ਨੇ ਦੱਸਿਆ ਕਿ ਉਸ ਦਾ ਭਰਾ ਬਲਦੇਵ ਸਿੰਘ ਉਰਫ ਡੀਸੀ ਪਿਛਲੇ ਲੰਬੇ ਸਮੇਂ ਤੋਂ ਡਰਾਈਵਰੀ ਦਾ ਕੰਮ ਕਰਦਾ ਸੀ। ਬੀਤੀ ਰਾਤ ਲਗਪਗ 2 ਵਜੇ ਕੁਝ ਅਣਪਛਾਤੇ ਵਿਅਕਤੀਆਂ ਨੇ ਘਰ ਅੰਦਰ ਦਾਖਲ ਹੋ ਕੇ ਸੁੱਤੇ ਪਏ ਬਲਦੇਵ ਸਿੰਘ 'ਤੇ ਤੇਜ਼ ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਤੇ ਗਲਾ ਵੱਢ ਕੇ ਉਸ ਦਾ ਕਤਲ ਕਰ ਦਿੱਤਾ।
ਜਦ ਇਹ ਘਟਨਾ ਵਾਪਰੀ ਉਸ ਸਮੇਂ ਬਲਦੇਵ ਸਿੰਘ ਦਾ ਪਰਿਵਾਰ ਤੇ ਉਸ ਦੀ ਮਾਤਾ ਕੋਲ ਹੀ ਸੁੱਤੇ ਪਏ ਸਨ, ਜਦ ਅਣਪਛਾਤੇ ਵਿਅਕਤੀਆਂ ਨੇ ਬਲਦੇਵ ਸਿੰਘ ਤੇ ਹਮਲਾ ਕੀਤਾ ਤਾਂ ਉਸ ਦੀ ਮਾਤਾ ਨੂੰ ਪਤਾ ਲੱਗ ਗਿਆ ਪਰ ਉਸ ਦੀ ਨਿਗ੍ਹਾ ਘੱਟ ਹੋਣ ਕਾਰਨ ਕਿਸੇ ਦੀ ਪਛਾਣ ਨਹੀਂ ਹੋ ਸਕੀ। ਹਾਲਾਂਕਿ ਮਾਤਾ ਨੇ ਦੱਸਿਆ ਕਿ ਹਮਲਾਵਾਰ ਦੋ ਵਿਅਕਤੀ ਸਨ ਜੋ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਫਰਾਰ ਹੋ ਗਏ।
ਇਸ ਪਿੱਛੋਂ ਪਿੰਡ ਵਾਲਿਆਂ ਪੁਲਿਸ ਨੂੰ ਇਸ ਦੀ ਜਾਣਕਾਰੀ ਦਿੱਤੀ। ਡੀਐੱਸਪੀ (ਡੀ) ਜਸਮੀਤ ਸਿੰਘ ਮੌਕੇ 'ਤੇ ਪਹੁੰਚੀ ਤੇ ਲਾਸ਼ ਨੂੰ ਆਪਣੇ ਕਬਜ਼ੇ 'ਚ ਲਿਆ। ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਅਣਪਛਾਤੇ ਵਿਅਕਤੀਆਂ 'ਤੇ ਕਤਲ ਦਾ ਮਾਮਲਾ ਦਰਜ ਕਰ ਕੇ ਕਤਲ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।