ਚੰਡੀਗੜ੍ਹ: ਮੁੱਖ ਮੰਤਰੀ ਭਗਵੰਤ ਮਾਨ ਅੱਜ ਆਜ਼ਾਦੀ ਦਿਹਾੜੇ ਮੌਕੇ 75 ‘ਆਮ ਆਦਮੀ ਕਲੀਨਿਕ’ ਸੂਬੇ ਦੇ ਲੋਕਾਂ ਨੂੰ ਸਮਰਪਿਤ ਕਰ ਰਹੇ ਹਨ। ਮੁੱਖ ਮੰਤਰੀ ਕਿਹਾ ਹੈ ਕਿ ‘ਚੋਣਾਂ ਦੌਰਾਨ ਅਸੀਂ ਪੰਜਾਬੀਆਂ ਨੂੰ ਇੱਕ ਗਾਰੰਟੀ ਦਿੱਤੀ ਸੀ ਕਿ ਆਮ ਆਦਮੀ ਕਲੀਨਿਕ ਖੋਲ੍ਹੇ ਜਾਣਗੇ। ਇਹ ਗਾਰੰਟੀ ਹੁਣ ਪੂਰੀ ਹੋਣ ਜਾ ਰਹੀ ਹੈ। ਪੰਜਾਬ ਵਿੱਚ ਸਿਹਤ ਕ੍ਰਾਂਤੀ ਦੀ ਸ਼ੁਰੂਆਤ ਹੋ ਚੁੱਕੀ ਹੈ।’ 








ਹਾਸਲ ਵੇਰਵਿਆਂ ਅਨੁਸਾਰ ਪੰਜਾਬ ਵਿੱਚ 75 ‘ਆਮ ਆਦਮੀ ਕਲੀਨਿਕ’ ਤਿਆਰ ਕੀਤੇ ਹਨ। ਕਲੀਨਿਕਾਂ ਵਿੱਚ 41 ਤਰ੍ਹਾਂ ਦੇ ਟੈਸਟ ਦੀ ਸਹੂਲਤ ਉਪਲਬਧ ਹੋਵੇਗੀ ਤੇ 75 ਤਰ੍ਹਾਂ ਦੀਆਂ ਦਵਾਈਆਂ ਮਰੀਜ਼ਾਂ ਨੂੰ ਮੁਫ਼ਤ ਮਿਲਣਗੀਆਂ। ਰੋਜ਼ਾਨਾ 8 ਵਜੇ ਤੋਂ 2 ਵਜੇ ਤੱਕ ਇਹ ਕਲੀਨਿਕ ਖੁੱਲ੍ਹਣਗੇ। ਸਿਹਤ ਵਿਭਾਗ ਵੱਲੋਂ ਇਨ੍ਹਾਂ ਕਲੀਨਿਕਾਂ ’ਚ ਡਾਕਟਰਾਂ ਤੇ ਪੈਰਾ ਮੈਡੀਕਲ ਸਟਾਫ਼ ਦੀ ਤਾਇਨਾਤੀ ਕਰ ਦਿੱਤੀ ਗਈ ਹੈ। 



ਆਮ ਆਦਮੀ ਪਾਰਟੀ ਦਿੱਲੀ ਦੇ ‘ਮੁਹੱਲਾ ਕਲੀਨਿਕਾਂ’ ਦੀ ਤਰਜ਼ ’ਤੇ ਪੰਜਾਬ ਵਿੱਚ ਇਹ ‘ਆਮ ਆਦਮੀ ਕਲੀਨਿਕ’ ਖੋਲ੍ਹਣ ਜਾ ਰਹੀ ਹੈ। ਵਿਰੋਧੀ ਧਿਰਾਂ ਵੱਲੋਂ ਇਨ੍ਹਾਂ ਆਮ ਆਦਮੀ ਕਲੀਨਿਕਾਂ ਦੀ ਨੁਕਤਾਚੀਨੀ ਵੀ ਕੀਤੀ ਹੈ ਤੇ ਇਨ੍ਹਾਂ ਦੇ ਰੰਗ-ਰੋਗਨ ’ਤੇ ਆਏ ਖ਼ਰਚੇ ’ਤੇ ਉਂਗਲ ਵੀ ਚੁੱਕੀ ਗਈ ਹੈ। 


‘ਆਪ’ ਸਰਕਾਰ ਵੱਲੋਂ ਇਨ੍ਹਾਂ ਕਲੀਨਿਕਾਂ ਦੇ ਜ਼ਿਲ੍ਹਾਵਾਰ ਵੇਰਵੇ ਨਹੀਂ ਦਿੱਤੇ ਗਏ ਹਨ ਤੇ ਨਾ ਹੀ ਸਟਾਫ਼ ਦੀ ਗਿਣਤੀ ਬਾਰੇ ਦੱਸਿਆ ਗਿਆ ਹੈ। ਡਾਕਟਰਾਂ ਨੂੰ ਪ੍ਰਤੀ ਮਰੀਜ਼ ਦੇ ਹਿਸਾਬ ਨਾਲ ਖ਼ਰਚਾ ਦਿੱਤਾ ਜਾਵੇਗਾ। ਮਰੀਜ਼ਾਂ ਦਾ ਵੇਰਵਾ ਵੀ ਡਿਜੀਟਲ ਰੂਪ ਵਿਚ ਰੱਖਿਆ ਜਾਵੇਗਾ। ਅਕਾਲੀ ਦਲ ਮੁਤਾਬਕ ‘ਆਪ’ ਸਰਕਾਰ ਵੱਲੋਂ ਗੱਠਜੋੜ ਸਰਕਾਰ ਵੇਲੇ ਬਣੇ ਸੇਵਾ ਕੇਂਦਰਾਂ ਵਿੱਚ ਹੀ ਇਹ ਕਲੀਨਿਕ ਖੋਲ੍ਹੇ ਜਾ ਰਹੇ ਹਨ।