Chandigarh News: ਕੈਬਨਿਟ ਮੰਤਰੀ ਬੀਬੀ ਅਨਮੋਲ ਗਗਨ ਮਾਨ ਅੱਜ ਕੱਲ੍ਹ ਐਕਸ਼ਨ ਮੋਡ ਵਿੱਚ ਹਨ। ਉਨ੍ਹਾਂ ਨੇ ਬੁੱਧਵਾਰ ਸਵੇਰੇ ਨਗਰ ਕੌਂਸਲ ਖਰੜ ਦੇ ਦਫਤਰ ਦੀ ਚੈਕਿੰਗ ਕੀਤੀ। ਉਨ੍ਹਾਂ ਨੇ ਨਗਰ ਕੌਸਲ ਦਾ ਰਿਕਾਰਡ ਚੈੱਕ ਕੀਤਾ ਤੇ ਅਣਅਧਿਕਾਰਤ ਥਾਵਾਂ ’ਤੇ ਕਥਿਤ ਤੌਰ ’ਤੇ ਗਲਤ ਨਕਸ਼ੇ ਪਾਸ ਕਰਨ ਬਾਰੇ ਅਧਿਕਾਰੀਆਂ ਤੇ ਕਰਮਚਾਰੀਆਂ ਤੋਂ ਪੁੱਛਗਿੱਛ ਕੀਤੀ। ਉਨ੍ਹਾਂ ਨੇ ਨਗਰ ਕੌਸਲ ਦੇ ਕੰਮਾਂ ਦਾ ਵੇਰਵਾ ਵੀ ਲਿਆ ਤੇ ਰਿਕਾਰਡ ਦੀ ਜਾਂਚ ਕੀਤੀ।



ਕੈਬਨਿਟ ਮੰਤਰੀ ਨੇ ਅਧਿਕਾਰੀਆਂ ਤੋਂ ਪੁੱਛਿਆ ਕਿ ਇਕ ਸ਼ਮਾਲਾਤ ਥਾਂ ’ਤੇ ਨਕਸ਼ਾ ਕਿਵੇਂ ਪਾਸ ਕੀਤਾ ਗਿਆ ਹੈ। ਇਸ ’ਤੇ ਅਧਿਕਾਰੀਆਂ ਨੇ ਦੱਸਿਆ ਕਿ ਇਹ ਨਕਸ਼ਾ ਗਲਤ ਪਾਸ ਹੋਇਆ ਸੀ ਤੇ ਉਸ ਨੂੰ ਰੱਦ ਕਰ ਦਿੱਤਾ ਗਿਆ ਹੈ। ਬੀਬੀ ਮਾਨ ਨੇ ਸ਼ਹਿਰ ਵਿੱਚ ਵੱਖ-ਵੱਖ ਥਾਵਾਂ ’ਤੇ ਨਾਜਾਇਜ਼ ਕਲੋਨੀਆਂ ਦੇ ਕਥਿਤ ਤੌਰ ’ਤੇ ਪਾਸ ਕੀਤੇ ਗਏ ਨਕਸ਼ਿਆਂ ਦੇ ਵੇਰਵੇ ਵੀ ਮੰਗੇ।

ਉਨ੍ਹਾਂ ਕਿਹਾ ਕਿ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਵਿੱਚ ਅਣਅਧਿਕਾਰਤ ਕੰਮ ਬਰਦਾਸ਼ਤ ਨਹੀਂ ਕੀਤੇ ਜਾਣਗੇ। ਉਨ੍ਹਾਂ ਨੇ ਮੌਕੇ ’ਤੇ ਮੌਜੂਦ ਐਸਡੀਐਮ ਖਰੜ ਰਵਿੰਦਰ ਸਿੰਘ ਨੂੰ ਨਿਰਦੇਸ਼ ਦਿੱਤੇ ਕਿ ਉਹ ਸ਼ਾਮਲਾਟ ਜ਼ਮੀਨ ਦੇ ਨਕਸ਼ੇ ਦੀ ਡੂੰਘਾਈ ਨਾਲ ਜਾਂਚ ਕਰਵਾਉਣ ਤੇ ਮਾਮਲੇ ਵਿੱਚ ਦੋਸ਼ੀ ਪਾਏ ਗਏ ਅਧਿਕਾਰੀਆਂ ਜਾਂ ਕਰਮਚਾਰੀਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ।

ਉਨ੍ਹਾਂ ਨੇ ਖਰੜ ਵਾਸੀਆਂ ਨੂੰ ਬੇਨਤੀ ਕੀਤੀ ਕਿ ਹਲਕੇ ’ਚ ਜਿੱਥੇ ਕਿਤੇ ਵੀ ਅਣਅਧਿਕਾਰਤ ਉਸਾਰੀ ਚੱਲ ਰਹੀ ਹੈ ਉਸ ਬਾਰੇ ਜਾਣਕਾਰੀ ਦਿੱਤੀ ਜਾਵੇ। ਅਜਿਹੀਆਂ ਉਸਾਰੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਬੀਬੀ ਮਾਨ ਨੇ ਕਿਹਾ ਕਿ ਖਰੜ ਹਲਕੇ ਦੇ ਵਿਕਾਸ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਉਨ੍ਹਾਂ ਕਿਹਾ ਕਿ ਉਹ ਖਰੜ ਨੂੰ ਨਮੂਨੇ ਦਾ ਹਲਕਾ ਬਣਾਉਣ ਲਈ ਵਚਨਬੱਧ ਹਨ। ਉਨ੍ਹਾਂ ਦੋਸ਼ ਲਾਇਆ ਕਿ ਪਿਛਲੀਆਂ ਸਰਕਾਰਾਂ ਨੇ 70 ਸਾਲਾਂ ਤੋਂ ਸਿਸਟਮ ਵਿਗਾੜ ਰੱਖਿਆ ਸੀ। ਬੀਬੀ ਮਾਨ ਨੇ ਤਾੜਨਾ ਕੀਤੀ ਕਿ ਹਲਕਾ ਖਰੜ ਵਿੱਚ ਰਿਸਵਤਖੋਰੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।


ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।