Vigilance starts investigation - ਪੰਜਾਬ ਵਿੱਚ ਇੱਕ ਹੋਰ ਵੱਡਾ ਘੁਟਾਲਾ ਸਾਹਮਣੇ ਆਇਆ ਹੈ। ਇਹ ਘਪਲਾ ਸੂਬੇ ਦੇ ਨਰਸਿੰਗ ਕਾਲਜਾਂ 'ਚ ਦਾਖਲੇ ਨੂੰ ਲੈ ਕੇ ਕੀਤਾ ਗਿਆ ਹੈ। ਪੰਜਾਬ ਵਿਜੀਲੈਂਸ ਬਿਊਰੋ ਸੂਬੇ 'ਚ ਹੋਏ ਨਰਸਿੰਗ ਕਾਲਜਾਂ ਦੇ ਦਾਖਲੇ ਦੀ ਜਾਂਚ ਕਰ ਰਹੀ ਸੀ ਤਾਂ ਇਸ ਦੌਰਾਨ ਪਾਇਆ ਗਿਆ ਸੀ ਕਿ ਇਹਨਾਂ ਕਾਲਜਾਂ 'ਚ ਵੱਡੀ ਗਿਣਤੀ ਵਿੱਚ ਫਰਜ਼ੀ ਦਾਖਲੇ ਕਰਵਾਏ ਗਏ ਅਤੇ ਫਰਜ਼ੀ ਬੱਚਿਆਂ ਦੇ ਖਾਤੇ ਖੁਲਵਾਏ ਗਏ ਸਨ। 


ਇਸ ਘੁਟਾਲੇ ਨੂੰ ਅੰਜਾਮ 5 ਤੋਂ 6 ਦਲਾਲਾਂ ਵੱਲੋਂ ਦਿੱਤਾ ਗਿਆ, ਸੂਬੇ ਦੇ ਨਰਸਿੰਗ ਕਾਲਜਾਂ ਵਿੱਚ ਦਾਖਲਾ ਕਰਵਾਉਣ ਲਈ ਜਆਲੀ ਦਸਤਾਵੇਜ਼ ਤਿਆਰ ਕੀਤੇ ਗਏ, ਫਰਜ਼ੀ ਵਿਦਿਆਰਥੀਆਂ ਦੇ ਨਾਮਾਂ 'ਤੇ ਫਰਜ਼ੀ ਬੈਂਕ ਖਾਤੇ ਖੋਲ੍ਹੇ ਗਏ ਸਨ। ਸਾਲ 2014-15 ਤੇ 2015-16 'ਚ ਪੰਜਾਬ ਦੇ ਵੱਖ-ਵੱਖ ਕਾਲਜਾਂ 'ਚ ਕਈ ਕੋਰਸਾਂ 'ਚ ਫ਼ਰਜ਼ੀ ਦਾਖ਼ਲੇ ਦਿਖਾ ਦਿੱਤੇ ਗਏ। ਕਰੀਬ 2000 ਤੋਂ ਜ਼ਿਆਦਾ ਵਿਦਿਆਰਥੀਆਂ ਦੇ ਖਾਤੇ ਖੋਲ੍ਹ ਕੇ ਇਸ ਗੜਬੜੀ ਨੂੰ ਅੰਜਾਮ ਦਿੱਤਾ ਗਿਆ। ਇਹ ਖ਼ੁਲਾਸਾ ਵਿਜੀਲੈਂਸ ਜਾਂਚ ’ਚ ਹੋਇਆ ਹੈ। 


ਇਸ ਘੁਟਾਲੇ 'ਚ ਬੈਂਕ ਤੇ ਜ਼ਿਲ੍ਹਾ ਭਲਾਈ ਵਿਭਾਗ ਦੇ ਅਧਿਕਾਰੀਆਂ ਤੇ ਮੁਲਾਜ਼ਮਾਂ ਦੀ ਮਿਲੀਭੁਗਤ ਸਾਹਮਣੇ ਆਈ ਹੈ। ਵਿਜੀਲੈਂਸ ਇਸ ਮਾਮਲੇ 'ਚ ਜਾਂਚ ਚੱਲ ਰਹੀ ਹੈ ਅਤੇ  ਛੇਤੀ ਹੀ ਇਸ ਘੁਟਾਲੇ ਦੇ ਮੁਲਜ਼ਮਾਂ 'ਤੇ ਸ਼ਿਕੰਜਾ ਕੱਸੇਗਾ। ਘੁਟਾਲੇ ਦੇ ਇਹ ਰਾਸ਼ੀ ਹੋਰ ਵੱਧ ਸਕਦੀ ਹੈ। 


ਜਾਂਚ 'ਚ ਸਾਹਮਣੇ ਆਇਆ ਕਿ ਘੁਟਾਲਾ ਕਰਨ ਵਾਲੇ ਲੋਕਾਂ ਨੇ ਪੰਜਾਬ ਦੇ ਵੱਖ-ਵੱਖ ਕਾਲਜਾਂ 'ਚ ਏਐੱਨਐੱਮ ਤੇ ਜੀਐੱਨਐੱਮ ਦੇ ਕੋਰਸਾਂ 'ਚ ਫ਼ਰਜ਼ੀ ਦਾਖ਼ਲਾ ਦਿਵਾਇਆ  ਗਿਆ। ਇਨ੍ਹਾਂ ਕੋਰਸਾਂ ਦੇ ਕਾਲਜਾਂ ਦੀ  ਗਿਣਤੀ ਜ਼ਿਲ੍ਹੇ 'ਚ ਘੱਟ ਹੈ, ਇਸ ਲਈ ਦੂਜੇ ਸੂਬੇ ਦੇ ਕਾਲਜਾਂ ਦੇ ਨਾਂ ਸ਼ਾਮਲ ਕਰ ਕੇ ਜ਼ਿਲ੍ਹਾ ਭਲਾਈ ਵਿਭਾਗ ਤੋਂ ਵਜ਼ੀਫ਼ਾ ਲੈਂਦੇ ਰਹੇ। ਵਿਜੀਲੈਂਸ ਦੀ ਜਾਂਚ ਟੀਮ ਨੇ ਵਜ਼ੀਫ਼ਾ ਸੂਚੀ 'ਚ ਸ਼ਾਮਲ ਨੌਜਵਾਨਾਂ ਨੂੰ ਬੁਲਾ ਕੇ ਪੁੱਛਗਿੱਛ ਕੀਤੀ ਤਾਂ ਉਨ੍ਹਾਂ ਨੇ ਇਸ ਸਬੰਧੀ ਕੋਈ ਵੀ ਜਾਣਕਾਰੀ ਹੋਣ ਤੋਂ ਸਾਫ਼ ਮਨ੍ਹਾ ਕਰ ਦਿੱਤਾ। 


ਇਸ ਤੋਂ ਇਲਾਵਾ ਇਹਨਾਂ ਮੁਲਜ਼ਮਾਂ ਨੇ ਅਨਸੁਚੀਤ ਜਾਤੀ ਵਰਗ ਦੇ ਬੱਚਿਆਂ ਦੇ ਸਭ ਤੋਂ ਵੱਧ ਦਾਖਲੇ ਸ਼ੋਅ ਕੀਤੇ ਸਨ। ਕਿਉਂਕਿ ਸਰਕਾਰ ਵੱਲੋਂ SC/ST ਵਰਗ ਦੇ ਬੱਚਿਆਂ ਨੂੰ ਵਜੀਫੇ ਦੀ ਰਾਸ਼ੀ ਬਾਕੀਆਂ ਨਾਲੋਂ ਵੱਧ ਦਿੱਤੀ ਜਾਂਦੀ ਸੀ। ਵਿਜੀਲੈਂਸ ਨੇ ਅਜਿਹੇ 250 ਬੱਚਿਆਂ ਨੂੰ ਵੀ ਜਾਂਚ ਵਿੱਚ ਸ਼ਾਮਲ ਕਰ ਲਿਆ ਹੈ।