Khanna News : ਪੰਜਾਬ ਵਿੱਚ 1 ਅਪ੍ਰੈਲ ਤੋਂ ਕਣਕ ਦੀ ਸਰਕਾਰੀ ਖਰੀਦ ਸ਼ੁਰੂ ਹੋ ਰਹੀ ਹੈ ਪਰ ਇਸ ਸੀਜ਼ਨ ਤੋਂ ਠੀਕ ਪਹਿਲਾਂ ਆੜਤੀਆਂ ਵੱਲੋਂ ਮੁਕੰਮਲ ਹੜਤਾਲ ‘ਤੇ ਜਾਣ ਦਾ ਐਲਾਨ ਕਰ ਦਿੱਤਾ ਗਿਆ ਹੈ। ਜਾਣਕਾਰੀ ਅਨੁਸਾਰ ਕੱਲ੍ਹ ਤੋਂ ਸੂਬੇ ਭਰ ਵਿੱਚ ਆੜਤੀਆਂ ਹੜਤਾਲ ‘ਤੇ ਰਹਿਣਗੇ, ਜਿਸ ਕਾਰਨ ਕਣਕ ਦੀ ਖਰੀਦ, ਸਫਾਈ ਅਤੇ ਭਰਾਈ ਦਾ ਸਾਰਾ ਕੰਮ ਠੱਪ ਰਹੇਗਾ।

Continues below advertisement

ਹਾਲਾਂਕਿ ਆੜਤੀਆਂ ਨੇ ਕਿਸਾਨਾਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਇੱਕ ਵੱਡਾ ਫੈਸਲਾ ਵੀ ਲਿਆ ਹੈ। ਮੰਡੀਆਂ ਵਿੱਚ ਆ ਰਹੀ ਸਰੋਂ ਅਤੇ ਜੌਂ ਦੀ ਫਸਲ ਦੀ ਖਰੀਦ ਜਾਰੀ ਰਹੇਗੀ, ਕਿਉਂਕਿ ਇਹ ਫਸਲ ਜ਼ਿਆਦਾ ਸਮੇਂ ਤੱਕ ਪਈ ਰਹਿਣ ਨਾਲ ਖਰਾਬ ਹੋ ਸਕਦੀ ਹੈ। ਇਸ ਲਈ ਇਹ ਫੈਸਲਾ ਕਿਸਾਨਾਂ ਦੇ ਨੁਕਸਾਨ ਤੋਂ ਬਚਾਅ ਲਈ ਲਿਆ ਗਿਆ ਹੈ।

ਖੰਨਾ ਆੜਤੀ ਐਸੋਸੀਏਸ਼ਨ ਦੇ ਪ੍ਰਧਾਨ ਹਰਬੰਸ ਸਿੰਘ ਰੋਸ਼ਾ ਨੇ ਦੱਸਿਆ ਕਿ ਕੁਝ ਸਾਲ ਪਹਿਲਾਂ ਆੜਤੀਆਂ ਦੀ ਕਮਿਸ਼ਨ ਢਾਈ ਫੀਸਦੀ ਤੋਂ ਘਟਾ ਕੇ ਸਿਰਫ 46 ਰੁਪਏ ਪ੍ਰਤੀ ਕੁਇੰਟਲ ਕਰ ਦਿੱਤੀ ਗਈ ਸੀ, ਜਿਸ ਤੋਂ ਬਾਅਦ ਤੋਂ ਹੀ ਸੰਘਰਸ਼ ਜਾਰੀ ਹੈ। ਹਾਲ ਹੀ ਵਿੱਚ ਐਫਸੀਆਈ ਵੱਲੋਂ 4 ਰੁਪਏ 75 ਪੈਸੇ ਦਾ ਵਾਧਾ ਕੀਤਾ ਗਿਆ ਹੈ ਪਰ ਇਹ ਬਹੁਤ ਘੱਟ ਹੈ।

Continues below advertisement

ਉਹਨਾਂ ਦੀ ਮੁੱਖ ਮੰਗ ਹੈ ਕਿ ਹਰਿਆਣਾ ਦੀ ਤਰ੍ਹਾਂ ਪੰਜਾਬ ਵਿੱਚ ਵੀ ਕਮਿਸ਼ਨ 55 ਰੁਪਏ ਪ੍ਰਤੀ ਕੁਇੰਟਲ ਕੀਤੀ ਜਾਵੇ। ਨਾਲ ਹੀ, ਕੇਂਦਰ ਸਰਕਾਰ ਵੱਲੋਂ ਲਾਗੂ ਕੀਤੇ ਜਾ ਰਹੇ ਈਪੀਐਫ ਨਿਯਮਾਂ ਤੋਂ ਆੜਤੀਆਂ ਨੂੰ ਬਾਹਰ ਰੱਖਣ ਅਤੇ ਜਾਰੀ ਨੋਟਿਸ ਰੱਦ ਕਰਨ ਦੀ ਮੰਗ ਵੀ ਕੀਤੀ ਗਈ ਹੈ। ਆੜਤੀਆਂ ਦਾ ਕਹਿਣਾ ਹੈ ਕਿ ਜਦ ਤੱਕ ਇਹ ਮੰਗਾਂ ਪੂਰੀਆਂ ਨਹੀਂ ਹੁੰਦੀਆਂ, ਹੜਤਾਲ ਜਾਰੀ ਰਹੇਗੀ।

ਦੂਜੇ ਪਾਸੇ ਦਾਣਾ ਮੰਡੀ ਖੰਨਾ ਵਿੱਚ ਕਿਸਾਨਾਂ ਨੇ ਚਿੰਤਾ ਜਤਾਈ ਹੈ ਕਿ ਜੇ ਹੜਤਾਲ ਲੰਬੀ ਚੱਲੀ ਤਾਂ ਕਣਕ ਦੀ ਫਸਲ ਨੂੰ ਨੁਕਸਾਨ ਹੋ ਸਕਦਾ ਹੈ ਅਤੇ ਮੰਡੀਆਂ ਵਿੱਚ ਭਾਰੀ ਭੀੜ ਅਤੇ ਅਵਿਵਸਥਾ ਪੈਦਾ ਹੋ ਸਕਦੀ ਹੈ। ਕਿਸਾਨਾਂ ਨੇ ਸਰਕਾਰ ਤੋਂ ਤੁਰੰਤ ਦਖਲ ਦੇ ਕੇ ਮਸਲੇ ਦਾ ਹੱਲ ਕਰਨ ਦੀ ਮੰਗ ਕੀਤੀ ਹੈ।

ਵਰਨਣਯੋਗ ਹੈ ਕਿ ਖੰਨਾ ਦੀ ਦਾਣਾ ਮੰਡੀ ਏਸ਼ੀਆ ਦੀ ਸਭ ਤੋਂ ਵੱਡੀ ਮੰਡੀ ਮੰਨੀ ਜਾਂਦੀ ਹੈ, ਜਿੱਥੇ ਕਰੀਬ 300 ਆੜਤੀ ਅਤੇ 6 ਤੋਂ 8 ਹਜ਼ਾਰ ਕਿਸਾਨ ਜੁੜੇ ਹੋਏ ਹਨ। ਹੜਤਾਲ ਦੇ ਕਾਰਨ ਇਸ ਵੱਡੇ ਖੇਤਰ ਦੇ ਕਿਸਾਨਾਂ ‘ਤੇ ਸਿੱਧਾ ਅਸਰ ਪੈ ਸਕਦਾ ਹੈ।