ਅੰਮ੍ਰਿਤਸਰ: ਖੇਤੀਬਾੜੀ ਮੰਤਰੀ ਪੰਜਾਬ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਹੈ ਕਿ ਪੰਜਾਬ ਦੀਆਂ ਖੰਡ ਮਿਲਾਂ ਵਿੱਚ ਗੰਨਾ ਲਿਆਉਣ ਵਾਲੇ ਕਿਸਾਨਾਂ ਨੂੰ ਇੱਕ ਮਹੀਨੇ ਦੇ ਅੰਦਰ ਅੰਦਰ ਭੁਗਤਾਨ ਕਰਨਾ ਯਕੀਨੀ ਬਣਾਇਆ ਜਾਵੇਗਾ। ਅੱਜ ਖੰਡ ਮਿਲ ਅਜਨਾਲਾ ਨੂੰ ਚਾਲੂ ਕਰਨ ਲਈ ਕਰਵਾਏ ਗਏ ਵਿਸ਼ੇਸ਼ ਸਮਾਗਮ ਨੂੰ ਸੰਬੋਧਨ ਕਰਦੇ ਧਾਲੀਵਾਲ ਨੇ ਕਿਹਾ ਕਿ ਖੰਡ ਮਿਲਾਂ ਵਿਚੋਂ ਫਾਲਤੂ ਨਿਕਲਦੇ ਹਰ ਪਦਾਰਥ ਨੂੰ ਵਰਤੋਂ ਵਿਚ ਲਿਆਉਣ ਦੀ ਲੋੜ ਹੈ ਅਤੇ ਇਸ ਲਈ ਮਿਲਾਂ ਦੇ ਵਿਸਥਾਰ ਤੇ ਕੋ-ਜਨਰੇਸ਼ਨ ਪਲਾਂਟ ਲਗਾਏ ਜਾ ਰਹੇ ਹਨ।


ਉਨਾਂ ਦੱਸਿਆ ਕਿ ਸਹਿਕਾਰੀ ਖੇਤਰ ਦੀਆਂ ਖੰਡ ਮਿਲਾਂ ਨੂੰ ਮੁਨਾਫੇ ਵਿਚ ਲਿਆਉਣ ਦੇ ਮਕਸਦ ਨਾਲ ਸਰਕਾਰ ਤਨਦੇਹੀ ਨਾਲ ਕੰਮ ਕਰ ਰਹੀ ਹੈ ਅਤੇ ਕੋਸ਼ਿਸ਼ ਹੈ ਕਿ ਕਿਸਾਨ ਦਾ ਗੰਨਾ ਮਾਰਚ-ਅਪ੍ਰੈਲ ਮਹੀਨੇ ਤੱਕ ਖੇਤ ਵਿਚ ਖੜਾ ਨਾ ਰਹੇ।


ਧਾਲੀਵਾਲ ਨੇ ਦੱਸਿਆ ਕਿ ਕਿਸਾਨਾਂ ਦਾ ਸਹਿਕਾਰੀ ਖੰਡ ਮਿਲ ਵੱਲ ਬਕਾਇਆ ਖੜੀ ਕਰੋੜਾਂ ਰੁਪਏ ਦੀ ਰਕਮ ਦਾ ਭੁਗਤਾਨ ਪੰਜਾਬ ਸਰਕਾਰ ਵੱਲੋਂ ਕੀਤਾ ਜਾ ਚੁੱਕਿਆ ਹੈ ਅਤੇ ਇਸ ਵੇਲੇ ਕਿਸਾਨਾਂ ਦਾ ਇਕ ਵੀ ਪੈਸਾ ਸਹਿਕਾਰੀ ਖੰਡ ਮਿਲਾਂ ਵੱਲ ਬਾਕੀ ਨਹੀਂ ਹੈ।


ਧਾਲੀਵਾਲ ਨੇ ਸਪੱਸ਼ਟ ਕੀਤਾ ਕਿ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਕਿਰਸਾਨੀ ਨੂੰ ਮੁਨਾਫੇ ਵਿਚ ਲਿਆਉਣ ਲਈ ਮਿਲਕਫੈਡ ਅਤੇ ਸ਼ੂਗਰਫੈਡ ਵਿਚ ਨਵੀਂ ਜਾਨ ਪਾਉਣ ਲਈ ਯਤਨਸ਼ੀਲ ਹਨ ਅਤੇ ਇਸ ਟੀਚੇ ਨੂੰ ਮੁੱਖ ਰੱਖਕੇ ਦੋਵਾਂ ਅਦਾਰਿਆਂ ਦਾ ਵਿਸਥਾਰ ਵੱਡੇ ਪੱਧਰ ‘ਤੇ ਕੀਤਾ ਜਾ ਰਿਹਾ ਹੈ।  ਧਾਲੀਵਾਲ ਨੇ ਇਸ ਮੌਕੇ ਪਹਿਲਾਂ ਗੰਨਾ ਲਿਆਉਣ ਵਾਲੇ ਗੰਨਾ ਮਾਲਕਾਂ ਦਾ ਸਨਮਾਨ ਵੀ ਕੀਤਾ।


ਧਾਲੀਵਾਲ ਨੇ ਸੀਜ਼ਨ ਦੀ ਸ਼ੁਰੂਆਤ ਲਈ ਪ੍ਰਮਾਤਮਾ ਦਾ ਓਟ ਆਸਰਾ ਲੈਂਦੇ ਮਿਲ ਕੰਪਲੈਕਸ ਵਿਚ ਰਖਾਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਵਿਚ ਹਿੱਸਾ ਲੈਂਦਿਆਂ ਕਿਸਾਨਾਂ ਅਤੇ ਕਰਮਚਾਰੀਆਂ ਦੀ ਸਲਾਮਤੀ ਤੇ ਚੜਦੀ ਕਲਾ ਲਈ ਅਰਦਾਸ ਕੀਤੀ। ਉਨ੍ਹਾਂ ਦੱਸਿਆ ਕਿ ਮਿਲ ਦਾ ਕੱਚਾ ਫੜ ਪੱਕਾ ਕਰਨ ਲਈ ਕਰੀਬ ਸਵਾ ਕਰੋੜ ਰੁਪਏ ਜਾਰੀ ਕਰ ਦਿੱਤੇ ਗਏ ਹਨ ਅਤੇ ਛੇਤੀ ਹੀ ਇਸ ਉਤੇ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ।


ਨੋਟ- ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।