Punjab News: ਕੋਟਕਪੂਰਾ ਤੋਂ ਕੁੱਝ ਸ਼ਰਾਰਤੀ ਅਨਸਰਾਂ ਵੱਲੋਂ ਸ਼ਹਿਰ ਦੇ ਵਿੱਚ ਦਹਿਸ਼ਤ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਗਈ। ਜਿਸ ਕਰਕੇ ਇਨ੍ਹਾਂ ਅਣਪਛਾਤੇ ਨੌਜਵਾਨਾਂ ਵੱਲੋਂ ਜੈਤੋ ਰੋਡ ਦੇ ਨਾਲ ਲੱਗਦੇ ਗੁਰਦੁਆਰਾ ਬਾਜ਼ਾਰ ਦੇ ਮੋੜ 'ਤੇ ਖੜ੍ਹੀ ਇੱਕ ਵਪਾਰੀ ਦੀ ਕਾਰ 'ਤੇ ਅੰਨ੍ਹੇਵਾਹ ਗੋਲੀਆਂ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਅਨੁਸਾਰ ਮੋਟਰਸਾਈਕਲ ਸਵਾਰ ਤਿੰਨ ਨਕਾਬਪੋਸ਼ ਨੌਜਵਾਨਾਂ ਵੱਲੋਂ ਇਸ ਮਾਮਲੇ ਨੂੰ ਅੰਜਾਮ ਦਿੱਤਾ ਗਿਆ ਹੈ। 



ਦੱਸਿਆ ਜਾ ਰਿਹਾ ਹੈ ਕਿ ਘਟਨਾ ਸਮੇਂ ਕਾਰ ਵਿੱਚ ਕੋਈ ਮੌਜੂਦ ਨਹੀਂ ਸੀ ਅਤੇ ਕਾਰ ਦਾ ਮਾਲਕ ਕਾਰੋਬਾਰੀ ਬਾਜ਼ਾਰ ਗਿਆ ਹੋਇਆ ਸੀ। ਇਸ ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਸਿਟੀ ਪੁਲਿਸ ਅਤੇ ਸੀ.ਆਈ.ਏ ਸਟਾਫ਼ ਸਮੇਤ ਉੱਚ ਅਧਿਕਾਰੀ ਮੌਕੇ 'ਤੇ ਪਹੁੰਚ ਗਏ ਅਤੇ ਜਾਂਚ ਸ਼ੁਰੂ ਕਰ ਦਿੱਤੀ ।


ਖੜ੍ਹੀ ਕਾਰ 'ਤੇ ਫਾਇਰਿੰਗ ਕਰ ਦਿੱਤੀ ਅਤੇ ਫ਼ਰਾਰ ਹੋ ਗਏ


ਪ੍ਰਾਪਤ ਜਾਣਕਾਰੀ ਅਨੁਸਾਰ ਅਬੋਹਰ ਵਾਸੀ ਕੱਪੜਾ ਕਾਰੋਬਾਰੀ ਰਾਹੁਲ ਕੁਮਾਰ ਰੋਜ਼ਾਨਾ ਵਾਂਗ ਅੱਜ ਵੀ ਕੋਟਕਪੂਰਾ ਦੀ ਮੰਡੀ ਵਿੱਚ ਆਇਆ ਹੋਇਆ ਸੀ। ਉਸ ਨੇ ਜੈਤੋ ਰੋਡ ਤੋਂ ਗੁਰਦੁਆਰਾ ਬਜ਼ਾਰ ਨੂੰ ਜਾਂਦੀ ਗਲੀ ਦੇ ਮੋੜ ’ਤੇ ਆਪਣੀ ਕਾਰ ਖੜ੍ਹੀ ਕਰ ਦਿੱਤੀ ਅਤੇ ਖੁਦ ਬਾਜ਼ਾਰ ਚਲਾ ਗਿਆ। ਥੋੜ੍ਹੀ ਦੇਰ ਵਿਚ ਹੀ ਬਾਜ਼ਾਰ ਵਾਲੇ ਪਾਸਿਓ ਆ ਰਹੇ ਮੋਟਰਸਾਈਕਲ ਸਵਾਰਾਂ ਨੇ ਉਸ ਦੀ ਖੜ੍ਹੀ ਕਾਰ 'ਤੇ ਫਾਇਰਿੰਗ ਕਰ ਦਿੱਤੀ ਅਤੇ ਫ਼ਰਾਰ ਹੋ ਗਏ । ਇਸ ਮਾਮਲੇ 'ਚ ਰਾਹੁਲ ਕੁਮਾਰ ਨੇ ਕਿਹਾ ਕਿ ਉਸ ਦੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਹੈ, ਉਸ ਨੂੰ ਸਮਝ ਨਹੀਂ ਆ ਰਿਹਾ ਕਿ ਉਸ ਦੀ ਕਾਰ 'ਤੇ ਫਾਇਰਿੰਗ ਕਿਉਂ ਕੀਤੀ ਗਈ।


ਘਟਨਾ ਨਾਲ ਦਹਿਸ਼ਤ ਦਾ ਮਾਹੌਲ


ਇਸ ਸਬੰਧੀ ਵਪਾਰੀ ਆਗੂ ਜਸਵਿੰਦਰ ਸਿੰਘ ਨੇ ਕਿਹਾ ਕਿ ਇਸ ਘਟਨਾ ਨਾਲ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ। ਉਨ੍ਹਾਂ ਦੱਸਿਆ ਕਿ ਮੋਟਰਸਾਈਕਲ ਸਵਾਰਾਂ ਨੇ ਖੜ੍ਹੀ ਕਾਰ 'ਤੇ ਗੋਲੀਆਂ ਚਲਾ ਦਿੱਤੀਆਂ। ਉਨ੍ਹਾਂ ਪੁਲਿਸ ਪ੍ਰਸ਼ਾਸਨ ਤੋਂ ਅਜਿਹੇ ਅਨਸਰਾਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।


ਪੁਲਿਸ ਕਰ ਰਹੀ ਜਾਂਚ


ਇਸ ਮਾਮਲੇ ਵਿੱਚ ਡੀਐਸਪੀ (ਡੀ) ਸੰਜੀਵ ਕੁਮਾਰ ਨੇ ਦੱਸਿਆ ਕਿ ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਨੇ ਮੁੱਢਲੀ ਜਾਂਚ ਸ਼ੁਰੂ ਕਰ ਦਿੱਤੀ ਹੈ ਕਿ ਮੋਟਰਸਾਈਕਲ ਸਵਾਰਾਂ ਨੇ 32 ਬੋਰ ਦੇ ਪਿਸਤੌਲ ਨਾਲ ਦੋ ਗੋਲੀਆਂ ਚਲਾਈਆਂ ਸਨ। ਉਨ੍ਹਾਂ ਕਿਹਾ ਕਿ ਪੁਲਿਸ ਬਾਰੀਕੀ ਨਾਲ ਜਾਂਚ ਕਰ ਰਹੀ ਹੈ। ਸੰਭਾਵਨਾ ਜਤਾਈ ਜਾ ਰਹੀ ਹੈ ਕਿ ਇਹ ਗੋਲੀਬਾਰੀ ਕਿਸੇ ਨੂੰ ਡਰਾਉਣ ਦੀ ਨੀਅਤ ਨਾਲ ਕੀਤੀ ਗਈ ਸੀ ਅਤੇ ਉਨ੍ਹਾਂ ਦਾ ਨਿਸ਼ਾਨਾ ਕੁਝ ਹੋਰ ਹੋ ਸਕਦਾ ਹੈ।