ਲਹਿਰਾਗਾਗਾ: ਇੱਕ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਰਿਸ਼ਵਤ ਖ਼ਤਮ ਕਰਨ ਲਈ ਜ਼ੋਰ ਲਾਇਆ ਜਾ ਰਿਹਾ ਹੈ ਜਿਸ ਸਬੰਧੀ ਵਟਸਐਪ ਨੰਬਰ ਵੀ ਜਾਰੀ ਕੀਤਾ ਗਿਆ ਹੈ, ਪਰ ਦੂਜੇ ਪਾਸੇ ਜੇਕਰ ਅਫ਼ਸਰ ਰਿਸ਼ਵਤ ਨਹੀਂ ਲੈਂਦੇ ਤਾਂ ਉਨ੍ਹਾਂ ਦੇ ਨਾਮ ਵਰਤ ਕੇ ਹੋਰ ਹੀ ਰਿਸ਼ਵਤ ਲੈ ਜਾਂਦੇ ਹਨ। ਇਸ ਕਾਰਨ ਅਫ਼ਸਰਾਂ ਤੇ ਸਰਕਾਰ ਦਾ ਨਾਮ ਬਦਨਾਮ ਹੋ ਰਿਹਾ ਹੈ। ਇਸ ਦੇ ਚੱਲਦਿਆਂ ਸਥਾਨਕ ਸ਼ਹਿਰ ਦੀ ਤਹਿਸੀਲ ਨਾਲ ਸਬੰਧਤ ਇੱਕ ਅਰਜ਼ੀ ਨਵੀਸ ਵੱਲੋਂ ਤਹਿਸੀਲਦਾਰ ਦੇ ਨਾਮ 'ਤੇ ਲਏ ਪੈਸਿਆਂ ਦੀ ਵੀਡੀਓ ਖੂਬ ਵਾਇਰਲ ਹੋ ਰਹੀ ਹੈ ਜਿਸ ਕਾਰਨ ਪੂਰੀ ਤਹਿਸੀਲ ਵਿੱਚ ਹੜਕੰਪ ਮਚਿਆ ਹੋਇਆ ਹੈ।



ਹਾਸਲ ਜਾਣਕਾਰੀ ਅਨੁਸਾਰ ਅਰਜ਼ੀ ਨਵੀਸ ਅਵਤਾਰ ਸਿੰਘ ਜੋ ਡਸਕਾ ਪਿੰਡ ਦੇ ਇੱਕ ਕਿਸਾਨ ਸੋਹਣ ਸਿੰਘ ਤੋਂ ਦੋ ਕਨਾਲ ਜ਼ਮੀਨ ਦੀ ਰਜਿਸਟਰੀ ਕਰਵਾਉਣ ਬਦਲੇ ਤਹਿਸੀਲਦਾਰ ਦੇ ਨਾਮ 'ਤੇ 4000 ਰੁਪਏ ਦੀ ਮੰਗ ਕਰਦਾ ਹੈ ਤੇ 2000 ਰੁਪਏ ਲੈ ਲੈਂਦਾ ਹੈ। ਵੀਡੀਓ ਵਿੱਚ ਪੈਸੇ ਲੈਂਦੇ ਵੀ ਵਿਖਾਏ ਹਨ ਜਿਸ ਵਿੱਚ ਅਰਜ਼ੀ ਨਵੀਸ ਅਵਤਾਰ ਸਿੰਘ ਕਹਿ ਰਿਹਾ ਹੈ ਕਿ ਤਹਿਸੀਲਦਾਰ ਇਸ ਤੋਂ ਘੱਟ ਨਹੀਂ ਮੰਨਦਾ।

ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਤਹਿਸੀਲ ਲਹਿਰਾ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਹਰ ਸਮੇਂ ਸੁਰਖੀਆਂ ਵਿੱਚ ਰਹਿੰਦਾ ਹੈ। ਇਸ ਸਮੇਂ ਮੌਕੇ 'ਤੇ ਜਾ ਕੇ ਦੇਖਿਆ ਤਾਂ ਸਬੰਧਤ ਅਰਜ਼ੀਨਵੀਸ ਆਪਣੇ ਚੈਂਬਰ ਨੂੰ ਜੰਦਰਾ ਲਾ ਕੇ ਰਫੂਚੱਕਰ ਹੋ ਚੁੱਕਿਆ ਸੀ ਤੇ ਆਪਣਾ ਬਾਹਰ ਲੱਗਿਆ ਬੋਰਡ ਵੀ ਲਾਹ ਕੇ ਲੈ ਗਿਆ। ਜਦੋਂ ਉਨ੍ਹਾਂ ਦਾ ਪੱਖ ਜਾਣਨਾ ਚਾਹਿਆ ਤਾਂ ਮੋਬਾਈਲ ਵੀ ਬੰਦ ਆ ਰਿਹਾ ਸੀ।
 
ਰਿਸ਼ਵਤ ਲੈਣ ਸਬੰਧੀ ਤਹਿਸੀਲਦਾਰ ਲਹਿਰਾ ਦਾ ਕੀ ਕਹਿਣਾ ਹੈ ਜਦੋਂ ਇਸ ਬਾਰੇ ਨਾਇਬ ਤਹਿਸੀਲਦਾਰ ਬਲਕਾਰ ਸਿੰਘ ਤੋਂ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਕੱਲ੍ਹ ਮੈਂ 59 ਰਜਿਸਟਰੀਆਂ ਕੀਤੀਆਂ ਸਨ। ਡਸਕੇ ਦੇ ਕਿਸਾਨ ਦੀ ਦਸਵੇਂ ਨੰਬਰ 'ਤੇ ਰਜਿਸਟਰੀ ਵੀ ਕੀਤੀ ਜਾ ਚੁੱਕੀ ਸੀ। ਉਸ ਉਪਰੰਤ ਕਿਸਾਨ ਨੇ ਮੈਨੂੰ ਆ ਕੇ ਦੱਸਿਆ ਕਿ ਅਵਤਾਰ ਸਿੰਘ ਅਰਜ਼ੀ ਨਵੀਸ ਮੈਥੋਂ ਤੁਹਾਡੇ ਨਾਮ 'ਤੇ ਰੁਪਏ ਮੰਗਦਾ ਹੈ। ਮੈਂ ਕਿਹਾ ਕਿ ਕਿਸੇ ਨੂੰ ਪੰਜ ਪੈਸੇ ਦੇਣ ਦੀ ਲੋੜ ਨਹੀਂ। ਮੈਂ ਤੁਰੰਤ ਅਰਜ਼ੀ ਨਵੀਸ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰਦਿਆਂ ਉੱਚ ਅਫ਼ਸਰਾਂ ਦੇ ਲਿਖਤੀ ਧਿਆਨ ਵਿੱਚ ਲਿਆ ਦਿੱਤਾ ਹੈ। ਮੇਰਾ ਆਰ ਸੀ, ਰੀਡਰ, ਸੇਵਾਦਾਰ ਜਾਂ ਕੋਈ ਹੋਰ ਕਿਸੇ ਤੋਂ ਪੈਸਿਆਂ ਦੀ ਮੰਗ ਕਰਦਾ ਹੈ, ਜਾਂ ਕੋਈ ਮੇਰੇ ਨਾਮ 'ਤੇ ਪੈਸੇ ਮੰਗਦਾ ਹੈ ਤਾਂ ਮੈਨੂੰ ਤੁਰੰਤ ਦੱਸਿਆ ਜਾਵੇ। ਰਿਸ਼ਵਤ ਨਾ ਦੇਣ ਬਾਰੇ ਦਫ਼ਤਰ ਵਿੱਚ ਫਲੈਕਸਾਂ ਵੀ ਲੱਗੀਆਂ ਹੋਈਆਂ ਹਨ। ਦੋਸ਼ੀ ਪਾਏ ਜਾਣ 'ਤੇ ਇਸ ਅਰਜ਼ੀ ਨਵੀਸ ਦਾ ਲਾਇਸੰਸ ਰੱਦ ਕੀਤਾ ਜਾਵੇਗਾ।