APP MLA Video Viral: ਹੁਣ ਇੱਕ ਹੋਰ 'ਆਪ' ਵਿਧਾਇਕ ਦੀ ਵੀਡੀਓ ਵਾਇਰਲ ਹੋ ਗਈ ਹੈ। ਇਸ ਵੀਡੀਓ ਵਿੱਚ ਹੁਣ ਬੱਲੂਆਣਾ ਤੋਂ 'ਆਪ' ਵਿਧਾਇਕ ਅਮਨਦੀਪ ਸਿੰਘ ਗੋਲਡੀ ਮੁਸਾਫ਼ਿਰ ਕਿਸਾਨ ਨਾਲ ਔਖਾ-ਸੌਖਾ ਹੋ ਰਿਹਾ ਹੈ। ਵਿਧਾਇਕ ਗੋਲਡੀ ਇੰਨੇ ਤੈਸ਼ ਵਿੱਚ ਆ ਜਾਂਦਾ ਹੈ ਕਿ ਕਿਸਾਨ ਨੂੰ ਕਹਿੰਦਾ ਹੈ...‘ਤੁਸੀ ਆ ਜਾਂਦੇ ਹੋ ਹਰ ਥਾਂ, ਗੰਦ ਪਾਉਣ’। ਇਹ ਵੀਡੀਓ ਕਾਫੀ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਨੂੰ ਵਿਧਾਇਕ ਸੰਦੀਪ ਜਾਖੜ ਨੇ ਵੀ ਸ਼ੇਅਰ ਕੀਤਾ ਹੈ।
ਦੱਸ ਦਈਏ ਕਿ ਚਮਕੌਰ ਸਾਹਿਬ ਤੋਂ ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕ ਡਾ. ਚਰਨਜੀਤ ਸਿੰਘ ਦੀ ਪਿੰਡ ਦੇ ਨੌਜਵਾਨ ਨਾਲ ਬਹਿਸ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਹੁਣ ਬੱਲੂਆਣਾ ਤੋਂ 'ਆਪ' ਵਿਧਾਇਕ ਅਮਨਦੀਪ ਸਿੰਘ ਗੋਲਡੀ ਮੁਸਾਫ਼ਿਰ ਦੀ ਵੀਡੀਓ ਵੀ ਵਾਇਰਲ ਹੋ ਰਹੀ ਹੈ। ਅਬੋਹਰ ਤੋਂ ਵਿਧਾਇਕ ਸੰਦੀਪ ਜਾਖੜ ਨੇ ਖੁਦ ਇਸ ਵੀਡੀਓ ਨੂੰ ਸ਼ੇਅਰ ਕੀਤਾ ਹੈ। ਵੀਡੀਓ ਦੇ ਨਾਲ ਹੀ ਵਿਧਾਇਕ ਜਾਖੜ ਨੇ ਗੋਲਡੀ ਮੁਸਾਫਿਰ 'ਤੇ ਵੀ ਚੁਟਕੀ ਲਈ ਹੈ।
ਹਾਸਲ ਜਾਣਕਾਰੀ ਅਨੁਸਾਰ ਇਹ ਘਟਨਾ ਫਾਜ਼ਿਲਕਾ ਅਧੀਨ ਪੈਂਦੇ ਪਿੰਡ ਭਾਵਵਾਲਾ ਵਿੱਚ ਵਾਪਰੀ ਦੱਸੀ ਜਾ ਰਹੀ ਹੈ। ਇਸ ਇਲਾਕੇ ਵਿੱਚ ਪਾਣੀ ਦੀ ਸਮੱਸਿਆ ਹੈ। ਇਲਾਕੇ ਦੀ ਨਹਿਰ ਪਿਛਲੇ ਕਾਫੀ ਸਮੇਂ ਤੋਂ ਬੰਦ ਪਈ ਹੈ। ਇੱਥੇ ਵਿਧਾਇਕ ਅਮਨਦੀਪ ਸਿੰਘ ਗੋਲਡੀ ਮੁਸਾਫ਼ਿਰ ਦਾ ਪ੍ਰੋਗਰਾਮ ਕਰਵਾਇਆ ਗਿਆ ਤਾਂ ਪਿੰਡ ਦੇ ਕਿਸਾਨ ਨਿਰਮਲ ਸਿੰਘ ਨਹਿਰ ਬਾਰੇ ਸਵਾਲ ਪੁੱਛਣ ਲੱਗੇ।
ਵਿਧਾਇਕ ਸੰਦੀਪ ਜਾਖੜ ਨੇ ਕਿਹਾ, 'ਆਪ' ਵਿਧਾਇਕ ਬੱਲੂਆਣਾ ਦਾ ਸਰਾਸਰ ਹੰਕਾਰ ਹੈ। ਜਦੋਂ ਕਿਸਾਨ ਨਿਰਮਲ ਸਿੰਘ ਨੇ ਲੰਬੇ ਸਮੇਂ ਤੋਂ ਬੰਦ ਪਈ ਨਹਿਰ ਬਾਰੇ ਪੁੱਛਿਆ ਤਾਂ ਵਿਧਾਇਕ ਨੇ ਕਿਹਾ ‘ਤੁਸੀ ਆ ਜਾਂਦੇ ਹੋ ਹਰ ਥਾਂ, ਗੰਦ ਪਾਉਣ’। ਉਹ ਇੰਨੀ ਜਲਦੀ ਭੁੱਲ ਗਏ ਕਿ ਉਨ੍ਹਾਂ ਨੂੰ ਸੱਤਾ ਦੇ ਇਸ ਅਹੁਦੇ 'ਤੇ ਕਿਸ ਨੇ ਬਿਠਾਇਆ।
ਦੱਸ ਦਈਏ ਕਿ ਇਸ ਤੋਂ ਪਹਿਲਾਂ ਚਮਕੌਰ ਸਾਹਿਬ 'ਚ ਵਿਧਾਇਕ ਡਾ. ਚਰਨਜੀਤ ਸਿੰਘ ਤੇ ਉਨ੍ਹਾਂ ਦੇ ਹੀ ਹਲਕੇ ਲੋਕਾਂ ਵਿਚਾਲੇ ਹੋਈ ਬਹਿਸ ਦਾ ਵੀਡੀਓ ਵਾਇਰਲ ਹੋਇਆ ਸੀ। ਗੁੱਸੇ ਵਿੱਚ ਵਿਧਾਇਕ ਨੇ ਇੱਕ ਨੌਜਵਾਨ ਵੱਲ ਇਸ਼ਾਰਾ ਕੀਤਾ ਤੇ ਕਿਹਾ ਕਿ ਪਹਿਲਾਂ ਉਸ ਨੂੰ ਲੈ ਕੇ ਜਾਓ। ਇਸ ਤੋਂ ਬਾਅਦ ਨੌਜਵਾਨ ਵੀ ਸਿੱਧਾ ਹੋ ਗਿਆ। ਵੀਡੀਓ 'ਚ ਨੌਜਵਾਨ ਦੀ ਸਿਰਫ ਆਡੀਓ ਹੀ ਸੁਣਾਈ ਦੇ ਰਹੀ ਹੈ।
ਇਸ ਆਡੀਓ 'ਚ ਨੌਜਵਾਨ ਨੇ ਕਿਹਾ ਸੀ ਕਿੱਥੇ ਸਰ। ਆਜਾ ਲੈ ਜਾ। ਇਸ 'ਤੇ ਵਿਧਾਇਕ ਨੇ ਗੁੱਸੇ 'ਚ ਆ ਕੇ ਕਿਹਾ ਬੋਲਦਾ ਕਿਵੇਂ ਏਂ। ਵੀਡੀਓ ਦੇ ਅੰਤ 'ਚ ਨੌਜਵਾਨ ਨੂੰ ਇਹ ਕਹਿੰਦੇ ਸੁਣਿਆ ਜਾਂਦਾ ਹੈ- MLA ਹੋਵੇਗਾਂ...ਘਰ 'ਚ ਹੋਏਂਗਾ।