ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵਿਦੇਸ਼ ਮੰਤਰੀ ਡਾ. ਐਸ ਜੈਸ਼ੰਕਰ ਨੂੰ ''ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਅਫ਼ਗ਼ਾਨਿਸਤਾਨ ਵਿੱਚ ਫਸੇ ਲਗਪਗ 200 ਸਿੱਖਾਂ ਸਮੇਤ ਸਾਰੇ ਭਾਰਤੀਆਂ ਨੂੰ ਤੁਰੰਤ ਕੱਢਣ ਦੀ ਅਪੀਲ ਕੀਤੀ ਹੈ। ਇਸ ਨਾਲ ਹੀ ਕਿਹਾ ਹੈ ਕਿ ਸਾਡੀ ਸਰਕਾਰ ਹਰ ਮਦਦ ਲਈ ਤਿਆਰ ਹੈ।


ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕਰਦਿਆਂ ਕਿਹਾ ਕਿ ਅਫ਼ਗ਼ਾਨਿਸਤਾਨ ਵਿੱਚ ਫਸੇ ਲਗਪਗ 200 ਸਿੱਖਾਂ ਸਮੇਤ ਸਾਰੇ ਭਾਰਤੀਆਂ ਨੂੰ ਤੁਰੰਤ ਕੱਢਣ ਦਾ ਪ੍ਰਬੰਧ ਕੀਤੇ ਜਾਣ।







ਇਸ ਦੇ ਨਾਲ ਹੀ ਕੈਪਟਨ ਅਮਰਿੰਦਰ ਨੇ ਕੇਂਦਰ ਸਰਕਾਰ ਨੂੰ ਖ਼ਬਰਦਾਰ ਕੀਤਾ ਹੈ ਕਿ ਅਫ਼ਗ਼ਾਨਿਸਤਾਨ ਦੇ ਮੁੜ ਤਾਲਿਬਾਨੀ ਲੜਾਕਿਆਂ ਦੇ ਹੱਥ ਆਉਣਾ ਭਾਰਤ ਲਈ ਸ਼ੁਭ ਸੰਕੇਤ ਨਹੀਂ। ਮੁੱਖ ਮੰਤਰੀ ਨੇ ਟਵੀਟ ਕਰਕੇ ਕਿਹਾ ਹੈ ਕਿ ਹਾਲਾਤ ਨੂੰ ਵੇਖਦਿਆਂ ਸਰਹੱਦਾਂ 'ਤੇ ਚੌਕਸੀ ਵਧਾਉਣ ਦੀ ਲੋੜ ਹੈ।

ਮੁੱਖ ਮੰਤਰੀ ਨੇ ਟਵੀਟ ਕੀਤਾ, ‘‘ਅਫ਼ਗ਼ਾਨਿਸਤਾਨ ਦੇ ਤਾਲਿਬਾਨ ਦੇ ਹੱਥਾਂ ਵਿੱਚ ਜਾਣਾ ਸਾਡੇ ਮੁਲਕ ਲਈ ਸ਼ੁਭ ਸੰਕੇਤ ਨਹੀਂ। ਇਹ ਭਾਰਤ ਖਿਲਾਫ਼ ਚੀਨ-ਪਾਕਿ ਗੱਠਜੋੜ ਨੂੰ ਮਜ਼ਬੂਤ ਕਰੇਗਾ (ਕਿਉਂ ਜੋ ਚੀਨ, ਉਇਗਰ ਮਾਮਲੇ ਵਿੱਚ ਪਹਿਲਾਂ ਹੀ ਮਿਲੀਸ਼ੀਆ ਦੀ ਮਦਦ ਮੰਗ ਚੁੱਕਾ ਹੈ)। ਇਹ ਚੰਗੇ ਸੰਕੇਤ ਨਹੀਂ ਹਨ, ਤੇ ਸਾਨੂੰ ਆਪਣੀ ਸਾਰੀਆਂ ਸਰਹੱਦਾਂ ’ਤੇ ਵਧੇਰੇ ਚੌਕਸ ਰਹਿਣ ਦੀ ਲੋੜ ਹੈ।’








ਦੱਸ ਦਈਏ ਕਿ ਤਾਲਿਬਾਨ ਲੜਾਕਿਆਂ ਦੇ ਅਫ਼ਗ਼ਾਨਿਸਤਾਨ ਦੀ ਰਾਜਧਾਨੀ ਕਾਬੁਲ ਵਿੱਚ ਦਾਖ਼ਲ ਹੋਣ ਮਗਰੋਂ ਅਫ਼ਗ਼ਾਨ ਸਦਰ ਅਸ਼ਰਫ਼ ਗਨੀ ਮੁਲਕ ਛੱਡ ਕੇ ਭੱਜ ਗਏ ਹਨ। ਗਨੀ ਨੇ ਕਿਹਾ ਕਿ ਉਹ ਮੁਲਕ ਛੱਡ ਕੇ ਜਾ ਰਹੇ ਹਨ ਤਾਂ ਕਿ ਸ਼ਹਿਰ ਵਿੱਚ ਖ਼ੂਨ-ਖਰਾਬਾ ਨਾ ਹੋਵੇ। ਇਸ ਦੌਰਾਨ ਮੁਲਕ ਛੱਡਣ ਲਈ ਕਾਹਲੇ ਸੈਂਕੜੇ ਅਫ਼ਗ਼ਾਨ ਕਾਬੁਲ ਹਵਾਈ ਅੱਡੇ ’ਤੇ ਇਕੱਠੇ ਹੋ ਗਏ ਹਨ। ਉਧਰ ਤਾਲਿਬਾਨੀ ਲੜਾਕਿਆਂ ਨੇ ਕਾਬੁਲ ਵਿੱਚ ਰਾਸ਼ਟਰਪਤੀ ਪੈਲੇਸ ਦਾ ਕੰਟਰੋਲ ਆਪਣੇ ਹੱਥਾਂ ਵਿੱਚ ਲੈਣ ਮਗਰੋਂ ਅਫ਼ਗ਼ਾਨਿਸਤਾਨ ਵਿੱਚ ਜੰਗ ਖ਼ਤਮ ਹੋਣ ਦਾ ਐਲਾਨ ਕਰ ਦਿੱਤਾ ਹੈ।