ਚੰਡੀਗੜ੍ਹ: ਅੰਮ੍ਰਿਤਸਰ ਤੋਂ ਆਮ ਆਦਮੀ ਪਾਰਟੀ ਦੇ ਇੱਕ ਸਥਾਨਕ ਲੀਡਰ ਨੂੰ ਮਹਿਲਾਵਾਂ ਵੱਲੋਂ ਖੰਭੇ ਨਾਲ ਬੰਨ੍ਹ ਤੇ ਕੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ ਦੀ ਵੀਡੀਓ ਖੂਬ ਵਾਇਰਲ ਹੋ ਰਹੀ ਹੈ, ਜਿਸ ਵਿੱਚ ਲੀਡਰ ਦੇ ਕੱਪੜੇ ਪਾਟੇ ਹੋਏ ਹਨ ਤੇ ਉਸ ’ਤੇ ਚਪੇੜਾਂ ਵਰ੍ਹਾਈਆਂ ਜਾ ਰਹੀਆਂ ਹਨ। ਕੁੱਟਮਾਰ ਕਰ ਰਹੀਆਂ ਮਹਿਲਾਵਾਂ ਲੀਡਰ ’ਤੇ ‘ਕਰੈਕਟਰਲੈੱਸ’ ਹੋਣ ਦੇ ਇਲਜ਼ਾਮ ਲਾ ਰਹੀਆਂ ਹਨ। ਕੁੱਟਮਾਰ ਏਨੀ ਕੀਤੀ ਗਈ ਕਿ ਲੀਡਰ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ, ਜਿਸਨੂੰ ਫਿਲਹਾਲ ਹਸਪਤਾਲ ਵਿੱਚ ਦਾਖ਼ਲ ਕਰਾਇਆ ਗਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ‘ਆਪ’ ਲੀਡਰ ਗਦੇ ਬਿਆਨਾਂ ਬਾਅਦ ਹੀ ਅਗਲੀ ਕਾਰਵਾਈ ਕੀਤੀ ਜਾਏਗੀ।

ਵੀਡੀਓ ਵਿੱਚ ਦੇਖੀ ਜਾ ਰਹੀ ਕੁੱਟਮਾਰ ਦੀ ਘਟਨਾ 31 ਅਕਤੂਬਰ ਦੀ ਹੈ ਤੇ ਇਸ ਵਿੱਚ ਮਹਿਲਾਵਾਂ ਨਿਰੰਜਨਪੁਰ ਦੇ ਰਹਿਣ ਵਾਲੇ ਸਰਬਦੀਪ ਸਿੰਘ ਘੂਕਰ ਨੂੰ ਕੁੱਟ ਰਹੀਆਂ ਹਨ। ਦੱਸਿਆ ਜਾ ਰਿਹਾ ਹੈ ਕਿ ਇਹ ਆਮ ਆਦਮੀ ਪਾਰਟੀ ਨਾਲ ਸਬੰਧਿਤ ਸਥਾਨਕ ਪੱਧਰ ਦਾ ਲੀਡਰ ਹੈ। ਇਸਤੋਂ ਪਹਿਲਾਂ ਇਹ ਕਾਂਗਰਸ ਦਾ ਸਮਰਥਕ ਸੀ, ਉਸ ਪਿੱਛੋਂ ਉਹ ਅਕਾਲੀ ਦਲ ਵਿੱਚ ਸ਼ਾਮਲ ਹੋ ਗਿਆ ਤੇ ਹੁਣ ਆਮ ਆਦਮੀ ਪਾਰਟੀ ਨਾਲ ਜੁੜ ਗਿਆ ਹੈ। ਉੱਧਰ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਦਲਬੀਰ ਸਿੰਘ ਨੇ ਕਿਹਾ ਹੈ ਕਿ ਸਰਬਦੀਪ ਸਿੰਘ ਘੂਕਰ ਦਾ ਉਨ੍ਹਾਂ ਦੀ ਪਾਰਟੀ ਨਾਲ ਕੋਈ ਸਬੰਧ ਨਹੀਂ ਹੈ।



ਪੁਲਿਸ ਨੇ ਇਸ ਮਾਮਲੇ ਦੀ ਵਾਇਰਲ ਵੀਡੀਓ ਸਾਹਮਣੇ ਆਉਣ ਬਾਅਦ ਜਾਂਚ ਪੜਤਾਲ ਕਰਨੀ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧੀ ਥਾਣਾ ਕਲਸੀਆਂ ਦੇ ASI ਹਰਦੇਵ ਸਿੰਘ ਨੇ ਦੱਸਿਆ ਕਿ ਪੁਲਿਸ ਜਖ਼ਮੀ ਸਬਰਦੀਪ ਸਿੰਘ ਦੇ ਬਿਆਨਾਂ ਦੀ ਉਡੀਕ ਕਰ ਰਹੀ ਹੈ, ਪਰ ਮਾਮਲਾ ਜ਼ਮੀਨ ਦੇ ਵਿਵਾਦ ਨਾਲ ਜੁੜਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਦੂਜੇ ਪੱਖ ਵੱਲੋਂ ਉਨ੍ਹਾਂ ਉੱਤੇ ਜ਼ਮੀਨ ਦਾ ਕਬਜ਼ਾ ਕਰਨ ਦੀ ਨੀਅਤ ਨਾਲ ਹਮਲਾ ਕਰਨ ਦੇ ਇਲਜ਼ਾਮ ਲਾਏ ਗਏ ਹਨ। ਇਨ੍ਹਾਂ ਇਲਜ਼ਾਮਾਂ ਦੇ ਆਧਾਰ ’ਤੇ ਪੁਲਿਸ ਨੇ ਸਰਬਦੀਪ ਸਿੰਘ ਤੇ ਉਸਦੇ ਕੁਝ ਸਾਥੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ।