focal points - ਸਾਬਕਾ ਮੈਂਬਰ ਪਾਰਲੀਮੈਂਟ ਅਤੇ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਮੁੱਖ ਮੰਤਰੀ ਵੱਲੋਂ ਫੋਕਲ ਪੁਆਇੰਟਾਂ ਤੇ ਨਵੀਆਂ ਪੁਲਿਸ ਚੌਂਕੀਆਂ ਸਥਾਪਤ ਕਰਨ ਦਾ ਫੈਸਲਾ ਸੂਬੇ ਭਰ ਚ ਅਮਨ - ਕਾਨੂੰਨ ਦੀ ਵਿਗੜ ਰਹੀ ਸਥਿਤੀ ਦਾ ਪ੍ਰਮਾਣ ਹੈ ਅਤੇ ਇੰਨ੍ਹਾਂ ਹਲਾਤਾਂ ਨੇ ਰਾਜ ਦੀ ਆਰਥਿਕ ਸੰਭਾਵਨਾਂਵਾਂ ਤੇ ਵੀ ਬੁਰਾ ਪ੍ਰਭਾਵ ਪਾਇਆ ਹੈ।
ਭਾਜਪਾ ਦੇ ਸੀਨੀਅਰ ਨੇਤਾ ਨੇ ਇੱਥੇ ਇੱਕ ਬਿਆਨ ਵਿੱਚ ਕਿਹਾ ਕਿ ਕਿਸੇ ਵੀ ਜਿ਼ਲ੍ਹੇ ਦੀ ਯਾਤਰਾ ਕਰਦੇ ਹਾਂ ਤਾਂ ਲੋਕਾਂ ਵਿਚ ਸੁਰੱਖਿਆ ਪ੍ਰਤੀ ਚਿੰੰਤਾਵਾਂ ਹਨ ਅਤੇ ਲੋਕਾਂ ਦਾ ਅਮਨ ਕਾਨੂੰਨ ਵਿਵਸਥਾ ਵਿਚ ਭਰੋਸਾ ਜਾਂਦਾ ਰਿਹਾ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਸੁਰੱਖਿਆ ਮੁਹਈਆ ਕਰਵਾਉਣੀ ਸਰਕਾਰ ਦੀ ਮੁੱਢਲੀ ਜਿੰਮੇਵਾਰੀ ਹੁੰਦੀ ਹੈ ਪਰ ਮਾਨ ਸਰਕਾਰ ਇਸ ਵਿਚ ਪੂਰੀ ਤਰਾਂ ਅਸਫਲ ਸਿੱਧ ਹੋਈ ਹੈ।
ਸੂਬਾ ਸਰਕਾਰ ਤੇ ਤਿੱਖਾ ਹਮਲਾ ਕਰਦੇ ਹੋਏ ਜਾਖੜ ਨੇ ਕਿਹਾ ਕਿ ਜਿਸ ਪੁਲਿਸ ਨੇ ਵੱਡੀ ਬਹਾਦਰੀ ਅਤੇ ਕੁਰਬਾਨੀ ਨਾਲ ਪੰਜਾਬ ਵਿਚੋਂ ਆਂਤਕਵਾਦ ਨੂੰ ਖਤਮ ਕੀਤਾ ਸੀ, ਮੌਜੂਦਾ ਸਰਕਾਰ ਨੇ ਸਾਡੀ ਉਸੇ ਪੰਜਾਬ ਪੁਲਿਸ ਦੇ ਮਨੋਬਲ ਅਤੇ ਆਤਮ ਨੂੰ ਡੇਗ ਦਿੱਤਾ ਹੈ।
ਨਿੱਤ ਦਿਨ ਹੋ ਰਹੀਆਂ ਕਤਲਾਂ ਅਤੇ ਲੁੱਟਾਂ - ਖੋਹਾਂ ਦੀਆਂ ਵਰਾਦਾਤਾਂ ਕਾਰਨ ਅੱਜ ਸਾਰਾ ਪੰਜਾਬ ਦਹਿਸ਼ਤ ਅਤੇ ਅਸੁਰੱਖਿਆ ਦੀ ਮਾਰ ਹੇਠ ਹੈ, ਜਾਖੜ ਨੇ ਕਿਹਾ ਕਿ ਕੋਈ ਵੀ ਪੰਜਾਬ ਵਿੱਚ ਉਦਯੋਗ ਲਗਾਉਣਾ ਨਹੀਂ ਚਾਹੁੰਦਾ ਕਿਉਂਕਿ ਕਿਸੇ ਨੂੰ ਵੀ ਜਾਨ ਦੀ ਸੁਰੱਖਿਆ ਨਹੀਂ ਹੈ।
ਜਾਖੜ ਨੇ ਕਿਹਾ ਕਿ ਬੇ਼ਸਕ ਪੰਜਾਬ ਵਿਚ ਸਭ ਤੋਂ ਵਧੀਆ ਪੁਲਿਸ ਫੋਰਸ ਹੈ ਅਤੇ ਜਿਸ ਚੀਜ਼ ਦੀ ਕਮੀ ਹੈ ਉਹ ਹੈ ਆਪ ਪਾਰਟੀ ਦੀ ਸਰਕਾਰ ਵੱਲੋਂ ਦਿੱਤੀ ਗਈ ਕਮਜ਼ੋਰ ਲੀਡਰਸਿ਼ਪ ਅਤੇ ਕਮਾਂਡ।
ਅਮਨ - ਕਾਨੂੰਨ ਦੀ ਤਰਸਯੋਗ ਸਥਿਤੀ ਦਾ ਹਵਾਲਾ ਦਿੰਦਿਆਂ ਜਾਖੜ ਨੇ ਕਿਹਾ ਕਿ ਹਾਲ ਹੀ ਵਿੱਚ ਸ਼ਹਿਰ ਵਿੱਚ ਵੱਧ ਰਹੀਆਂ ਚੋਰੀਆਂ, ਲੁੱਟ ਖੋਹ ਦੀਆਂ ਘਟਨਾਵਾਂ ਕਾਰਨ ਬਟਾਲਾ ਦੀ ਸਮੁੱਚੀ ਵਪਾਰ ਐਸੋਸੀਏਸ਼ਨ ਨੇ ਐਸਐਸਪੀ ਦਫ਼ਤਰ ਤੱਕ ਮਾਰਚ ਕਰਕੇ ਆਪਣੇ ਅਦਾਰਿਆਂ ਦੀਆਂ ਚਾਬੀਆਂ ਸੌਂਪ ਦਿੱਤੀਆਂ ਸਨ।ਇਸੇ ਤਰਾਂ ਪੂਰੇ ਫਾਜਿ਼ਲਕਾ ਸ਼ਹਿਰ ਵਿਚ ਚੋਰੀ ਦੀਆਂ ਘਟਨਾਵਾਂ ਦੇ ਵਿਰੋਧ ਵਿਚ ਇਕ ਦਿਨ ਲਈ ਹੜਤਾਲ ਰੱਖੀ ਜਿੱਥੇ ਇਕੱਲੀ ਇਕ ਰਾਤ ਵਿਚ ਸੱਤ ਦੇ ਕਰੀਬ ਚੋਰੀਆਂ ਹੋਈਆਂ ਸਨ।
ਇੱਕ ਅਧਿਕਾਰਤ ਕਰਾਈਮ ਰਿਪੋਰਟ ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਅਬੋਹਰ ਫੋਕਲ ਪੁਆਇੰਟ ਨੇੜੇ ਲੁੱਟ - ਖੋਹ ਦੀਆਂ ਕਈ ਘਟਨਾਵਾਂ ਨੇ ਉਦਯੋਗਪਤੀਆਂ ਤੋਂ ਇਲਾਵਾ ਛੋਟੇ ਕਾਰੋਬਾਰੀਆਂ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਬਠਿੰਡਾ ਤੋਂ ਨਸ਼ਾ ਵਿਰੋਧੀ ਜਾਗਰੂਕਤਾ ਕਾਰਕੁਨਾਂ ਨੂੰ ਨਿਸ਼ਾਨਾ ਬਣਾਉਣ ਦੀਆਂ ਰਿਪੋਰਟਾਂ ਵੀ ਸਾਹਮਣੇ ਆਈਆਂ ਸਨ। ਲੁੱਟਾਂ - ਖੋਹਾਂ, ਫਿਰੌਤੀ ਨਾਲ ਸਬੰਧਤ ਅਪਰਾਧ, ਨਾਬਾਲਗ ਲੜਕੀਆਂ ਦੇ ਅਗਵਾ ਅਤੇ ਬਲਾਤਕਾਰ ਦੀਆਂ ਘਟਨਾਵਾਂ ਹਰ ਰੋਜ਼ ਮੀਡੀਆ ਵਿੱਚ ਵਿਆਪਕ ਤੌਰ ਤੇ ਰਿਪੋਰਟ ਕੀਤੀਆਂ ਜਾਂਦੀਆਂ ਹਨ। ਪੇਂਡੂ ਖੇਤਰਾਂ ਵਿੱਚ ਚੋਰੀਆਂ ਆਮ ਹੋ ਗਈਆਂ ਹਨ।
ਭਾਜਪਾ ਦੇ ਸੂਬਾ ਪ੍ਰਧਾਨ ਨੇ ਕਿਹਾ ਕਿ ਫਲੈਕਸ ਬੋਰਡ ਰਾਹੀਂ ਝੂਠੇ ਪ੍ਰਚਾਰ ਅਤੇ ਫਰਜ਼ੀ ਐਲਾਨਾਂ ਨਾਲ ਪੰਜਾਬ ਦੀ ਮੌਜੂਦਾ ਸਰਕਾਰ ਵਿਚ ਲੋਕਾਂ ਦਾ ਵਿਸ਼ਵਾਸ਼ ਬਹਾਲ ਨਹੀਂ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਕਾਨੂੰਨ ਅਤੇ ਵਿਵਸਥਾ ਵਿੱਚ ਸਰਕਾਰ ਦੀਆਂ ਅਸਫਲਤਾਵਾਂ ਤੋਂ ਲੋਕਾਂ ਦਾ ਧਿਆਨ ਹਟਾਉਣ ਦੀਆਂ ਕੋਸਿ਼ਸਾਂ ਬੰਦ ਕਰਕੇ ਸਰਕਾਰ ਰਾਜ ਵਿਚ ਅਮਨ ਕਾਨੂੰਨ ਦੀ ਸਥਿਤੀ ਸੁਧਾਰਨ ਲਈ ਕੰਮ ਕਰੇ।