Punjab News: ਭਾਜਪਾ ਨੇ ਪੰਜਾਬ ਵਿੱਚ ਲੋਕ ਸਭਾ ਚੋਣਾਂ ਲਈ ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ ਕਰ ਦਿੱਤੀ ਹੈ। ਇਸ ਵਿੱਚ ਸਾਬਕਾ ਅਕਾਲੀ ਮੰਤਰੀ ਸਿਕੰਦਰ ਸਿੰਘ ਮਲੂਕਾ ਦੀ ਨੂੰਹ ਪਰਮਪਾਲ ਕੌਰ ਸਿੱਧੂ ਨੂੰ ਬਠਿੰਡਾ ਤੋਂ ਟਿਕਟ ਦਿੱਤੀ ਗਈ ਹੈ। ਇਸ ਤੋਂ ਇਲਾਵਾ ਕੇਂਦਰੀ ਮੰਤਰੀ ਸੋਮਪ੍ਰਕਾਸ਼ ਦੀ ਪਤਨੀ ਅਨੀਤਾ ਸੋਮਪ੍ਰਕਾਸ਼ ਨੂੰ ਹੁਸ਼ਿਆਰਪੁਰ ਤੋਂ ਟਿਕਟ ਦਿੱਤੀ ਗਈ ਹੈ। ਫਿਲਹਾਲ ਸੋਮਪ੍ਰਕਾਸ਼ ਇਸ ਸੀਟ ਤੋਂ ਸੰਸਦ ਮੈਂਬਰ ਹਨ। ਇਹ ਕਿਹਾ ਜਾ ਰਿਹਾ ਹੈ ਕਿ ਉਨ੍ਹਾਂ ਦੀ ਸਿਹਤ ਠੀਕ ਨਾ ਰਹਿਣ ਕਰਕੇ ਪਤਨੀ ਨੂੰ ਉਮੀਦਵਾਰ ਬਣਾਇਆ ਗਿਆ ਹੈ।






ਇਸ ਤੋਂ ਬਾਅਦ ਜੇ ਗੱਲ ਖਡੂਰ ਸਾਹਿਬ ਦੀ ਕੀਤੀ ਜਾਵੇ ਤਾਂ ਭਾਜਪਾ ਨੇ ਖਡੂਰ ਸਾਹਿਬ ਤੋਂ ਮਨਜੀਤ ਸਿੰਘ ਮੰਨਾ ਮੀਆਂਵਿੰਡ ਨੂੰ ਟਿਕਟ ਦਿੱਤੀ ਹੈ। ਮੀਆਂਵਿੰਡ 2002 ਵਿੱਚ ਖਡੂਰ ਸਾਹਿਬ ਤੋਂ ਪੰਜਾਬ ਵਿਧਾਨ ਸਭਾ ਲਈ ਚੁਣੇ ਗਏ ਸਨ। 2007 ਵਿੱਚ ਉਹ ਖਡੂਰ ਸਾਹਿਬ ਤੋਂ ਮੁੜ ਚੁਣੇ ਗਏ ਸਨ। 2012 ਵਿੱਚ ਉਨ੍ਹਾਂ ਨੇ ਨਵੇਂ ਹਲਕਾ ਬਾਬਾ ਬਕਾਲਾ ਵਿੱਚ ਸਫਲਤਾਪੂਰਵਕ ਜਿੱਤ ਹਾਸਲ ਕੀਤੀ।



ਜ਼ਿਕਰ ਕਰ ਦਈਏ ਕਿ ਇਸ ਤੋਂ ਪਹਿਲਾਂ 30 ਮਾਰਚ ਨੂੰ ਭਾਜਪਾ ਨੇ ਲੋਕ ਸਭਾ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕੀਤੀ ਸੀ। ਇਸ ਵਿੱਚ ਛੇ ਉਮੀਦਵਾਰਾਂ ਦਾ ਐਲਾਨ ਕੀਤਾ ਗਿਆ। ਇਨ੍ਹਾਂ 'ਚ ਜਲੰਧਰ ਤੋਂ 'ਆਪ' ਛੱਡਣ ਵਾਲੇ ਸੁਸ਼ੀਲ ਰਿੰਕੂ, ਲੁਧਿਆਣਾ ਤੋਂ ਕਾਂਗਰਸ ਛੱਡਣ ਵਾਲੇ ਰਵਨੀਤ ਸਿੰਘ ਬਿੱਟੂ, ਪਟਿਆਲਾ ਤੋਂ ਕਾਂਗਰਸ ਛੱਡਣ ਵਾਲੇ ਪ੍ਰਨੀਤ ਕੌਰ, ਫਰੀਦਕੋਟ ਤੋਂ ਹੰਸਰਾਜ ਹੰਸ, ਗੁਰਦਾਸਪੁਰ ਤੋਂ ਦਿਨੇਸ਼ ਬੱਬੂ ਅਤੇ ਅੰਮ੍ਰਿਤਸਰ ਤੋਂ ਤਰਨਜੀਤ ਸਿੰਘ ਸੰਧੂ ਦੇ ਨਾਂ ਸ਼ਾਮਲ ਹਨ। 


ਦੱਸ ਦਈਏ ਕਿ 2019 ਦੀਆਂ ਲੋਕ ਸਭਾ ਚੋਣਾਂ ਵਿੱਚ ਪੰਜਾਬ ਵਿੱਚੋਂ ਭਾਜਪਾ ਦੇ ਦੋ ਸੰਸਦ ਮੈਂਬਰ ਜਿੱਤੇ ਸਨ ਜਿਨ੍ਹਾਂ ਵਿੱਚੋਂ ਹੁਸ਼ਿਆਰਪੁਰ ਤੋਂ ਸੋਮ ਪ੍ਰਕਾਸ਼ ਤੇ ਗੁਰਦਾਸਪੁਰ ਤੋਂ ਸੰਨੀ ਦਿਓਲ ਸ਼ਾਮਲ ਸਨ। ਹੁਣ 2024 ਦੀਆਂ ਚੋਣਾਂ ਵਿੱਚ ਭਾਜਪਾ ਨੇ ਦੋਵਾਂ ਦੀ ਟਿਕਟ ਕੱਟ ਦਿੱਤੀ ਹੈ। ਜੇ ਦੂਜੇ ਹਲਕਿਆਂ ਦੀ ਗੱਲ ਕਰੀਏ ਤਾਂ ਉੱਥੇ ਹੀ ਪੁਰਾਣੇ ਲੀਡਰਾਂ ਦੀ ਮਿਹਤਨ ਨੂੰ ਦਰਕਿਨਾਰ ਕਰਕੇ ਦੂਜੀਆਂ ਪਾਰਟੀਆਂ ਚੋਂ ਆਉਣ ਵਾਲੇ ਲੀਡਰਾਂ ਨੂੰ ਟਿਕਟਾਂ ਦਿੱਤੀਆਂ ਹਨ।