ਪਟਿਆਲਾ: ਪਟਿਆਲਾ ਦੇ ਜਵਾਨ ਸਲੀਮ ਖ਼ਾਨ ਨੇ ਗਲਵਾਨ ਘਾਟੀ ਵਿੱਚ ਚੀਨੀ ਸੈਨਿਕਾਂ ਨਾਲ ਲੜਦਿਆਂ ਸ਼ਹਾਦਤ ਪ੍ਰਾਪਤ ਕੀਤੀ ਹੈ, ਜਿਸਦੀ ਖ਼ਬਰ ਹੁਣ ਸਾਹਮਣੇ ਆਈ ਹੈ। ਦਰਅਸਲ, ਚੀਨੀ ਸੈਨਿਕਾਂ ਨਾਲ ਝੜਪ ਦੌਰਾਨ ਭਾਰਤ ਦੇ ਕੁਝ ਸਿਪਾਹੀ ਲੇਹ ਨਦੀ ਵਿੱਚ ਡਿੱਗ ਗਏ ਸੀ, ਜਿਨ੍ਹਾਂ ਦੀਆਂ ਮ੍ਰਿਤਕ ਦੇਹਾਂ ਨੂੰ ਲੱਭਣ ਲਈ ਫੌਜ ਨੇ ਦਿਨ-ਰਾਤ ਇੱਕ ਕੀਤਾ ਅਤੇ ਲੇਹ ਨਦੀ ਵਿੱਚ ਡਿੱਗੀ ਸਲੀਮ ਦੀ ਲਾਸ਼ ਵੀ ਬਰਾਮਦ ਕੀਤੀ। ਉਸਦੇ ਪਰਿਵਾਰ ਨੂੰ ਸੂਚਿਤ ਕੀਤਾ ਗਿਆ ਹੈ।

ਪਟਿਆਲੇ ਦਾ ਰਹਿਣ ਵਾਲਾ ਸਲੀਮ ਖ਼ਾਨ ਦਾ ਪਰਿਵਾਰ ਬੇਟੇ ਸਲੀਮ ਦੀ ਸ਼ਹਾਦਤ ਦੀ ਖ਼ਬਰ ਸੁਣ ਕੇ ਸਦਮੇ ‘ਚ ਹੈ, ਜਦਕਿ ਪਰਿਵਾਰ ਨੂੰ ਉਸ ਦੀ ਸ਼ਹਾਦਤ ‘ਤੇ ਮਾਣ ਵੀ ਹੈ। ਦੂਜੇ ਪਾਸੇ ਜਦੋਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਸਲੀਮ ਖ਼ਾਨ ਦੀ ਸ਼ਹਾਦਤ ਦਾ ਪਤਾ ਲੱਗਿਆ ਤਾਂ ਐਸਡੀਐਮ ਪਟਿਆਲਾ ਸਲੀਮ ਖ਼ਾਨ ਦੇ ਪਿੰਡ ਮਰਦਾ ਹੈੜੀ ਲਈ ਰਵਾਨਾ ਹੋ ਗਏ ਅਤੇ ਇਲਾਕੇ ਦੇ ਕੁਝ ਲੋਕ ਵੀ ਉਨ੍ਹਾਂ ਦੇ ਘਰ ਪਹੁੰਚੇ।

ਭਾਰਤੀ ਫ਼ੌਜ ਦੀ ਰੈਜੀਮੈਂਟ, 58 ਇੰਜੀਨੀਅਰਜ਼ ਦੇ ਲਾਂਸ ਨਾਇਕ ਸਲੀਮ ਖ਼ਾਨ ਦੀ ਦੇਹ ਲੇਹ ਤੋਂ ਵਿਸ਼ੇਸ਼ ਹਵਾਈ ਜਹਾਜ਼ ਰਾਹੀਂ ਰਵਾਨਾ ਕਰ ਦਿੱਤੀ ਗਈ ਹੈ ਜੋ ਅੱਜ ਬਾਅਦ ਦੁਪਹਿਰ 2 ਵਜੇ ਪਟਿਆਲਾ-ਬਲਬੇੜਾ ਰੋਡ ਉਪਰ ਪੈਂਦੇ ਪਿੰਡ ਮਰਦਾਂਹੇੜੀ ਵਿਖੇ ਪੁੱਜੇਗੀ। ਉਸ ਤੋਂ ਬਾਅਦ ਸਪੁਰਦ-ਏ-ਖ਼ਾਕ ਕਰਨ ਦੀਆਂ ਰਸਮਾਂ ਹੋਣਗੀਆਂ।

ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਰਾਹੀਂ ਦੁੱਖ ਦਾ ਪ੍ਰਗਟਾਵਾ ਕਰਦਿਆ ਲਿਖਿਆ- 'ਲੱਦਾਖ 'ਚ ਲਾਂਸ ਨਾਇਕ ਸਲੀਮ ਖ਼ਾਨ ਦੇ ਦੇਹਾਂਤ ਬਾਰੇ ਸੁਣ ਕੇ ਦੁੱਖ ਹੋਇਆ। ਉਸ ਦੇ ਪਰਿਵਾਰ ਨਾਲ ਮੇਰੀ ਦਿਲੀ ਹਮਦਰਦੀ ਹੈ। ਕੌਮ ਬਹਾਦਰ ਸਿਪਾਹੀ ਨੂੰ ਸਲਾਮ ਕਰਦੀ ਹੈ...ਜੈ ਹਿੰਦ।' ਦੱਸ ਦੇਈਏ ਕਿ ਬੀਤੇ ਦਿਨੀਂ ਵੀ ਭਾਰਤ-ਚੀਨ ਸਰਹੱਦੀ ਵਿਵਾਦ ਦੌਰਾਨ ਪਟਿਆਲਾ ਦਾ ਮਨਦੀਪ ਸਿੰਘ ਸ਼ਹੀਦ ਹੋ ਗਿਆ ਸੀ।



ਇਹ ਵੀ ਪੜ੍ਹੋ:

ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904