ਲੁਧਿਆਣਾ: ਫਸਲ ਦੀ ਸਿੱਧੀ ਅਦਾਇਗੀ ਦੇ ਮੁੱਦੇ 'ਤੇ ਆੜ੍ਹਤੀਆਂ ਨੇ ਆਪਣੀ ਹੜਤਾਲ ਵਾਪਸ ਲੈ ਲਈ ਹੈ। ਦੱਸ ਦਈਏ ਕਿ ਇਸ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਨੇ 131 ਕਰੋੜ ਰੁਪਏ ਦਾ ਅਦਾ ਕਰਨ ਦਾ ਭਰੋਸਾ ਦਿੱਤਾ ਹੈ ਜਿਸ ਤੋਂ ਬਾਅਦ ਆੜ੍ਹਤੀ ਐਸੋਸੀਏਸ਼ਨ ਨੇ ਹੜਤਾਲ ਖ਼ਤਮ ਕਰਨ ਦਾ ਫੈਸਲਾ ਕੀਤਾ। ਦੱਸ ਦਈਏ ਕਿ ਆੜ੍ਹਤੀ ਐਸੋਸੀਏਸ਼ਨ ਦੀ ਮੀਟਿੰਗ ਲੁਧਿਆਣਾ 'ਚ ਹੋ ਰਹੀ ਸੀ। ਇਸ ਦੇ ਨਾਲ ਹੀ ਪੰਜਾਬ ਸਰਕਾਰ ਦੇ ਮੰਤਰੀ ਭਾਰਤ ਭੂਸ਼ਣ ਆਸ਼ੂ ਪੰਜਾਬ ਦੇ ਰਾਜਪੂਰਾ ਅਨਾਜ ਮੰਡੀ 'ਚ ਕਣਕ ਦੀ ਖਰੀਦ ਸ਼ੁਰੂ ਕਰਵਾਉਣਗੇ। ਇਸ ਦੌਰਾਨ ਉਨ੍ਹਾਂ ਦੇ ਨਾਲ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਵੀ ਮੌਜੂਦ ਹੋਣਗੇ।
ਲੁਧਿਆਣਾ ਦੇ ਵਿਚ ਆੜ੍ਹਤੀ ਐਸੋਸੀਏਸ਼ਨ ਅਤੇ ਮੁੱਖ ਮੰਤਰੀ ਪੰਜਾਬ ਦੀ ਵੀਡੀਓ ਕਾਨਫਰੰਸ ਮਗਰੋਂ ਦੋਵਾਂ ਧਿਰਾਂ 'ਚ ਬਣੀ ਸਹਿਮਤੀ, ਜਿਸ ਤੋਂ ਬਾਅਦ ਆੜ੍ਹਤੀਆਂ ਨੇ ਹੜਤਾਲ ਖ਼ਤਮ ਕਰਨ ਦਾ ਐਲਾਨ ਕਰ ਦਿੱਤਾ ਹੈ। ਦੱਸ ਦਈਏ ਕਿ ਪੰਜਾਬ ਸਰਕਾਰ ਆੜ੍ਹਤੀਆਂ ਨੂੰ ਬਕਾਇਆ ਦਵੇਗੀ। ਇਸ ਦੇ ਨਾਲ ਹੀ ਪੰਜਾਬ ਦੇ ਰਾਜਪੂਰਾ ਤੋਂ ਪਹਿਲੀ ਬੋਲੀ ਲਾਈ ਜਾਵੇਗੀ।
ਲੁਧਿਆਣਾ ਵਿੱਚ ਸ਼ਨੀਵਾਰ ਨੂੰ ਆੜ੍ਹਤੀ ਐਸੋਸੀਏਸ਼ਨ ਦੀ ਅਹਿਮ ਮੀਟਿੰਗ ਹੋਈ। ਜਿਸ 'ਚ ਪੰਜਾਬ ਦੇ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਅਤੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਹਿੱਸਾ ਲਿਆ। ਦੱਸ ਦਈਏ ਕਿ ਇਸ ਦੌਰਾਨ ਕੈਬਨਿਟ ਮੰਤਰੀ ਆਸ਼ੂ ਲੁਧਿਆਣਾ ਤੋਂ ਜਦੋਂ ਕਿ ਮੁੱਖ ਮੰਤਰੀ ਪੰਜਾਬ ਵੀਡਿਓ ਕਾਨਫਰੰਸ ਰਾਹੀਂ ਆੜ੍ਹਤੀਆਂ ਦੇ ਮੁਖਾਤਿਬ ਹੋਏ। ਮੀਟਿੰਗ ਦੌਰਾਨ ਸੂਬਾ ਸਰਕਾਰ ਨੇ ਇਹ ਫ਼ੈਸਲਾ ਲਿਆ ਕਿ ਪੰਜਾਬ ਸਰਕਾਰ ਆੜ੍ਹਤੀਆਂ ਦੀ ਬਕਾਇਆ ਰਾਸ਼ੀ 131 ਕਰੋੜ ਰੁਪਏ ਜਾਰੀ ਕਰੇਗੀ। ਇੰਨਾ ਹੀ ਨਹੀਂ ਇਸ ਸਾਲ ਦੀ ਫਸਲ 'ਚ ਵੀ ਜੋ ਆੜ੍ਹਤੀਆਂ ਦਾ ਬਣਦਾ ਹੱਕ ਹੋਵੇਗਾ ਸਰਕਾਰ ਵਲੋਂ ਆੜ੍ਹਤੀਆਂ ਨੂੰ ਦੇਣ ਦਾ ਫ਼ੈਸਲਾ ਲਿਆ ਹੈ। ਹਾਲਾਂਕਿ ਇਹ ਅਦਾਇਗੀ ਕਿਸਾਨਾਂ ਦੇ ਰਾਹੀਂ ਹੀ ਹੋਵੇਗੀ ਪਰ ਆੜ੍ਹਤੀਆਂ ਨੂੰ ਉਨ੍ਹਾਂ ਦੀ ਆੜ੍ਹਤ ਵੱਖਰੀ ਦਿੱਤੀ ਜਾਵੇਗੀ।
ਪੰਜਾਬ ਦੇ ਖੁਰਾਕ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਕਿਹਾ ਹੈ ਕਿ ਉਹ ਰਾਜਪੂਰਾ ਬੋਲੀ ਲਵਾਉਣ ਲਈ ਜਾ ਰਹੇ ਹਨ। ਲੁਧਿਆਣਾ 'ਚ ਹੋਈ ਮੀਟਿੰਗ 'ਚ ਆੜ੍ਹਤੀਆਂ ਨੇ ਆਪਣੀ ਹੜਤਾਲ ਖਤਮ ਕਰਕੇ ਸਰਕਾਰ ਦੀ ਗੱਲ ਮੰਨ ਲਈ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਜਿਵੇਂ ਪਹਿਲਾਂ ਆੜ੍ਹਤੀਆਂ ਨੂੰ ਅਦਾਇਗੀ ਹੁੰਦੀ ਸੀ ਉਸੇ ਤਰ੍ਹਾਂ ਹੋਵੇਗੀ ਪਰ ਇਸ ਵਿੱਚ ਜੋ ਅਦਾਇਗੀ ਹੋਵੇਗੀ ਉਹ ਕਿਸਾਨਾਂ ਰਾਹੀਂ ਹੀ ਆਵੇਗੀ। ਉਨ੍ਹਾਂ ਕਿਹਾ ਕਿ ਅਜਿਹਾ ਸਿਸਟਮ ਵੀ ਮੰਡੀਆਂ ਦੇ ਵਿੱਚ ਬਣਾਇਆ ਜਾ ਰਿਹਾ ਹੈ ਜਿਸ ਨਾਲ ਕਿਸਾਨਾਂ ਦੇ ਖਾਤੇ ਵਿੱਚ ਅਦਾਇਗੀ ਆਉਣ ਤੋਂ ਬਾਅਦ ਆੜ੍ਹਤੀਆਂ ਨੂੰ ਵੀ ਤੁਰੰਤ ਇਸ ਦੀ ਜਾਣਕਾਰੀ ਮਿਲ ਜਾਵੇਗੀ।
ਉਨ੍ਹਾਂ ਨੇ ਅੱਗੇ ਕਿਹਾ ਕਿ ਆੜ੍ਹਤੀਆਂ ਨੂੰ ਆੜ੍ਹਤ ਵੱਖਰੇ ਤੌਰ 'ਤੇ ਦਿੱਤੀ ਜਾਵੇਗੀ। ਇਸ ਦੇ ਨਾਲ ਹੀ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਕਿਹਾ ਕਿ ਫ਼ਸਲ ਲਈ ਅਦਾਇਗੀ 48 ਘੰਟਿਆਂ ਦੇ ਵਿੱਚ ਫ਼ਸਲ ਦਾ ਮੁੱਲ ਦਿੱਤਾ ਜਾਵੇਗਾ। ਭਾਰਤ ਭੂਸ਼ਣ ਆਸ਼ੂ ਨੇ ਇਹ ਸਾਫ ਕੀਤਾ ਕਿ ਆੜ੍ਹਤੀਆਂ ਨੂੰ ਕਮਿਸ਼ਨ ਸੂਬਾ ਸਰਕਾਰ ਦੇਵੇਗੀ ਅਤੇ ਜੋ ਐਫਸੀਆਈ ਆਪਣਾ ਅੜੀਅਲ ਰਵੱਈਆ ਵਿਖਾ ਰਹੀ ਸੀ ਉਸ ਨੂੰ ਵੀ ਪੰਜਾਬ ਦੇ ਮੁੱਖ ਮੰਤਰੀ ਨੇ ਇਹ ਸਾਫ ਕਰ ਦਿੱਤਾ ਹੈ ਕਿ ਆੜ੍ਹਤੀਆਂ ਦੀ ਆੜ੍ਹਤ ਕਿਸੇ ਵੀ ਤਰ੍ਹਾਂ ਨਹੀਂ ਰੋਕੀ ਜਾਵੇਗੀ।
ਉੱਧਰ ਦੂਜੇ ਪਾਸੇ ਆੜ੍ਹਤੀ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਵਿਜੇ ਕਾਲੜਾ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨਾਲ ਸਹਿਮਤੀ ਹੋ ਗਈ ਹੈ। ਸਰਕਾਰ ਨੇ ਉਨ੍ਹਾਂ ਦੀ ਬਕਾਇਆ ਰਾਸ਼ੀ ਜਾਰੀ ਕਰਨ ਦਾ ਅੈਲਾਨ ਕਰ ਦਿੱਤਾ ਹੈ। ਉਨ੍ਹਾਂ ਅੱਗੇ ਕਿਹਾ ਕਿ ਹੁਣ ਆੜ੍ਹਤੀਆਂ ਨੂੰ ਹੁਣ ਉਨ੍ਹਾਂ ਦੀ ਸਾਰੀ ਅਦਾਇਗੀ ਹੋਵੇਗੀ ਅਤੇ ਪੰਜਾਬ ਸਰਕਾਰ ਖੁਦ ਅਦਾਇਗੀ ਦੇਵੇਗੀ। ਉਨ੍ਹਾਂ ਕਿਹਾ ਕਿ ਪਹਿਲਾਂ ਵੀ ਉਨ੍ਹਾਂ ਨੂੰ ਪੰਜਾਬ ਦੀਆਂ ਖ਼ਰੀਦ ਏਜੰਸੀਆਂ ਕਮਿਸ਼ਨ ਦਿੰਦੀਆਂ ਸੀ ਅਤੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਉਹ ਕਮਿਸ਼ਨ ਦੇਣਗੀਆਂ। ਹਾਲਾਂਕਿ ਕਮਿਸ਼ਨ ਕਿੰਨਾ ਹੋਵੇਗਾ ਇਸ ਤੇ ਫਿਲਹਾਲ ਸਹਿਮਤੀ ਪੂਰਨ ਤੌਰ 'ਤੇ ਨਹੀਂ ਬਣ ਪਾਈ। ਪਰ ਆੜ੍ਹਤੀਆਂ ਵੱਲੋਂ ਢਾਈ ਫ਼ੀਸਦੀ ਕਮਿਸ਼ਨ ਦੀ ਡਿਮਾਂਡ ਕੀਤੀ ਸੀ ਪਰ ਸਰਕਾਰ ਦੇ ਵਿੱਚ ਇਹ ਗੱਲਬਾਤ ਚੱਲ ਰਹੀ ਹੈ।
ਇਹ ਵੀ ਪੜ੍ਹੋ: Farmers Protest on Amritsar Harike Marg: ਆੜ੍ਹਤੀਆਂ ਦੇ ਹੱਕਾਂ ਲਈ ਡੱਟੇ ਕਿਸਾਨਾਂ ਵਲੋਂ ਹਰੀਕੇ ਮਾਰਗ 'ਤੇ ਕੀਤਾ ਰੋਸ ਪ੍ਰਦਰਸ਼ਨ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904