ਸਿੱਖਾਂ ਦੀ ਕਾਲੀ ਸੂਚੀ 'ਤੇ ਆਪ ਨੇ ਅਕਾਲੀ ਦਲ ਤੇ ਬੀਜੇਪੀ ਨੂੰ ਘੇਰਿਆ
ਏਬੀਪੀ ਸਾਂਝਾ | 14 Sep 2019 06:32 PM (IST)
ਆਮ ਆਦਮੀ ਪਾਰਟੀ (ਆਪ) ਨੇ ਕੇਂਦਰ ਸਰਕਾਰ ਵੱਲੋਂ 312 ਸਿੱਖਾਂ ਦੇ ਨਾਮ ਕਾਲੀ ਸੂਚੀ (ਬਲੈਕ ਲਿਸਟ) 'ਚੋਂ ਹਟਾਉਣ ਦੇ ਫ਼ੈਸਲੇ ਨੂੰ ਬੜੀ ਦੇਰ ਬਾਅਦ ਲਿਆ ਗਿਆ ਦਰੁਸਤ ਕਦਮ ਕਰਾਰ ਦਿੱਤਾ ਹੈ। 'ਆਪ' ਨੇ ਬਾਦਲਾਂ ਤੇ ਭਾਜਪਾ ਨੂੰ ਆੜੇ ਹੱਥੀ ਲੈਂਦਿਆਂ ਕਿਹਾ ਕਿ ਕਾਲੀ ਸੂਚੀ 'ਚ ਨਾਮ ਹਟਾਏ ਜਾਣ ਨੂੰ ਮੋਦੀ ਸਰਕਾਰ 'ਚ ਭਾਈਵਾਲ ਬਾਦਲ ਇਹ ਵੀ ਦੱਸਣ ਕਿ 1999 ਤੋਂ ਬਾਅਦ ਅੱਜ ਤੱਕ ਕੇਂਦਰ 'ਚ ਅਕਾਲੀ-ਭਾਜਪਾ ਨੂੰ 12 ਸਾਲ ਸੱਤਾ ਦਾ ਮੌਕਾ ਮਿਲਿਆ, ਫਿਰ ਇਹ ਕਦਮ ਉਠਾਉਣ 'ਚ ਐਨੀ ਦੇਰੀ ਕਿਉਂ ਕੀਤੀ?
ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਨੇ ਕੇਂਦਰ ਸਰਕਾਰ ਵੱਲੋਂ 312 ਸਿੱਖਾਂ ਦੇ ਨਾਮ ਕਾਲੀ ਸੂਚੀ (ਬਲੈਕ ਲਿਸਟ) 'ਚੋਂ ਹਟਾਉਣ ਦੇ ਫ਼ੈਸਲੇ ਨੂੰ ਬੜੀ ਦੇਰ ਬਾਅਦ ਲਿਆ ਗਿਆ ਦਰੁਸਤ ਕਦਮ ਕਰਾਰ ਦਿੱਤਾ ਹੈ। 'ਆਪ' ਨੇ ਬਾਦਲਾਂ ਤੇ ਭਾਜਪਾ ਨੂੰ ਆੜੇ ਹੱਥੀ ਲੈਂਦਿਆਂ ਕਿਹਾ ਕਿ ਕਾਲੀ ਸੂਚੀ 'ਚ ਨਾਮ ਹਟਾਏ ਜਾਣ ਨੂੰ ਮੋਦੀ ਸਰਕਾਰ 'ਚ ਭਾਈਵਾਲ ਬਾਦਲ ਇਹ ਵੀ ਦੱਸਣ ਕਿ 1999 ਤੋਂ ਬਾਅਦ ਅੱਜ ਤੱਕ ਕੇਂਦਰ 'ਚ ਅਕਾਲੀ-ਭਾਜਪਾ ਨੂੰ 12 ਸਾਲ ਸੱਤਾ ਦਾ ਮੌਕਾ ਮਿਲਿਆ, ਫਿਰ ਇਹ ਕਦਮ ਉਠਾਉਣ 'ਚ ਐਨੀ ਦੇਰੀ ਕਿਉਂ ਕੀਤੀ? ਪਾਰਟੀ ਦੇ ਬੁਲਾਰੇ ਤੇ ਵਿਧਾਇਕ ਪ੍ਰੋ. ਬਲਜਿੰਦਰ ਕੌਰ, ਕੁਲਤਾਰ ਸਿੰਘ ਸੰਧਵਾਂ, ਮਨਜੀਤ ਸਿੰਘ ਬਿਲਾਸਪੁਰ, ਜੈ ਕ੍ਰਿਸ਼ਨ ਸਿੰਘ ਰੋੜੀ, ਕੁਲਵੰਤ ਸਿੰਘ ਪੰਡੋਰੀ ਤੇ ਜੋਨ ਪ੍ਰਧਾਨ ਗੁਰਦਿੱਤ ਸਿੰਘ ਸੇਖੋਂ ਨੇ ਕਿਹਾ ਕਿ ਪਾਰਟੀ ਕੇਂਦਰ ਸਰਕਾਰ ਦੇ ਫ਼ੈਸਲੇ ਦਾ ਸਵਾਗਤ ਕਰਦੀ ਹੈ। ਇਸ ਫ਼ੈਸਲੇ ਨਾਲ ਵਿਦੇਸ਼ਾਂ 'ਚ ਬੈਠੇ ਪੰਜਾਬੀ ਖ਼ਾਸ ਕਰਕੇ ਸਿੱਖ ਪਰਿਵਾਰ ਵਤਨ ਆ ਸਕਣਗੇ। ਉਨ੍ਹਾਂ ਕਿਹਾ ਕਿ ਹੋਰ ਵੀ ਬਿਹਤਰ ਹੁੰਦਾ ਜੇਕਰ ਕਾਂਗਰਸੀ ਤੇ ਭਾਜਪਾ ਦੀਆਂ ਸਮੇਂ-ਸਮੇਂ ਦੀਆਂ ਸਰਕਾਰ ਇਹ ਫ਼ੈਸਲਾ ਪਹਿਲਾਂ ਹੀ ਲੈ ਲੈਂਦੀਆਂ। 'ਆਪ' ਆਗੂਆਂ ਨੇ ਕਿਹਾ ਕਿ ਅਜਿਹੇ ਫ਼ੈਸਲਿਆਂ 'ਤੇ ਵੀ ਕਾਂਗਰਸ, ਅਕਾਲੀ ਦਲ ਬਾਦਲ ਤੇ ਭਾਜਪਾ ਆਪਣੇ ਸਿਆਸੀ ਹਿੱਤਾਂ ਲਈ 'ਸਿਹਰਾ ਲੈਣ' ਦੀ ਹੋੜ 'ਚ ਪੈ ਗਈਆਂ ਹਨ। ਇਨ੍ਹਾਂ ਰਿਵਾਇਤੀ ਪਾਰਟੀਆਂ ਨੂੰ ਅਜਿਹੇ ਸੰਵੇਦਨਸ਼ੀਲ ਮੁੱਦਿਆਂ 'ਤੇ ਵੀ ਸਿਆਸਤ ਕਰਨ ਤੋਂ ਪ੍ਰਹੇਜ ਕਰਨਾ ਚਾਹੀਦਾ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਤੇ ਸ੍ਰੀ ਕਰਤਾਰਪੁਰ ਕੋਰੀਡੋਰ 'ਤੇ ਵੀ ਇਨ੍ਹਾਂ ਵੱਲੋਂ ਕੀਤੀ ਜਾ ਰਹੀ ਸਿਆਸਤ ਦੀ ਹਰ ਪਾਸੇ ਆਲੋਚਨਾ ਹੋ ਰਹੀ ਹੈ।