Ropar News: ਨੰਗਲ ਦੇ ਨਾਲ਼ ਲੱਗਦੇ ਪਿੰਡ ਮਾਜਰੀ ਦਾ ਜਵਾਨ ਜਤਿੰਦਰ ਕੁਮਾਰ ਪੁੱਤਰ ਸ਼ਮਸ਼ੇਰ ਸਿੰਘ ਡਿਊਟੀ ਦੌਰਾਨ ਬਰਫ ਤੋਂ ਪੈਰ ਫਿਸਲਣ ਕਰਕੇ ਸ਼ਹੀਦ ਹੋ ਗਿਆ। ਉਹ ਸਿੱਕਮ ਵਿੱਚ ਚੀਨ ਸਰਹੱਦ  'ਤੇ ਤਾਇਨਾਤ ਸੀ। ਸ਼ਹੀਦ ਜਤਿੰਦਰ ਸਿੰਘ ਦਾ ਤਿੰਨ ਸਾਲ ਪਹਿਲਾਂ ਹੀ ਵਿਆਹ ਹੋਇਆ ਸੀ। ਉਸ ਦੀ ਇੱਕ ਡੇਢ ਸਾਲ ਦੀ ਛੋਟੀ ਬੱਚੀ ਹੈ। ਸ਼ਹੀਦ ਸੈਨਿਕ ਜਤਿੰਦਰ ਸਿੰਘ ਦੀ ਦੇਹ ਮਾਨ-ਸਨਮਾਨ ਨਾਲ ਜੱਦੀ ਪਿੰਡ ਲਿਆਂਦੀ ਗਈ ਜਿੱਥੇ ਪੂਰੇ ਪਿੰਡ ਵਿੱਚ ਗ਼ਮ ਦਾ ਮਾਹੌਲ ਛਾ ਗਿਆ। 


ਮਿਲੀ ਜਾਣਕਾਰੀ ਅਨੁਸਾਰ ਨੰਗਲ ਦੇ ਨਾਲ਼ ਲੱਗਦੇ ਪਿੰਡ ਮਜਾਰੀ ਦਾ ਨੌਜਵਾਨ ਦੇਸ਼ ਦੀ ਸੇਵਾ ਵਿੱਚ ਸਿੱਕਮ-ਚੀਨ ਸਰਹੱਦ 'ਤੇ ਡਿਊਟੀ 'ਤੇ ਤਾਇਨਾਤ ਸੀ। ਅਚਾਨਕ ਬਰਫ਼ ਤੋਂ ਫਿਸਲਣ ਕਾਰਨ ਡੂੰਘੀ ਖੱਡ ਵਿੱਚ ਡਿੱਘਣ ਕਰਕੇ ਸੱਟ ਲੱਗ ਗਈ ਤੇ ਉਹ ਦੁਨੀਆਂ ਨੂੰ ਅਲਵਿਦਾ ਕਹਿ ਗਿਆ। ਸ਼ਹੀਦ ਦਾ ਛੋਟਾ ਭਰਾ ਵੀ ਫੌਜ ਵਿੱਚ ਦੇਸ਼ ਦੀ ਸੇਵਾ ਕਰ ਰਿਹਾ ਹੈ। 


ਉਸ ਦੇ ਛੋਟੇ ਭਰਾ ਨੇ ਦੱਸਿਆ ਕਿ ਜਤਿੰਦਰ ਸਿੰਘ ਨੇ ਡਿਊਟੀ ਤੇ ਜਾਣ ਤੋਂ ਪਹਿਲਾਂ ਉਸ ਨਾਲ ਗੱਲ ਕੀਤੀ ਸੀ ਤੇ ਕਿਹਾ ਸੀ ਕਿ ਉਹ ਫਾਰਵਰਡ ਜਾ ਰਿਹਾ ਹੈ ਤੇ ਪਿੱਛੇ ਤੋਂ ਘਰ ਦਾ ਧਿਆਨ ਰੱਖੇ। ਉਨ੍ਹਾਂ ਨੇ ਨਮ ਅੱਖਾਂ ਨਾਲ ਕਿਹਾ ਕਿ ਉਨ੍ਹਾਂ ਨੂੰ ਕੀ ਪਤਾ ਸੀ ਭਰਾ ਦੇ ਇਹ ਆਖ਼ਰੀ ਸ਼ਬਦ ਹੋਣਗੇ। 


ਪੰਜਾਬ ਯੂਨਿਟ 19 ਦੇ ਜਵਾਨ ਆਪਣੇ ਸ਼ਹੀਦ ਹੋਏ ਸੈਨਿਕ ਨੂੰ ਪਿੰਡ ਦੇ ਹੀ ਸ਼ਮਸ਼ਾਨ ਘਾਟ ਲੈ ਕੇ ਆਏ ਜਿੱਥੇ ਪੂਰੇ ਯੂਨਿਟ ਨੇ ਨਮ ਅੱਖਾਂ ਨਾਲ ਸਲਾਮੀ ਦਿੱਤੀ। ਉਥੇ ਹੀ ਭਾਰਤ ਮਾਤਾ ਦੀ ਜੈ ਦੇ ਨਾਹਰਿਆਂ ਨਾਲ ਸ਼ਮਸ਼ਾਨ ਘਾਟ ਗੂੰਜ ਉਠਿਆ। ਸ਼ਹੀਦ ਸੈਨਿਕ ਨੂੰ ਉਸ ਦੇ ਛੋਟੇ ਭਰਾ ਨੇ ਅਗਨ ਭੇਟ ਕੀਤਾ। ਸਿੱਕਮ ਯੂਨਿਟ 19 ਪੰਜਾਬ ਦੇ ਆਰਮੀ ਅਫ਼ਸਰ ਨੇ ਸ਼ਹੀਦ ਹੋਏ ਸੈਨਿਕ ਦੀ ਵਰਦੀ ਤੇ ਤਿਰੰਗੇ ਉਨ੍ਹਾਂ ਦੇ ਪਿਤਾ ਜੀ ਨੂੰ ਭੇਟ ਕੀਤਾ ਤੇ ਪੂਰੀ ਬਟਾਲੀਅਨ ਨੇ ਸਲਾਮੀ ਦੇ ਕੇ ਸ਼ਹੀਦ ਹੋਏ ਸੈਨਿਕ ਨੂੰ ਸ਼ਰਧਾ ਭੇਟ ਕੀਤੀ।




ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।