ਧੂਰੀ/ਸੰਗਰੂਰ: ਬਿਜਲੀ ਖੇਤਰ ਦੀਆਂ ਪ੍ਰਮੁੱਖ ਪ੍ਰਾਪਤੀਆਂ ਨੂੰ ਉਜਾਗਰ ਕਰਨ ਲਈ ਅਜ਼ਾਦੀ ਦੇ ਅੰਮ੍ਰਿਤ ਮਹਾਂਉਤਸਵ ਦੀ ਲੜੀ ਤਹਿਤ ਪੀ.ਐਸ.ਪੀ.ਸੀ.ਐਲ. ਵੱਲੋਂ ਪੇਡਾ ਦੇ ਸਹਿਯੋਗ ਨਾਲ ‘ਉਜਵਲ ਭਾਰਤ ਉਜਵਲ ਭਵਿੱਖ’ ਸਮਾਗਮ ਮਾਡਰਨ ਸੈਕੂਲਰ ਪਬਲਿਕ ਸਕੂਲ ਧੂਰੀ (ਜ਼ਿਲਾ ਸੰਗਰੂਰ) ਵਿਖੇ ਮਨਾਇਆ ਗਿਆ।

ਇਸ ਮੌਕੇ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਲਤੀਫ਼ ਅਹਿਮਦ ਨੇ ਬਿਜਲੀ ਦੀ ਮਹੱਤਤਾ ਅਤੇ ਭਵਿੱਖੀ ਚੁਣੌਤੀਆਂ ਬਾਰੇ ਚਾਨਣਾ ਪਾਇਆ ਅਤੇ ਲੋਕਾਂ ਨੂੰ ਕੁਦਤਰੀ ਸੋਮਿਆਂ ਰਾਹੀਂ ਮਿਲਦੀ ਨਵਿਆਉਣਯੋਗ ਉੂਰਜਾ ਦੀ ਵੱਧ ਤੋਂ ਵੱਧ ਵਰਤੋਂ ਕਰਨ ਅਤੇ ਬਿਜਲੀ ਦੀ ਬੱਚਤ ਕਰਨ ਲਈ ਪ੍ਰੇਰਿਤ ਕੀਤਾ।ਇਸ ਮੌਕੇ ਜੁਆਇੰਟ ਡਾਇਰੈਕਟਰ ਪੇਡਾ ਮੱਖਣ ਲਾਲ ਅਰੋੜਾ ਨੇ ਦੱਸਿਆ ਕਿ ਸੋਲਰ ਪੰਪਾਂ ਲਈ ਕੇਂਦਰ ਅਤੇ ਰਾਜ ਸਰਕਾਰ ਵੱਲੋਂ 60 ਫ਼ੀਸਦ ਸਬਸਿਡੀ ਦਿੱਤੀ ਜਾ ਰਹੀ ਹੈ ਅਤੇ ਇਨਾਂ ’ਤੇ 30 ਫ਼ੀਸਦ ਲੋਨ ਦੀ ਸਹੂਲਤ ਵੀ ਮਿਲਦੀ ਹੈ।

ਉਪ ਮੁੱਖ ਇੰਜੀਨੀਅਰ ਵੰਡ ਹਲਕਾ ਸੰਗਰੂਰ ਇੰਜੀ. ਰਤਨ ਕੁਮਾਰ ਮਿੱਤਲ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀਆਂ ਹਦਾਇਤਾਂ ਅਤੇ ਬਿਜਲੀ ਮੰਤਰੀ ਪੰਜਾਬ ਹਰਭਜਨ ਸਿੰਘ ਈ.ਟੀ.ਓ. ਦੀ ਯੋਗ ਅਗਵਾਈ ਹੇਠ ਪੀ.ਐਸ.ਪੀ.ਸੀ.ਐਲ. ਵੱਲੋਂ ਖਪਤਕਾਰਾਂ ਨੂੰ ਬੇਹਤਰੀਨ ਸਹੂਲਤਾਂ ਦੇਣ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ। ਉਨਾਂ ਕਿਹਾ ਕਿ ਗਰਮੀ ਦੇ ਇਸ ਸੀਜ਼ਨ ਦੌਰਾਨ ਖੇਤੀਬਾੜੀ ਖਪਤਕਾਰਾਂ ਨੂੰ ਰੋਜ਼ਾਨਾ 8 ਘੰਟੇ ਬਿਜਲੀ ਸਪਲਾਈ ਦਿੱਤੀ ਜਾ ਰਹੀ ਹੈ ਅਤੇ ਹੋਰਨਾ ਸਾਰੇ ਵਰਗਾਂ ਦੇ ਖਪਤਕਾਰਾਂ ਨੂੰ ਬਿਨਾਂ ਕਿਸੇ ਬਿਜਲੀ ਕੱਟ ਦੇ 24 ਘੰਟੇ ਬਿਜਲੀ ਪ੍ਰਦਾਨ ਕੀਤੀ ਜਾ ਰਹੀ ਹੈ।

ਉਨਾਂ ਦੱਸਿਆ ਕਿ ਪੀ.ਐਸ.ਪੀ.ਸੀ.ਐਲ. ਨੇ ਇਸ ਸਾਲ ਇੱਕ ਦਿਨ ਵਿੱਚ ਹੁਣ ਤੱਕ ਦੀ ਸਭ ਤੋਂ ਵੱਧ 3265 ਲੱਖ ਯੂਨਿਟ ਬਿਜਲੀ ਸਪਲਾਈ ਕਰਨ ਦਾ ਰਿਕਾਰਡ ਕਾਇਮ ਕੀਤਾ ਹੈ, ਇਹ ਸਪਲਾਈ ਪਿਛਲੇ ਸਾਲ ਦੇ ਮੁਕਾਬਲੇ 6.5% ਵੱਧ ਹੈ।ਉਨਾਂ ਕਿਹਾ ਕਿ ਇਸ ਸਾਲ ਪੀ.ਐਸ.ਪੀ.ਸੀ.ਐਲ. ਨੇ 14207 ਮੈਗਾਵਾਟ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਮੰਗ ਨੂੰ ਸਫਲਤਾਪੂਰਵਕ ਪੂਰਾ ਕਰਕੇ ਪਿਛਲੇ ਸਾਲ ਦੇ 13431 ਮੈਗਾਵਾਟ ਦੇ ਬਿਜਲੀ ਸਪਲਾਈ ਦਾ ਰਿਕਾਰਡ ਵੀ ਤੋੜ ਦਿੱਤਾ ਹੈ।ਇਸ ਮਹਾਂਉਤਸਵ ਵਿੱਚ ਮਾਡਰਨ ਸੈਕੂਲਰ ਪਬਲਿਕ ਸਕੂਲ ਧੂਰੀ ਅਤੇ ਵਸੰਤ ਵੈਲੀ ਪਬਲਿਕ ਸਕੂਲ ਲੱਡਾ (ਧੂਰੀ) ਦੇ ਬੱਚਿਆਂ ਵੱਲੋਂ ਨੁੱਕੜ ਨਾਟਕ ਅਤੇ ਸੱਭਿਆਚਾਰਕ ਪ੍ਰੋਗਰਾਮ ਰਾਹੀਂ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਦੀਆਂ ਬਿਜਲੀ ਸੈਕਟਰ ਦੀਆਂ ਪ੍ਰਾਪਤੀਆਂ ਤੇ ਚਾਨਣਾ ਪਾਇਆ ਗਿਆ।

ਪਾਵਰ ਸੈਕਟਰ 'ਤੇ ਫਿਲਮਾਂ ਰਾਹੀਂ ਭਵਿੱਖੀ ਚੁਣੌਤੀਆਂ ਬਾਰੇ ਜਾਣੂ ਕਰਵਾਇਆ ਗਿਆ ਅਤੇ ਦੱਸਿਆ ਗਿਆ ਕਿ ਦੇਸ਼ ਦੀ ਬਿਜਲੀ ਉਤਪਾਦਨ ਸਮਰੱਥਾ ਸਾਲ 2014 ਵਿੱਚ 2,48,554 ਮੈਗਵਾਟ ਸੀ ਜੋ ਅੱਜ 4,00,000 ਮੈਗਾਵਾਟ ਹੋ ਗਈ ਹੈ, ਜਿਹੜੀ ਕਿ ਦੇਸ਼ ਦੀ ਮੰਗ ਨਾਲੋ 1,85,000 ਮੈਗਾਵਾਟ ਵੱਧ ਹੈ ਅਤੇ ਹੁਣ ਭਾਰਤ ਆਪਣੇ ਗੁਆਂਢੀ ਦੇਸ਼ਾਂ ਨੂੰ ਬਿਜਲੀ ਨਿਰਯਾਤ ਕਰ ਰਿਹਾ ਹੈ। ਉਨਾਂ ਕਿਹਾ ਕਿ ਬਿਜਲੀ ਖਪਤਕਾਰਾਂ ਦੇ ਅਧਿਕਾਰ ਨਿਯਮ-2020 ਅਨੁਸਾਰ ਨਵੇਂ ਕੁਨੈਕਸ਼ਨ ਲੈਣ ਲਈ, ਮੀਟਰ ਨਾਲ ਸਬੰਧਤ ਸ਼ਿਕਾਇਤਾਂ ਦੇ ਨਿਪਟਾਰੇ ਲਈ ਸਮੇਂ ਦੀ ਹੱਦ ਨਿਸ਼ਚਿਤ ਕੀਤੀ ਗਈ ਹੈ ਅਤੇ ਖਪਤਕਾਰਾਂ ਦੀਆਂ ਸ਼ਿਕਾਇਤਾਂ ਦੇ ਹੱਲ ਲਈ 24x7 ਕਾਲ ਸੈਂਟਰ ਸਥਾਪਤ ਕੀਤੇ ਗਏ ਹਨ।